...ਜਦੋਂ ਸਾਕੇ ਦੇ ਦੁੱਖ 'ਚ ਡਾ. ਟੈਗੋਰ ਨੇ ਵਾਪਸ ਕੀਤੀ ਉਪਾਧੀ
Saturday, Apr 13, 2019 - 11:36 AM (IST)

ਅੰਮ੍ਰਿਤਸਰ : 30 ਮਈ 1919 ਨੂੰ ਰਬਿੰਦਰਨਾਥ ਟੈਗੋਰ ਨੇ ਬਰਤਾਨਵੀ ਸਰਕਾਰ ਦੀ 'ਨਾਈਟਹੁੱਡ' ਦੀ ਉਪਾਧੀ ਵਾਪਸ ਕਰ ਦਿੱਤੀ ਸੀ। ਇਹ ਜਲ੍ਹਿਆਂਵਾਲੇ ਬਾਗ ਦੇ ਸਾਕੇ ਤੋਂ ਬਾਅਦ ਬਰਤਾਨਵੀ ਸਰਕਾਰ ਖ਼ਿਲਾਫ ਰੋਸ ਸੀ ਅਤੇ ਉਪਾਧੀ ਵਾਪਸ ਕਰਦਿਆਂ ਗੁਰੂਦੇਵ ਨੇ ਜੋ ਚਿੱਠੀ ਲਿਖੀ ਸੀ, ਉਹ ਇੰਝ ਸੀ-
ਹਜ਼ੂਰ !
ਪੰਜਾਬ 'ਚ ਸਰਕਾਰ ਵਲੋਂ ਕੁਝ ਸਥਾਨਕ ਗੜਬੜੀ 'ਤੇ ਕਾਬੂ ਪਾਉਣ ਲਈ ਚੁੱਕੇ ਗਏ ਸਖਤ ਕਦਮਾਂ ਦੀ ਹੈਵਾਨੀਅਤ ਨੇ ਗਹਿਰੇ ਸਦਮੇ ਨਾਲ ਸਾਡੇ ਮਨਾਂ 'ਚ ਭਾਰਤ ਵਿਚ ਬਰਤਾਨਵੀ ਨਾਗਰਿਕਾਂ ਦੇ ਤੌਰ 'ਤੇ ਸਾਡੀ ਸਥਿਤੀ ਦੀ ਬੇਵਸੀ ਨੂੰ ਜ਼ਾਹਿਰ ਕੀਤਾ ਹੈ। ਕੁਝ ਤਾਜ਼ਾ ਅਤੇ ਦੂਰ ਦੇ ਪ੍ਰਤੱਖ ਅਪਵਾਦਾਂ ਨੂੰ ਛੱਡ ਕੇ, ਬਦਕਿਸਮਤ ਲੋਕਾਂ ਉੱਪਰ ਥੋਪੀ ਗਈ ਸਜ਼ਾ ਦਾ ਬੇਮੇਲ ਕਹਿਰ ਅਤੇ ਇਸ ਨੂੰ ਲਾਗੂ ਕਰਨ ਦੇ ਢੰਗ ਨੇ ਸਾਨੂੰ ਯਕੀਨ ਕਰਾ ਦਿੱਤਾ ਹੈ ਕਿ ਸੱਭਿਅਕ ਸਰਕਾਰਾਂ ਦੇ ਇਤਿਹਾਸ ਵਿਚ ਕੋਈ ਅਜਿਹੀ ਮਿਸਾਲ ਨਹੀਂ ਮਿਲਦੀ। ਇਹ ਵੇਖਦਿਆਂ ਕਿ ਨਿਹੱਥੇ, ਬੇਸਹਾਰਾ ਭਾਵ ਸਾਧਣਹੀਣ ਲੋਕਾਂ ਨਾਲ ਅਜਿਹਾ ਵਰਤਾਓ ਇਕ ਅਜਿਹੀ ਸ਼ਕਤੀ ਦੁਆਰਾ ਕੀਤਾ ਗਿਆ, ਜਿਸ ਕੋਲ ਮਨੁੱਖੀ ਜ਼ਿੰਦਗੀਆਂ ਨੂੰ ਤਬਾਹ ਕਰਨ ਲਈ ਭਿਆਨਕ ਕੁਸ਼ਲ ਪ੍ਰਬੰਧ ਹੈ। ਸਾਨੂੰ ਇਹ ਦਾਅਵੇ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਨਾ ਤਾਂ ਸਿਆਸੀ ਸਿਆਣਪ ਹੈ ਅਤੇ ਨਾ ਹੀ ਸਦਾਚਾਰਕ ਢੰਗ ਦਾ ਨਿਆਂਪੂਰਨ ਵਰਤਾਰਾ ਹੈ। ਪੰਜਾਬ ਵਿਚ ਸਾਡੇ ਭਰਾਵਾਂ ਨੇ ਜੋ ਅਪਮਾਨ ਸਹਿਆ ਅਤੇ ਤਸ਼ੱਦਦ ਭੋਗੇ, ਉਸ ਬਾਰੇ ਜ਼ੁਬਾਨਬੰਦੀ ਦੇ ਬਾਵਜੂਦ ਕਨਸੋਆਂ ਭਾਰਤ ਦੇ ਹਰੇਕ ਕੋਨੇ 'ਚ ਪੁੱਜ ਗਈਆਂ ਅਤੇ ਸਾਡੇ ਲੋਕਾਂ ਦੇ ਦਿਲਾਂ 'ਚ ਵਿਰੋਧ ਦਾ ਸੰਤਾਪ ਉੱਭਰਿਆ, ਜਿਸ ਨੂੰ ਹੁਕਮਰਾਨਾਂ ਨੇ ਅੱਖੋਂ ਪਰੋਖੇ ਕੀਤਾ ਹੈ।
ਹੋ ਸਕਦਾ ਹੈ ਉਨ੍ਹਾਂ ਨੇ ਇਸ ਕਾਰਜ ਨੂੰ ਵਧੀਆ ਸਬਕ ਸਿਖਾਉਣਾ ਸਮਝ ਕੇ ਇਕ-ਦੂਜੇ ਨੂੰ ਵਧਾਈਆਂ ਵੀ ਦਿੱਤੀਆਂ ਹੋਣ। ਇਸ ਕਠੋਰਤਾ ਦੀ ਬਹੁਤੇ ਐਂਗਲੋ-ਇੰਡੀਅਨ ਅਖ਼ਬਾਰਾਂ ਦੁਆਰਾ ਸ਼ਲਾਘਾ ਕੀਤੀ ਗਈ ਹੈ। ਉਨ੍ਹਾਂ 'ਚੋਂ ਕਈਆਂ ਨੇ ਸਾਡੇ ਦੁੱਖੜਿਆਂ ਦਾ ਮਖੌਲ ਵੀ ਉਡਾਇਆ ਅਤੇ ਅਜਿਹਾ ਕਰਨ 'ਤੇ ਓਥੇ ਦੀ ਹਕੂਮਤ ਨੇ ਉਨ੍ਹਾਂ 'ਤੇ ਰਤਾ ਰੋਕ ਨਾ ਲਾਈ। ਜਿਸ ਹਕੂਮਤ ਦਾ ਦਾਅਵਾ ਹੈ ਕਿ ਉਹ ਪੀੜਤਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਦਰਦ ਦੀ ਹਰ ਚੀਕ ਅਤੇ ਨਿਰਣੇ ਪ੍ਰਤੀ ਸੰਵੇਦਨਸ਼ੀਲ ਹੈ। ਇਹ ਜਾਣਦਿਆਂ ਕਿ ਸਾਡੀਆਂ ਅਪੀਲਾਂ ਵਿਅਰਥ ਰਹੀਆਂ ਹਨ ਅਤੇ ਬਦਲੇ ਦੀ ਲਾਲਸਾ ਨੇ ਸਰਕਾਰ ਨੂੰ ਅੰਨ੍ਹਾ ਬਣਾ ਦਿੱਤਾ ਹੈ, ਉਸਨੇ ਸਾਰੀਆਂ ਰਾਜਨੀਤਿਕ ਸ਼੍ਰੇਸ਼ਠਤਾਵਾਂ ਨੂੰ ਤਾਕ 'ਤੇ ਰੱਖ ਦਿੱਤਾ ਹੈ। ਜਿਹੜੀ ਸਰਕਾਰ ਬੜੀ ਆਸਾਨੀ ਨਾਲ ਇਸ ਦੀ ਪਦਾਰਥਕ ਅਤੇ ਨੈਤਿਕ ਪ੍ਰੰਪਰਾ ਦੇ ਅਨੁਕੂਲ ਉਦਾਰਚਿਤ ਹੋ ਸਕਦੀ ਸੀ। ਮੈਂ ਆਪਣੇ ਦੇਸ਼ ਲਈ ਘੱਟੋ-ਘੱਟ ਜੋ ਕਰ ਸਕਦਾ ਹਾਂ, ਉਹ ਹੈ ਮੇਰੇ ਲੱਖਾਂ ਦੇਸ਼ਵਾਸੀਆਂ, ਜਿਨ੍ਹਾਂ ਨੂੰ ਦਹਿਸ਼ਤ ਦੇ ਗੂੰਗੇ ਸੰਤਾਪ ਦੀ ਹੈਰਾਨੀ ਵਿਚ ਧੱਕ ਦਿੱਤਾ ਗਿਆ ਹੈ, ਦੇ ਰੋਸ ਨੂੰ ਆਵਾਜ਼ ਦਿੰਦਿਆਂ, ਇਸ ਵਿਚੋਂ ਨਿਕਲਣ ਵਾਲੇ ਸਿੱਟਿਆਂ ਨੂੰ ਆਪਣੇ ਉੱਪਰ ਲੈ ਲਵਾਂ। ਜਦੋਂ ਸਨਮਾਨ ਚਿੰਨ੍ਹ ਬੇਇੱਜ਼ਤੀ ਦੇ ਆਪਣੇ ਪ੍ਰਸੰਗ ਵਿਚ ਸਾਡੀ ਗੈਰਤ ਨੂੰ ਉਘਾੜਦੇ ਹਨ ਤਾਂ ਮੈਂ ਆਪਣੇ ਵੱਲੋਂ ਇਨ੍ਹਾਂ ਸਾਰੇ ਵਿਸ਼ੇਸ਼ ਨਿਆਰੇਪੁਣੇ ਤੋਂ ਮੁਕਤ ਹੋ ਕੇ ਉਨ੍ਹਾਂ ਦੇਸ਼ਵਾਸੀਆਂ ਨਾਲ ਖੜ੍ਹਨਾ ਚਾਹੁੰਦਾ ਹਾਂ, ਜਿਹੜੇ ਆਪਣੀ ਤਥਾਕਥਿੱਤ ਤੁੱਛਤਾ ਲਈ ਅਜਿਹੀ ਜਿੱਲਤ ਝੱਲਣ ਲਈ ਮਜਬੂਰ ਹਨ, ਜੋ ਮਨੁੱਖੀ ਪ੍ਰਾਣੀਆਂ ਦੇ ਕਾਬਲ ਨਹੀਂ।
ਇਹੀ ਕਾਰਨ ਹੈ ਜਿਨ੍ਹਾਂ ਨੇ ਮੈਨੂੰ ਦਰਦਮਈ ਢੰਗ ਨਾਲ ਹਜ਼ੂਰ ਨੂੰ ਉਚਿਤ ਸਤਿਕਾਰ ਅਤੇ ਅਫਸੋਸ ਸਮੇਤ, ਇਹ ਕਹਿਣ ਲਈ ਮਜਬੂਰ ਕੀਤਾ ਹੈ ਕਿ ਮੈਨੂੰ 'ਨਾਈਟਹੁੱਡ' ਦੀ ਉਪਾਧੀ ਤੋਂ ਮੁਕਤ ਕੀਤਾ ਜਾਵੇ, ਜਿਹੜਾ ਮੈਨੂੰ ਹਜ਼ੂਰ ਬਾਦਸ਼ਾਹ ਵੱਲੋਂ ਤੁਹਾਡੇ ਪੂਰਵੀ-ਪਦ ਅਧਿਕਾਰੀ ਹੱਥੋਂ ਪ੍ਰਾਪਤ ਕਰਨ ਦਾ ਮਾਣ ਹਾਸਿਲ ਹੋਇਆ ਸੀ, ਜਿਸ ਦੀ ਮੈਂ ਅੱਜ ਵੀ ਬੇਹੱਦ ਸ਼ਲਾਘਾ ਕਰਦਾ ਹਾਂ।