ਅੰਮ੍ਰਿਤਸਰ-ਲਾਹੌਰ ਬੱਸ ਸਰਵਿਸ ਨੂੰ ਲੱਗੀ ਨਜ਼ਰ
Thursday, Jan 10, 2019 - 01:06 PM (IST)

ਅੰਮ੍ਰਿਤਸਰ : ਭਾਰਤ-ਪਾਕਿਸਤਾਨ ਦੀ ਆਪਸੀ ਸਾਂਝ ਨੂੰ ਮਜ਼ਬੂਤ ਬਣਾਉਣ ਲਈ ਅੰਮ੍ਰਿਤਸਰ ਤੋਂ ਲਾਹੌਰ ਅਤੇ ਸ੍ਰੀ ਨਨਕਾਣਾ ਸਾਹਿਬ ਵਿਚਾਲੇ ਸ਼ੁਰੂ ਕੀਤੀਆਂ ਗਈਆਂ 'ਦੋਸਤੀ' ਤੇ 'ਪੰਜ-ਆਬ' ਬੱਸਾਂ ਨੂੰ ਨਜ਼ਰ ਲੱਗ ਗਈ ਹੈ। ਪਾਕਿ ਸਰਕਾਰ ਦੀਆਂ ਬੇਨਿਯਮੀਆਂ ਦੇ ਚੱਲਦਿਆਂ ਧਾਰਮਿਕ ਸ਼ਹਿਰਾਂ ਸ੍ਰੀ ਨਨਕਾਣਾ ਸਾਹਿਬ ਅਤੇ ਅੰਮ੍ਰਿਤਸਰ ਵਿਚਾਲੇ ਸ਼ੁਰੂ ਕੀਤੀ ਗਈ ਬੱਸ ਸੇਵਾ ਸਿਰਫ ਪਾਕਿਸਤਾਨੀ ਸਰਹੱਦੀ ਚੌਕੀ ਵਾਹਗਾ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਇਹ ਸਿਲਸਿਲਾ ਪਿੱਛਲੇ ਤਿੰਨ ਸਾਲ ਤੋਂ ਜਾਰੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਮਾਮਲੇ ਨੂੰ ਲੈ ਕੇ ਸਰਹੱਦ ਦੇ ਦੋਵੇਂ ਪਾਸੇ ਅਮਨ ਤੇ ਭਾਈਚਾਰੇ ਦੀ ਬਹਾਲੀ ਲਈ ਜੱਦੋ-ਜਹਿਦ ਕਰ ਰਹੀਆਂ ਜਥੇਬੰਦੀਆਂ, ਸਬੰਧਿਤ ਵਿਭਾਗ ਅਤੇ ਭਾਰਤ ਸਰਕਾਰ ਵਲੋਂ ਕੋਈ ਵਿਰੋਧ ਜਾਂ ਨਾਰਾਜ਼ਗੀ ਦਰਜ ਨਹੀਂ ਕਰਾਈ ਗਈ।
ਜਾਣਕਾਰੀ ਮੁਤਾਬਕ 'ਦੋਸਤੀ' ਤੇ 'ਪੰਜ-ਆਬ' ਬੱਸਾਂ ਪਿਛਲੇ ਕਈ ਮਹੀਨਿਆਂ ਤੋਂ ਬਿਨਾਂ ਸਵਾਰੀਆਂ ਦੇ ਹੀ ਅੰਮ੍ਰਿਤਸਰ-ਲਾਹੌਰ ਵਿਚਕਾਰ ਚੱਲਦੀਆਂ ਆ ਰਹੀਆਂ ਹਨ ਜਾਂ ਬਹੁਤੀ ਵਾਰ ਇਕ ਜਾਂ ਦੋ ਯਾਤਰੂਆਂ ਨੂੰ ਲੈ ਕੇ 63 ਕਿੱਲੋਮੀਟਰ ਦਾ ਸਫਰ ਤੈਅ ਕਰ ਰਹੀਆਂ ਹਨ। ਯਾਤਰੂਆਂ ਦੀ ਗਿਣਤੀ ਨਾ-ਮਾਤਰ ਹੋਣ ਦੇ ਬਾਵਜੂਦ ਪ੍ਰੋਟੋਕਾਲ ਦਿੰਦਿਆਂ ਇਨ੍ਹਾਂ ਖਾਲੀ ਬੱਸਾਂ ਨਾਲ ਸੁਰੱਖਿਆ ਕਰਮਚਾਰੀਆਂ ਵਾਲੀ ਪਾਇਲਟ ਜਿਪਸੀ ਨਿਯਮ ਨਾਲ ਰਵਾਨਾ ਕੀਤੀ ਜਾਂਦੀ ਹੈ।
