ਵਿਰਾਸਤੀ ਬੁੱਤਾਂ ਨੂੰ ਤੋੜਨ ਵਾਲੇ 8 ਮੁਲਜ਼ਮ ਭੇਜੇ ਜੇਲ

01/17/2020 10:35:33 AM

ਅੰਮ੍ਰਿਤਸਰ (ਸੰਜੀਵ) : ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ‘ਤੇ ਲੱਗੇ ਵਿਰਾਸਤੀ ਬੁੱਤਾਂ ