ਪੰਚਾਇਤੀ ਚੋਣਾਂ 2018 : ਅੰਮ੍ਰਿਤਸਰ 'ਚ ਵੋਟਰਾਂ ਨੇ ਕੀਤਾ 68 ਫ਼ੀਸਦੀ ਮਤਦਾਨ

Monday, Dec 31, 2018 - 10:30 AM (IST)

ਪੰਚਾਇਤੀ ਚੋਣਾਂ 2018 : ਅੰਮ੍ਰਿਤਸਰ 'ਚ ਵੋਟਰਾਂ ਨੇ ਕੀਤਾ 68 ਫ਼ੀਸਦੀ ਮਤਦਾਨ

ਅੰਮ੍ਰਿਤਸਰ (ਨੀਰਜ) : ਜ਼ਿਲੇ 'ਚ ਪੰਚਾਇਤੀ ਚੋਣਾਂ ਤਹਿਤ 551 ਸਰਪੰਚ ਤੇ 3225ਆਂ ਸੀਟਾਂ ਲਈ ਮਤਦਾਨ ਇੱਕਾ-ਦੁੱਕਾ ਘਟਨਾਵਾਂ ਸਮੇਤ ਸ਼ਾਂਤੀਪੂਰਵਕ ਸੰਪੰਨ ਹੋ ਗਿਆ। ਜ਼ਿਲਾ ਚੋਣ ਅਧਿਕਾਰੀ ਦੇ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲੇ ਵਿਚ 68 ਫੀਸਦੀ ਦੇ ਲਗਭਗ ਵੋਟਿੰਗ ਦਰਜ ਕੀਤੀ ਗਈ ਹੈ। ਹਾਲਤ ਇਹ ਰਹੀ ਕਿ ਦਿਹਾਤੀ ਇਲਾਕਿਆਂ ਦੇ ਵੋਟਰ ਸਵੇਰੇ 8 ਵਜੇ ਹੀ ਆਪਣੇ ਪੋਲਿੰਗ ਬੂਥਾਂ 'ਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਲਾਈਨਾਂ 'ਚ ਖੜ੍ਹੇ ਨਜ਼ਰ ਆਏ ਤੇ ਇਹ ਸਿਲਸਿਲਾ ਸ਼ਾਮ 5 ਵਜੇ ਤੱਕ ਜਾਰੀ ਰਿਹਾ। ਕੀ ਨੌਜਵਾਨ ਤੇ ਕੀ ਬਜ਼ੁਰਗ ਸਾਰੇ ਆਪਣੀ ਵੋਟ ਪਾਉਣ ਲਈ ਪ੍ਰੇਸ਼ਾਨ ਨਜ਼ਰ ਆਏ, ਇਥੋਂ ਤੱਕ ਅਪਾਹਜ ਵੋਟਰ ਵੀ ਆਪਣੇ ਸਾਕ-ਸਬੰਧੀਆਂ ਦੀ ਮਦਦ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ  ਕਰਦੇ ਨਜ਼ਰ ਆਏ। ਜਾਣਕਾਰੀ ਅਨੁਸਾਰ ਜ਼ਿਲਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ 144 ਬੂਥਾਂ ਨੂੰ ਅਤਿ-ਸੰਵੇਦਨਸ਼ੀਲ ਤੇ 228 ਬੂਥਾਂ ਨੂੰ ਸੰਵੇਦਨਸ਼ੀਲ ਐਲਾਨ ਦਿੱਤਾ ਗਿਆ ਸੀ, ਜਿਸ ਕਰ ਕੇ ਇਨ੍ਹਾਂ ਬੂਥਾਂ ਦੇ ਆਸ-ਪਾਸ ਜ਼ਿਲਾ ਪੁਲਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਵੋਟਰਾਂ ਨੇ ਬੈਲੇਟ ਪੇਪਰ ਜ਼ਰੀਏ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕੀਤਾ। 