ਦੱਸਣਯੋਗ ਹੈ ਕਿ 24 ਜਨਵਰੀ 2006 ਨੂੰ ਲਾਹੌਰ-ਅੰਮ੍ਰਿਤਸਰ ਤੇ ਅੰਮ੍ਰਿਤਸਰ-ਸ੍ਰੀ ਨਨਕਾਣਾ ਸਾਹਿਬ ਬੱਸ ਸੇਵਾ ਸ਼ੁਰੂ ਕੀਤੀ ਗਈ। ਪਾਕਿਸਤਾਨ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਵਲੋਂ ਸ੍ਰੀ ਨਨਕਾਣਾ ਸਾਹਿਬ ਤੋਂ ਅੰਮ੍ਰਿਤਸਰ ਆਉਣ ਵਾਲੀ ਬੱਸ ਦਾ ਨਾਂ 'ਦੋਸਤੀ' ਤੇ ਪੰਜਾਬ ਰੋਡਵੇਜ਼ (ਭਾਰਤ) ਵਲੋਂ ਅੰਮ੍ਰਿਤਸਰ ਤੋਂ ਸ੍ਰੀ ਨਨਕਾਣਾ ਸਾਹਿਬ ਨੂੰ ਭੇਜੀ ਜਾਣ ਵਾਲੀ ਬੱਸ ਦਾ ਨਾਂ 'ਪੰਜ-ਆਬ' ਰੱਖਿਆ ਗਿਆ। ਪਾਕਿਸਤਾਨ ਵਲੋਂ ਬੁੱਧਵਾਰ ਤੇ ਸ਼ੁੱਕਰਵਾਰ ਨੂੰ ਇਹ ਬੱਸ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਅੰਮ੍ਰਿਤਸਰ ਆਉਂਦੀ ਹੈ ਅਤੇ ਇੱਧਰੋਂ ਅੰਤਰਰਾਸ਼ਟਰੀ ਬੱਸ ਟ੍ਰਮੀਨਲ ਅੰਮ੍ਰਿਤਸਰ ਤੋਂ ਇਹ ਬੱਸ ਮੰਗਲਵਾਰ ਤੇ ਸ਼ਨੀਵਾਰ ਸਵੇਰੇ 10.30 ਵਜੇ ਰਵਾਨਾ ਕੀਤੀ ਜਾਂਦੀ ਹੈ। ਪਹਿਲਾਂ-ਪਹਿਲਾਂ ਤਾਂ ਸ੍ਰੀ ਨਨਕਾਣਾ ਸਾਹਿਬ ਨੂੰ ਜਾਣ ਵਾਲੀ ਜਿਸ 'ਪੰਜ-ਆਬ' ਬੱਸ ਦੀਆਂ ਟਿਕਟਾਂ ਦੀ ਬੁਕਿੰਗ ਵੇਟਿੰਗ 'ਚ ਚੱਲਦੀ ਰਹੀ ਅਤੇ ਇਸ ਯਾਤਰਾ ਲਈ ਲੋਕਾਂ ਵਲੋਂ ਵੱਡੀ ਉਤਸੁਕਤਾ ਵਿਖਾਈ ਜਾਂਦੀ ਰਹੀ ਹੈ ਹੁਣ ਉਹ ਹੀ ਬੱਸ ਸਵਾਰੀਆਂ ਲਈ ਤਰਸ ਰਹੀ ਪ੍ਰਤੀਤ ਹੋ ਰਹੀ ਹੈ। ਬੱਸਾਂ 'ਚ ਯਾਤਰੂਆਂ ਦੀ ਘਾਟ ਦਾ ਮੁੱਖ ਕਾਰਨ ਵੀਜ਼ਾ ਸੈਂਟਰ ਦਾ ਅੰਮ੍ਰਿਤਸਰ 'ਚ ਨਾ ਹੋ ਕੇ ਦਿੱਲੀ 'ਚ ਹੋਣਾ, ਪੁਲਸ ਕਲੀਰਿੰਗ ਸਰਟੀਫਿਕੇਟ ਦਾ ਲਾਜ਼ਮੀ ਕੀਤਾ ਜਾਣਾ ਤੇ ਦੋਵਾਂ ਦੇਸ਼ਾਂ 'ਚ ਵਾਰ-ਵਾਰ ਪੈਦਾ ਹੋਣ ਵਾਲੀਆਂ ਕੁੜੱਤਣਾਂ ਸਮੇਤ ਪਾਕਿ ਸਰਕਾਰ ਦੁਆਰਾ ਇਨ੍ਹਾਂ ਬੱਸਾਂ ਨਾਲ ਦਿੱਤੀ ਜਾਣ ਵਾਲੀ ਸੁਰੱਖਿਆ ਹਟਾਉਣਾ ਸ਼ਾਮਲ ਹੈ। ਪਾਕਿ ਵਲੋਂ ਬੱਸਾਂ ਦੇ ਯਾਤਰੂਆਂ ਲਈ ਉਪਲੱਬਧ ਕਰਾਈ ਸੁਰੱਖਿਆ ਹਟਾਏ ਜਾਣ ਕਰਕੇ 'ਪੰਜ-ਆਬ' ਬੱਸ ਯਾਤਰੂਆਂ ਨੂੰ ਵਾਹਗਾ ਵਿਖੇ ਉਤਾਰ ਕੇ ਵਾਪਸ ਆ ਜਾਂਦੀ ਹੈ।