ਸ੍ਰੀ ਕਰਤਾਰਪੁਰ ਸਾਹਿਬ ਦਾ ਰਸਤਾ ਖੁੱਲਣ ਨਾਲ ਬੱਝੀ ਪਾਕਿਸਤਾਨ ਤੋਂ ‘ਨਾਨਕ’ ਦੇ ਵਾਪਸ ਆਉਣ ਦੀ ਆਸ

09/01/2019 9:55:21 AM

ਅੰਮ੍ਰਿਤਸਰ (ਸਫਰ) -  ਭਾਰਤ-ਪਾਕਿਸਤਾਨ ’ਚ ਜਿਥੇ ਜੰਮੂ-ਕਸ਼ਮੀਰ ਵਿਚ ਧਾਰਾ 370 ਹਟਾਉਣ ਤੋਂ ਬਾਅਦ ‘ਪਿਆਰ’ (ਸਮਝੌਤਾ ਐਕਸਪ੍ਰੈੱਸ ਅਤੇ ਸਦਭਾਵਨਾ ਬੱਸ) ਤੇ ‘ਵਪਾਰ’ (ਰੇਲ ਅਤੇ ਸਡ਼ਕ ਰਸਤੇ ਤੋਂ ਵਪਾਰ) ਬੰਦ ਹੋ ਚੁੱਕੇ ਹਨ, ਉਥੇ ਦੂਜੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਤੋਂ ਬਾਬਾ ਨਾਨਕ ਦੀ ਚਰਨ ਛੋਹ ਧਰਤੀ ਨੂੰ ਨਮਨ ਕਰਨ ਲਈ ਦੋਵਾਂ ਦੇਸ਼ਾਂ ’ਚ ਦਰਸ਼ਨਾਂ ਨੂੰ ਲੈ ਕੇ ਰਸਤਾ ਖੋਲ੍ਹਣ ’ਤੇ ਅੰਮ੍ਰਿਤਸਰ ਜ਼ਿਲੇ ਦੇ ਅਜਨਾਲਾ ਤਹਿਸੀਲ ਵਾਸੀ ਬੇਦੀ ਚੰਨਾ ਪਿੰਡ ਦੇ ਰਤਨ ਸਿੰਘ ਅਤੇ ਪਿਆਰੀ ਕੌਰ ਨੂੰ ਆਸ ਬੱਝੀ ਹੈ ਕਿ ਪਿਛਲੇ ਕਰੀਬ 35 ਸਾਲਾਂ ਤੋਂ ਪਾਕਿਸਤਾਨ ਦੀ ਕੋਟ ਲਖਪਤ ਜੇਲ ’ਚ ਕੈਦ ਉਨ੍ਹਾਂ ਦਾ ਪੁੱਤਰ ਨਾਨਕ ਸਿੰਘ ਉਨ੍ਹਾਂ ਨੂੰ ਮਿਲੇਗਾ। ਨਾਨਕ ਸਿੰਘ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਕਿ ਉਹ ਇਮਰਾਨ ਖਾਨ ਨੂੰ ਕਹਿਣ ਕਿ ਉਨ੍ਹਾਂ ਦਾ ਪੁੱਤਰ ਵਾਪਸ ਕਰ ਦਿਓ ਜਾਂ ਫਿਰ ਹਮਲਾ ਕਰ ਕੇ ਪਾਕਿਸਤਾਨ ਨੂੰ ਫਤਿਹ ਕਰ ਲਓ।

ਬਾਬਾ ਨਾਨਕ! ਮੇਰਾ ‘ਨਾਨਕ’ ਵਾਪਸ ਦਿਓ : ਪਿਆਰੀ ਕੌਰ

ਨਾਨਕ ਸਿੰਘ 24 ਅਗਸਤ 1984 ਨੂੰ ਬਾਰਡਰ ਦੇ ਉਸ ਪਾਰ ਪਾਕਿਸਤਾਨ ਗਲਤੀ ਨਾਲ ਚਲਾ ਗਿਆ ਸੀ, ਉਸ ਸਮੇਂ ਕੰਡਿਆਲੀਆਂ ਤਾਰਾਂ ਨਹੀਂ ਹੋਇਆ ਕਰਦੀਆਂ ਸਨ। ਕਰੀਬ 1 ਮਹੀਨੇ ਬਾਅਦ ਜਦੋਂ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਕਰੀਬ 6 ਸਾਲ ਦਾ ਨਾਨਕ ਸਿੰਘ ਪਾਕਿਸਤਾਨ ਦੇ ਕਬਜ਼ੇ ਵਿਚ ਹੈ ਤਾਂ ਪਰਿਵਾਰ ਨੇ ਬਾਰਡਰ ’ਤੇ ਪਾਕਿਸਤਾਨੀ ਫੌਜ ਦੇ ਹੁਕਮਰਾਨ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜੋ ਪਸ਼ੂ ਭਾਰਤ ਦੀ ਸੀਮਾ ’ਚ ਚਲੇ ਜਾਂਦੇ ਹਨ, ਉਹ ਵਾਪਸ ਦਿਓ ਅਤੇ ਆਪਣਾ ਨਾਨਕ ਸਿੰਘ ਲੈ ਜਾਓ। ਹਾਲਾਂਕਿ ਇਹ ਸੰਭਵ ਨਹੀਂ ਸੀ। ਹੌਲੀ-ਹੌਲੀ ਤਰੀਕਾਂ ਵਧਦੀਆਂ ਗਈਆਂ। ਪਰਿਵਾਰ ਦੀ ਆਸ ਘੱਟ ਹੁੰਦੀ ਗਈ। ਅੱਜ 35 ਸਾਲ ਹੋ ਗਏ। ਹਰ ਅਗਸਤ ਮਹੀਨੇ ’ਚ ਪਰਿਵਾਰ 24 ਤਰੀਕ ਨੂੰ ਨਾਨਕ ਸਿੰਘ ਦੇ ਜਨਮ ਦਿਨ ਦੇ ਤੌਰ ’ਤੇ ਇਸ ਲਈ ਮਨਾ ਰਿਹਾ ਹੈ ਤਾਂ ਕਿ ਇਕ ਨਾ ਇਕ ਦਿਨ ਉਨ੍ਹਾਂ ਦੇ ਪੁੱਤਰ ਨੂੰ ‘ਬਾਬਾ ਨਾਨਕ’ ਵਾਪਸ ਕਰ ਦੇਣਗੇ। ਪਿਆਰੀ ਕੌਰ ਕਹਿੰਦੀ ਹੈ ਕਿ ਮੈਂ ਆਪਣੇ ਪੁੱਤਰ ਨੂੰ ਬਹੁਤ ਪਿਆਰ ਕਰਦੀ ਹਾਂ, ਬੱਸ ਆਸ ਇਹੀ ਹੈ ਕਿ ਨਾਨਕ ਮਿਲ ਜਾਵੇ ਅਤੇ ਜ਼ਿੰਦਗੀ ਦੇ ਆਖਰੀ ਸਾਹ ਉਸ ਦੇ ਪਿਆਰ ’ਚ ਉਸ ਨੂੰ ਗਲ਼ੇ ਲਾ ਕੇ ਪੂਰੇ ਕਰ ਲਵਾਂ।

