ਪਾਵਨ ਸਰੂਪਾਂ ਦੀ ਬੇਅਦਬੀ ਸਬੰਧੀ ਅਰਦਾਸ ਉਪਰੰਤ ਅਕਾਲ ਤਖ਼ਤ ਸਾਹਿਬ 'ਤੇ ਲਗਾਏ ਖਾਲਿਸਤਾਨੀ ਨਾਅਰੇ
Saturday, Oct 17, 2020 - 01:22 AM (IST)
ਅੰਮ੍ਰਿਤਸਰ (ਅਨਜਾਣ) : ਅਕਾਲੀ ਦਲ ਅੰਮ੍ਰਿਤਸਰ (ਮਾਨ) ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਦੇ ਹੇਠਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਸਬੰਧੀ ਤੇ ਕਿਸਾਨ ਮੋਰਚੇ ਸਬੰਧੀ ਅਰਦਾਸ ਕੀਤੀ ਗਈ। ਇਸ ਉਪਰੰਤ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਕਿ 17 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਕੇ ਲੌਂਗੋਵਾਲ ਵਿਖੇ 22 ਸਤੰਬਰ ਨੂੰ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਘਰ ਅੱਗੇ ਜੋ ਧਰਨਾ ਲਗਾਇਆ ਗਿਆ ਸੀ, ਉਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕੀਤੀ ਗਈ ਹੈ ਕਿ ਗੁਰੂ ਪਾਤਸ਼ਾਹ ਆਪ ਹੀ ਕਿਸੇ ਸਿੱਖ ਦੇ ਮੂੰਹੋਂ ਸਾਰੀ ਸਚਾਈ ਕਢਵਾ ਦੇਣ ਕਿ ਪਾਵਨ ਸਰੂਪ ਕਿੱਥੇ ਨੇ। ਉਨ੍ਹਾਂ ਕਿਹਾ ਕਿ ਅੱਜ 22 ਦਿਨ ਹੋ ਗਏ ਨੇ ਲੌਂਗੋਵਾਲ ਵਿਖੇ ਮੋਰਚਾ ਲਗਾਏ ਹੋਏ, ਨਾ ਤਾਂ ਪ੍ਰਕਾਸ਼ ਸਿੰਘ ਬਾਦਲ, ਨਾ ਹੀ ਸੁਖਬੀਰ ਸਿੰਘ ਬਾਦਲ, ਨਾ ਹੀ ਬਿਕਰਮ ਸਿੰਘ ਮਜੀਠੀਆ, ਨਾ ਹੀ ਲੌਂਗੋਵਾਲ ਤੇ ਨਾ ਹੀ ਕਿਸੇ ਹੋਰ ਨੇ ਪਾਵਨ ਸਰੂਪਾਂ ਦੀ ਸੱਚਾਈ ਬਾਰੇ ਕੁਝ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਕਰਕੇ ਨਹੀਂ ਕੁਝ ਵੀ ਦੱਸ ਰਹੇ ਕਿਉਂਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਜਥੇਦਾਰ ਦੋਵੇਂ ਬਾਦਲਾਂ ਦੇ ਲਿਫ਼ਾਫ਼ੇ 'ਚੋਂ ਨਿਕਲਦੇ ਹਨ।
ਇਹ ਵੀ ਪੜ੍ਹੋ : ਅਕਾਲੀਆਂ ਦੀ ਤੂਤੀ ਬੋਲਣ ਵਾਲੇ ਮਾਲਵੇ 'ਚ ਅਕਾਲੀ ਦਲ ਨੂੰ ਲਗਦਾ ਜਾ ਰਿਹੈ ਖੋਰਾ
ਉਨ੍ਹਾਂ ਕਿਹਾ ਕਿ 24 ਅਕਤੂਬਰ ਨੂੰ ਲੌਂਗੋਵਾਲ ਵਿਖੇ ਸਾਰੀਆਂ ਪੰਥਕ ਜਥੇਬੰਦੀਆਂ ਇਕੱਠ ਕਰਕੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ, ਦੋਸ਼ੀ ਅਧਿਕਾਰੀਆਂ ਤੇ ਮੁਲਾਜ਼ਮਾ 'ਤੇ ਪਰਚੇ ਕਟਵਾਉਣ ਬਾਰੇ ਫ਼ੈਸਲਾ ਲੈਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦਰਸ਼ਨੀ ਡਿਓੜੀ ਦੇ ਦਰਵਾਜ਼ੇ ਕਾਰਸੇਵਾ ਦੇ ਨਾਮ 'ਤੇ ਕਿਤੇ ਬਾਹਰ ਨਹੀਂ ਜਾਣਗੇ। ਅੱਜ ਅਸੀਂ ਇਨ੍ਹਾਂ ਦੀ ਵਿਸ਼ੇਸ਼ ਤੌਰ 'ਤੇ ਚੈਕਿੰਗ ਕੀਤੀ ਹੈ ਕਿ ਇਹ ਕਿੱਥੇ ਨੇ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ 'ਮਾਈ ਕੰਟਰੀ ਮਾਈ ਲਾਈਫ਼' 'ਚ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਲਈ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਨਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਰਵਾਜ਼ਿਆਂ ਦੀ ਮੰਗ ਅਡਵਾਨੀ, ਮੁਰਾਰਜੀ ਦੇਸਾਈ ਤੇ ਵਾਜਪਾਈ ਕਰਦੇ ਰਹੇ ਹਨ ਪਰ ਜਥੇਬੰਦੀਆਂ ਵਲੋਂ ਵਿਰੋਧ ਕਰਕੇ ਇਹ ਦਰਵਾਜ਼ੇ ਬਾਹਰ ਨਹੀਂ ਜਾਣ ਦਿੱਤੇ ਗਏ। ਉਕਤ ਨੇਤਾਵਾਂ ਨੇ ਕਿਹਾ ਕਿ 10 ਨਵੰਬਰ ਨੂੰ ਹੁਸੈਨੀਵਾਲਾ ਬਾਰਡਰ ਵਿਖੇ ਇਕੱਠ ਕਰਕੇ ਸਰਕਾਰ ਨੂੰ ਪੁੱਛਿਆ ਜਾਵੇਗਾ ਕਿ ਜੇਕਰ ਅਡਾਨੀ, ਅਡਵਾਨੀ ਦੀਆਂ ਜਿਨਸਾਂ ਬਾਰਡਰੋਂ ਪਾਰ ਜਾ ਸਕਦੀਆਂ ਨੇ ਤਾਂ ਦੇਸ਼ ਦੇ ਅੰਨਦਾਤਾ ਕਿਸਾਨ ਦੀਆਂ ਜਿਨਸਾਂ ਬਾਹਰ ਕਿਉਂ ਨਹੀਂ ਜਾ ਸਕਦੀਆਂ।
ਇਹ ਵੀ ਪੜ੍ਹੋ : ਜਿਸ ਦੀ ਲੰਬੀ ਉਮਰ ਲਈ ਲਿਆ ਸੀ ਵਰਤ ਦਾ ਸਾਮਾਨ, ਉਸੇ ਨੇ ਸੁੱਤੀ ਪਈ ਨੂੰ ਦਿੱਤੀ ਖ਼ੌਫ਼ਨਾਕ ਮੌਤ