ਅੰਮ੍ਰਿਤਸਰ ਦੀ ਲੋਕ ਸਭਾ ਸੀਟ ਰਵਾਇਤੀ ਪਾਰਟੀਆਂ ਲਈ ਬਣੀ ਟੇਢੀ ਖੀਰ

Thursday, Mar 28, 2019 - 10:21 AM (IST)

ਅੰਮ੍ਰਿਤਸਰ ਦੀ ਲੋਕ ਸਭਾ ਸੀਟ ਰਵਾਇਤੀ ਪਾਰਟੀਆਂ ਲਈ ਬਣੀ ਟੇਢੀ ਖੀਰ

ਅੰਮ੍ਰਿਤਸਰ (ਸੰਜੀਵ) : ਪੰਜਾਬ ਦੀਆਂ ਲੋਕ ਸਭਾ ਸੀਟਾਂ ਨੂੰ ਲੈ ਕੇ ਭਾਵੇਂ ਕਾਂਗਰਸ ਤੇ ਅਕਾਲੀ-ਭਾਜਪਾ ਗਠਜੋੜ ਫੂਕ-ਫੂਕ ਕੇ ਪੈਰ ਧਰ ਰਹੇ ਹਨ ਪਰ ਧਾਰਮਿਕ, ਸਿਆਸੀ ਤੇ ਸਮਾਜਿਕ ਪੱਖੋਂ ਮਹੱਤਵਪੂਰਨ ਮੰਨੀ ਜਾਂਦੀ ਅੰਮ੍ਰਿਤਸਰ ਦੀ ਸੀਟ ਸਬੰਧੀ ਦੋਵੇਂ ਪਾਰਟੀਆਂ ਆਪਣੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਕੋਈ ਕਾਹਲੀ ਜਾਂ ਰਿਸਕ ਲੈਣ ਦੇ ਮੂਡ 'ਚ ਨਹੀਂ ਹਨ।

ਛੀਨਾ ਨੂੰ ਹਰਾ ਕੇ ਜਿੱਤੇ ਸਨ ਔਜਲਾ
ਇਸ ਸੀਟ ਤੋਂ 2014 ਵਿਚ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਤੇ ਕਾਂਗਰਸ ਵਲੋਂ ਕੈਪਟਨ ਅਮਰਿੰਦਰ ਸਿੰਘ ਚੋਣ ਮੈਦਾਨ 'ਚ ਨਿੱਤਰੇ ਸਨ ਤੇ ਕੈਪਟਨ ਦੀ ਜਿੱਤ ਨੇ ਹੀ ਵਿਧਾਨ ਸਭਾ ਦੀਆਂ 2017 'ਚ ਹੋਈਆਂ ਚੋਣਾਂ ਵਿਚ ਜਿੱਤ ਦੇ ਦਰਵਾਜ਼ੇ ਖੋਲ੍ਹੇ ਸਨ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫਾ ਦੇਣ ਕਾਰਨ ਖਾਲੀ ਹੋਈ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਭਾਜਪਾ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਤਕਰੀਬਨ 2 ਲੱਖ ਤੋਂ ਵੱਧ ਵੋਟਾਂ ਨਾਲ ਹਰਾ ਕੇ ਲੋਕ ਸਭਾ ਦੀਆਂ ਪੌੜੀਆਂ ਚੜ੍ਹਨ 'ਚ ਸਫਲ ਹੋਏ। ਇਸ ਦੇ ਨਾਲ ਹੀ ਕਾਂਗਰਸ ਜ਼ਿਲੇ ਦੀਆਂ ਕੁਲ 9 ਵਿਧਾਨ ਸਭਾ ਸੀਟਾਂ 'ਚੋਂ 8 'ਤੇ ਕਾਬਜ਼ ਹੋਣ 'ਚ ਕਾਮਯਾਬ ਹੋਈ। ਕਾਂਗਰਸ ਪੱਖੀ ਹਵਾ ਹੋਣ ਦੇ ਬਾਵਜੂਦ ਮਜੀਠਾ ਵਿਧਾਨ ਸਭਾ ਹਲਕੇ ਤੋਂ ਬਿਕਰਮ ਸਿੰਘ ਮਜੀਠੀਆ ਕਾਂਗਰਸ ਨੂੰ ਪਛਾੜ ਕੇ ਵੱਡੀ ਲੀਡ ਨਾਲ ਜਿੱਤ ਦਰਜ ਕਰਨ 'ਚ ਸਫਲ ਰਹੇ। ਕਾਂਗਰਸ ਪੱਖੀ ਹਨੇਰੀ ਕਾਰਨ ਅਕਾਲੀ-ਭਾਜਪਾ ਸਰਕਾਰ ਦੇ 2 ਸਾਬਕਾ ਕੈਬਨਿਟ ਮੰਤਰੀਆਂ ਅਨਿਲ ਜੋਸ਼ੀ ਤੇ ਗੁਲਜ਼ਾਰ ਸਿੰਘ ਰਣੀਕੇ ਨੂੰ ਵੀ ਆਪਣੀਆਂ ਸੀਟਾਂ ਗੁਆਉਣੀਆਂ ਪਈਆਂ।