ਨਾਨਕ ਨੂੰ ਜੇਲ ’ਚ ‘ਕਾਨਕ’ ਲਿਖੇ ਜਾਣ ਤੋਂ ਰੁਕੀ ਰਿਹਾਈ : ਕੇਸ਼ਵ ਕੋਹਲੀ

2017 ਤੋਂ ਨਾਨਕ ਸਿੰਘ ਦੇ ਪਿਤਾ ਰਤਨ ਸਿੰਘ ਅਤੇ ਮਾਂ ਪਿਆਰੀ ਕੌਰ ਨਾਲ ਵਿਦਿਆਰਥੀ ਨੇਤਾ ਕੇਸ਼ਵ ਕੋਹਲੀ ਨਾਨਕ ਦੀ ਰਿਹਾਈ ਦੀ ਕਾਨੂੰਨੀ ਜੰਗ ਜਿਥੇ ਲਡ਼ ਰਹੇ ਹਨ, ਉਥੇ ਹੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਸਾਰੇ ਮਿਲੇ ਸਨ, ਜਿਨ੍ਹਾਂ ਪਾਕਿਸਤਾਨ ਸਥਿਤ ਭਾਰਤ ਦੇ ਹਾਈ ਕਮਿਸ਼ਨਰ ਨਾਲ ਗੱਲ ਕੀਤੀ ਸੀ। ਇਸ ਤੋਂ ਬਾਅਦ ਪਾਕਿਸਤਾਨ ਤੋਂ ਚਿੱਠੀ ਆਈ ਸੀ। ਕਿਹਾ ਗਿਆ ਸੀ ਕਿ ਨਾਨਕ ਦਾ ਨਾਂ ‘ਕਾਨਕ’ ਲਿਖਿਆ ਹੈ, ਜਿਸ ਕਾਰਣ ਰਿਹਾਈ ਨਹੀਂ ਹੋ ਰਹੀ। ਉਦੋਂ ਨਾਨਕ ਸਿੰਘ ਬਾਰੇ ਸਾਰੇ ਦਸਤਾਵੇਜ਼ ਪਾਕਿਸਤਾਨ ਨੇ ਮੰਗਵਾਏ ਗਏ ਸਨ। ਹੁਣ ਸੁਸ਼ਮਾ ਸਵਰਾਜ ਵੀ ਨਹੀਂ ਰਹੀ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਪਰਿਵਾਰ ਨੇ ਬੇਨਤੀ ਕੀਤੀ ਹੈ ਕਿ ਉਹ ਪਾਕਿਸਤਾਨ ਦੇ ਪੀ. ਐੱਮ. ਇਮਰਾਨ ਖਾਨ ਨਾਲ ਉਨ੍ਹਾਂ ਦਾ ‘ਨਾਨਕ’ ਮੰਗ ਲੈਣ ਜਾਂ ਫਿਰ ਪਾਕਿਸਤਾਨ ’ਤੇ ਹੀ ਕਬਜ਼ਾ ਕਰ ਲੈੈਣ ਤਾਂ ਕਿ ਅਸੀਂ ਆਪਣੇ ਨਾਨਕ ਨੂੰ ਮਿਲ ਸਕੀਏ। ਹੁਣ ਪੀ. ਐੱਮ. ਨੂੰ ਚਿੱਠੀ ਲਿਖ ਕੇ ਇਸ ਪਰਿਵਾਰ ਨੂੰ ਆਸ ਬੱਝੀ ਹੈ ਕਿ ‘ਨਾਨਕ’ ਦੀ ਭਾਰਤ ਵਾਪਸੀ ‘ਮੋਦੀ ਸਾਹਿਬ’ ਕਰਵਾ ਦੇਣਗੇ।


Baljeet Kaur

Content Editor

Related News