ਬਲਾਕ ਹਰਸ਼ਾ ਛੀਨਾ ਦੇ ਪਿੰਡ ਲਦੇਹ 'ਚ ਸ਼ਰਾਰਤੀ ਅਨਸਰਾਂ ਵੱਲੋਂ ਬੈਲੇਟ ਬਾਕਸ ਖੋਹਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਦੇਖਦਿਆਂ ਜ਼ਿਲਾ ਚੋਣ ਅਧਿਕਾਰੀ ਕਮਲਦੀਪ ਸਿੰਘ ਸੰਘਾ ਵੱਲੋਂ ਉਕਤ ਪਿੰਡ ਵਿਚ ਰੀਪੋਲਿੰਗ ਦੀ ਸਿਫਾਰਸ਼ ਚੋਣ ਕਮਿਸ਼ਨ ਨੂੰ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਲਾਕ ਵੇਰਕਾ ਦੇ ਪਿੰਡ ਵਡਾਲਾ ਭਿੱਟੇਵੱਡ ਵਿਚ ਵੀ ਰੀਪੋਲਿੰਗ ਕਰਨ ਦੀ ਪ੍ਰਸ਼ਾਸਨ ਵੱਲੋਂ ਸਿਫਾਰਸ਼ ਕੀਤੀ ਗਈ ਹੈ। ਇਹ ਰੀਪੋਲਿੰਗ ਕਿਸ ਦਿਨ ਕੀਤੀ ਜਾਵੇਗੀ, ਇਸ ਦੇ ਆਦੇਸ਼ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਜਾਣਗੇ। 

ਆਪਸ 'ਚ ਟਕਰਾਏ ਕਾਂਗਰਸੀ
ਆਮ ਤੌਰ 'ਤੇ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਵੋਟਿੰਗ ਦੌਰਾਨ ਸੱਤਾਧਾਰੀ ਪਾਰਟੀ ਕਾਂਗਰਸ ਤੇ ਵਿਰੋਧੀ ਦਲਾਂ ਜਿਨ੍ਹਾਂ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਹੋਰ ਪਾਰਟੀਆਂ ਵਿਚ ਲੜਾਈ-ਝਗੜਾ ਹੋ ਸਕਦਾ ਹੈ ਪਰ ਜ਼ਿਆਦਾਤਰ ਪੰਚਾਇਤਾਂ 'ਚ ਕਈ ਸਥਾਨਾਂ 'ਤੇ ਕਾਂਗਰਸੀ ਹੀ ਆਪਸ 'ਚ ਟਕਰਾਉਂਦੇ ਨਜ਼ਰ ਆਏ। ਰਾਮ ਨਗਰ ਪੰਚਾਇਤ 'ਚ ਅਕਾਲੀਆਂ ਨੇ ਦਿੱਤਾ ਧਰਨਾ- ਮਜੀਠਾ ਰੋਡ ਸਥਿਤ ਰਾਮ ਨਗਰ ਪੰਚਾਇਤ ਲਈ ਵੋਟਿੰਗ ਦੌਰਾਨ ਕਾਂਗਰਸੀਆਂ ਤੇ ਅਕਾਲੀ ਸਮਰਥਕਾਂ 'ਚ ਜਾਅਲੀ ਵੋਟਾਂ ਨੂੰ ਲੈ ਕੇ ਟਕਰਾਅ ਹੋਣ ਦੇ ਲੱਛਣ ਬਣੇ, ਜਿਸ ਨਾਲ ਗੁੱਸਾਏ ਅਕਾਲੀ ਸਮਰਥਕਾਂ ਨੇ ਮਜੀਠਾ ਰੋਡ ਜਾਮ ਕੀਤਾ, ਜਿਸ ਨਾਲ ਕਾਫ਼ੀ ਸਮੇਂ ਤੱਕ ਵੋਟਿੰਗ ਦਾ ਕੰਮ ਪ੍ਰਭਾਵਿਤ ਰਿਹਾ। 

ਸਰਬਸੰਮਤੀ ਨਾਲ ਪਹਿਲਾਂ ਹੀ ਚੁਣੇ ਗਏ ਸਨ 309 ਸਰਪੰਚ ਤੇ 2403 ਪੰਚ
ਪੰਚਾਇਤੀ ਚੋਣਾਂ ਦੀ ਵੋਟਿੰਗ ਤੋਂ ਪਹਿਲਾਂ ਹੀ ਜ਼ਿਲੇ ਦੀਆਂ 860 ਪੰਚਾਇਤਾਂ 'ਚੋਂ 309 ਸਰਪੰਚ ਤੇ 5628 'ਚੋਂ 2403 ਮੈਂਬਰਾਂ ਨੂੰ ਸਰਬਸੰਮਤੀ ਨਾਲ ਚੁਣ ਲਿਆ ਗਿਆ ਸੀ।


author

Baljeet Kaur

Content Editor

Related News