ਔਜਲਾ ਤੇ ਕਾਂਗਰਸੀ ਵਿਧਾਇਕਾਂ ਵਿਚਾਲੇ ਦੂਰੀਆਂ
ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਵੱਡੀ ਜਿੱਤ ਕਈ ਕਾਂਗਰਸੀ ਵਿਧਾਇਕਾਂ ਨੂੰ ਰੜਕਣ ਲੱਗੀ। ਔਜਲਾ ਇਸ ਜਿੱਤ ਦਾ ਸਿਹਰਾ ਆਪਣੀ ਮਿਹਨਤ ਨੂੰ ਦਿੰਦੇ ਰਹੇ, ਉਥੇ ਕਈ ਕਾਂਗਰਸੀ ਵਿਧਾÎਇਕਾਂ ਦਾ ਕਿਤੇ ਨਾ ਕਿਤੇ ਇਹ ਮੰਨਣਾ ਹੈ ਕਿ ਔਜਲਾ ਦੀ ਵੱਡੀ ਜਿੱਤ ਉਨ੍ਹਾਂ ਦੀ ਬਦੌਲਤ ਹੋਈ ਹੈ। ਪਿਛਲੇ 2 ਸਾਲਾਂ ਤੋਂ ਚੱਲ ਰਿਹਾ ਇਹ ਕਾਟੋ ਕਲੇਸ਼ ਔਜਲਾ ਦੀ ਟਿਕਟ ਪ੍ਰਾਪਤੀ ਵਿਚ ਸਭ ਤੋਂ ਵੱਡਾ ਅੜਿੱਕਾ ਬਣ ਕੇ ਸਾਹਮਣੇ ਆ ਰਿਹਾ ਹੈ। ਦਿਹਾਤੀ ਖੇਤਰ ਦੇ ਕਾਂਗਰਸੀ ਵਿਧਾਇਕ ਇਸ ਗੱਲ 'ਤੇ ਬਜ਼ਿੱਦ ਹਨ ਕਿ ਉਹ ਔਜਲਾ ਨੂੰ ਕਿਸੇ ਵੀ ਕੀਮਤ 'ਤੇ ਸਵੀਕਾਰ ਨਹੀਂ ਕਰਨਗੇ। ਦੂਜੇ ਪਾਸੇ ਸ਼ਹਿਰ ਦੇ 5 ਵਿਧਾਇਕ ਫਿਲਹਾਲ ਅਜੇ ਇਸ ਮਸਲੇ 'ਤੇ ਚੁੱਪ ਧਾਰੀ ਬੈਠੇ ਹਨ ਪਰ ਉਨ੍ਹਾਂ ਦੀ ਅੰਦਰੂਨੀ ਖਹਿਬਾਜ਼ੀ ਕਈ ਜਨਤਕ ਸਮਾਗਮਾਂ 'ਚ ਜਨਤਕ ਵੀ ਹੁੰਦੀ ਰਹੀ ਹੈ। ਐੱਮ. ਪੀ. ਫੰਡਾਂ ਦੀ ਵੰਡ ਵਿਚ ਵੀ ਵਿਧਾਇਕਾਂ ਦੀ ਪੁੱਛ-ਪ੍ਰਤੀਤ ਨਾ ਹੋਣ ਕਾਰਨ ਵੀ ਉਹ ਆਪਣਾ ਗੁੱਸਾ ਹਾਈਕਮਾਂਡ ਅੱਗੇ ਪ੍ਰਗਟਾ ਚੁੱਕੇ ਹਨ।

ਕੀ ਹੈ ਭਾਜਪਾ ਦੀ ਮੌਜੂਦਾ ਸਥਿਤੀ
ਲੋਕ ਸਭਾ ਹਲਕਾ ਅੰਮ੍ਰਿਤਸਰ ਸ਼ਹਿਰੀ ਤੇ ਪੇਂਡੂ ਹਲਕਿਆਂ ਦਾ ਮਿਸ਼ਰਣ ਹੋਣ ਕਾਰਨ ਦੋਵੇਂ ਪਾਰਟੀਆਂ ਹੀ ਇਕ ਧਰਮ ਨਿਰਪੱਖ ਚਿਹਰਾ ਦੇਣ ਨੂੰ ਤਵੱਜੋ ਦੇ ਰਹੀਆਂ ਹਨ, ਜੋ ਸਿੱਖ, ਹਿੰਦੂ ਤੇ ਦਲਿਤ ਭਾਈਚਾਰੇ 'ਚ ਮਕਬੂਲੀਅਤ ਰੱਖਦਾ ਹੋਵੇ। ਸੂਤਰਾਂ ਅਨੁਸਾਰ ਭਾਜਪਾ ਹਾਈਕਮਾਂਡ ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਉਮੀਦਵਾਰ ਬਣਾਉਣ 'ਤੇ ਕਈ ਪਹਿਲੂਆਂ 'ਤੇ ਵਿਚਾਰ ਕਰ ਰਹੀ ਹੈ। ਸਾਕਾਰਾਤਮਕ ਪਹਿਲੂ ਵਜੋਂ ਪੁਰੀ ਨੂੰ ਚੋਣ ਮੈਦਾਨ ਵਿਚ ਉਤਾਰਨ ਨਾਲ ਭਾਜਪਾ ਦੀ ਸਥਾਨਕ ਧੜੇਬੰਦੀ ਖਤਮ ਹੋ ਸਕਦੀ ਹੈ ਪਰ ਜੇਕਰ ਇਸ ਹਾਲਤ 'ਚ ਕਾਂਗਰਸ ਕਿਸੇ ਸਥਾਨਕ ਆਗੂ ਨੂੰ ਚੋਣ ਮੈਦਾਨ ਵਿਚ ਉਤਾਰਦੀ ਹੈ ਤਾਂ ਪੁਰੀ ਨੂੰ ਬਾਹਰੀ ਉਮੀਦਵਾਰ ਹੋਣ ਦਾ ਨੁਕਸਾਨ ਹੋ ਸਕਦਾ ਹੈ। ਇਸੇ ਤਰ੍ਹਾਂ ਇਹ ਵੀ ਵਿਚਾਰ ਹੋ ਰਿਹਾ ਹੈ ਕਿ ਜੇਕਰ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾਂਦਾ ਹੈ ਤਾਂ ਕਿਤੇ ਸਿੱਖ ਵੋਟਰਾਂ ਦੀ ਨਾਰਾਜ਼ਗੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਨਾਲ ਹੀ ਭਾਜਪਾ ਵਿਚਲੇ ਦੂਜੇ ਧੜੇ ਆਪਣੇ-ਆਪ ਨੂੰ ਨਜ਼ਰਅੰਦਾਜ਼ ਨਾ ਸਮਝਣ ਲੱਗ ਪੈਣ। ਜੇਕਰ ਭਾਜਪਾ ਹਾਈਕਮਾਂਡ ਸਾਰੇ ਧÎੜਿਆਂ ਨੂੰ ਮਨਾ ਕੇ ਜੋਸ਼ੀ ਦੇ ਪੱਖ 'ਚ ਤੋਰ ਦੇਣ ਤਾਂ ਜੋਸ਼ੀ ਇਕ ਪ੍ਰਭਾਵਸ਼ਾਲੀ ਉਮੀਦਵਾਰ ਸਿੱਧ ਹੋ ਸਕਦੇ ਹਨ। ਭਾਜਪਾ ਦੇ ਅੰਦਰੂਨੀ ਸੂਤਰਾਂ ਅਨੁਸਾਰ ਰਜਿੰਦਰ ਮੋਹਨ ਸਿੰਘ ਛੀਨਾ ਦੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੌਰਾਨ ਪਿਛਲੀਆਂ ਹਾਰਾਂ ਉਨ੍ਹਾਂ ਦੀ ਟਿਕਟ ਪ੍ਰਾਪਤੀ ਵਿਚ ਸਭ ਤੋਂ ਵੱਡਾ ਰੋੜਾ ਬਣੀਆਂ ਹੋਈਆਂ ਹਨ।

ਕਿਨ੍ਹਾਂ ਪਹਿਲੂਆਂ 'ਤੇ ਵਿਚਾਰ ਕਰ ਰਹੀ ਹੈ ਕਾਂਗਰਸ
ਜੇਕਰ ਸੱਤਾਧਾਰੀ ਕਾਂਗਰਸ ਦੀ ਗੱਲ ਕਰੀਏ ਤਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹੀ ਇਕ ਅਜਿਹਾ ਚਿਹਰਾ ਹੈ, ਜੋ ਇਸ ਸਾਰੀ ਸਥਿਤੀ ਵਿਚ ਢੁੱਕਵੇਂ ਉਮੀਦਵਾਰ ਹੋ ਸਕਦੇ ਹਨ ਪਰ ਸੂਤਰਾਂ ਅਨੁਸਾਰ ਕਾਂਗਰਸ ਦੀ ਕੇਂਦਰੀ ਹਾਈਕਮਾਂਡ ਸਿੱਧੂ ਨੂੰ ਇਕ ਹਲਕੇ ਤੱਕ ਸੀਮਤ ਨਾ ਕਰ ਕੇ ਪੂਰੇ ਦੇਸ਼ ਵਿਚ ਸਟਾਰ ਪ੍ਰਚਾਰਕ ਵਜੋਂ ਵਰਤਣਾ ਚਾਹੁੰਦੀ ਹੈ। ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਭਾਵੇਂ 2009 ਵਿਚ ਕਾਂਗਰਸੀ ਉਮੀਦਵਾਰ ਵਜੋਂ ਭਾਜਪਾ ਉਮੀਦਵਾਰ ਨੂੰ ਤਕੜੀ ਟੱਕਰ ਦਿੱਤੀ ਸੀ ਪਰ ਮੌਜੂਦਾ ਸਥਿਤੀ 'ਚ ਕੀ ਉਹ ਕੈਬਨਿਟ ਮੰਤਰੀ ਦੀ ਕੁਰਸੀ ਛੱਡ ਕੇ ਲੋਕ ਸਭਾ ਲੜਨ ਨੂੰ ਤਰਜੀਹ ਦਿੰਦੇ ਹਨ, ਇਹ ਉਨ੍ਹਾਂ ਦੀ ਮਰਜ਼ੀ 'ਤੇ ਨਿਰਭਰ ਕਰਦਾ ਹੈ। ਸੂਤਰਾਂ ਅਨੁਸਾਰ ਇਸੇ ਤਰ੍ਹਾਂ ਔਜਲਾ ਖਿਲਾਫ ਝੰਡਾ ਚੁੱਕੀ ਕੈਬਨਿਟ ਮੰਤਰੀ ਸਰਕਾਰੀਆ ਨੇ ਪਹਿਲਾਂ ਅਜਨਾਲਾ ਖੇਤਰ ਤੋਂ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਲਈ ਲਾਬਿੰਗ ਸ਼ੁਰੂ ਕੀਤੀ ਸੀ ਪਰ ਸ਼ਹਿਰੀ ਖੇਤਰ ਦੀਆਂ 5 ਸੀਟਾਂ 'ਤੇ ਅਜਨਾਲਾ ਦਾ ਆਧਾਰ ਨਾ ਹੋਣ ਕਾਰਨ ਸਰਕਾਰੀਆ ਨੇ ਇਸ ਗੱਲ ਨੂੰ ਕੋਈ ਜ਼ਿਆਦਾ ਬਲ ਨਾ ਮਿਲਦਾ ਦੇਖ ਕੇ ਇਕ ਹੋਰ ਸਿਆਸੀ ਪੱਤਾ ਖੇਡਦਿਆਂ ਮੇਅਰ ਕਰਮਜੀਤ ਸਿੰਘ ਰਿੰਟੂ, ਦਿਹਾਤੀ ਕਾਂਗਰਸ ਦੇ ਜ਼ਿਲਾ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਤੇ ਆਪਣੇ ਭਤੀਜੇ ਅਤੇ ਜ਼ਿਲਾ ਪ੍ਰੀਸ਼ਦ ਮੈਂਬਰ ਦਿਲਰਾਜ ਸਿੰਘ ਸਰਕਾਰੀਆ ਨੂੰ ਇਕ ਬਦਲ ਵਜੋਂ ਪੇਸ਼ ਕਰਨ ਲਈ ਥਾਪੀ ਦੇ ਦਿੱਤੀ ਹੈ ਪਰ ਸੂਤਰਾਂ ਮੁਤਾਬਕ ਕਾਂਗਰਸ ਹਾਈਕਮਾਂਡ ਦੀਆਂ ਨਜ਼ਰਾਂ 'ਚ ਤਿੰਨੇ ਸੰਭਾਵੀ ਉਮੀਦਵਾਰ ਔਜਲਾ ਦੇ ਮੁਕਾਬਲੇ ਕਮਜ਼ੋਰ ਸਿੱਧ ਹੋ ਸਕਦੇ ਹਨ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜੇਕਰ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਟਿਕਟ ਪ੍ਰਾਪਤੀ ਲਈ ਬਿਨੇ ਪੱਤਰ ਦੇਣ ਵਾਲੇ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਐਨ ਮੌਕੇ 'ਤੇ ਅੰਮ੍ਰਿਤਸਰ ਤੋਂ ਲੜਾ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਪਤੀ ਦਾ ਜ਼ਿਆਦਾ ਧਿਆਨ ਇਸ ਹਲਕੇ 'ਚ ਹੋਣਾ ਸੁਭਾਵਿਕ ਹੈ। ਸੂਤਰਾਂ ਅਨੁਸਾਰ ਕਾਂਗਰਸ ਅਜਿਹੀਆਂ ਸੰਭਾਵਨਾਵਾਂ 'ਤੇ ਵੀ ਵਿਚਾਰ ਕਰ ਰਹੀ ਹੈ।


author

Baljeet Kaur

Content Editor

Related News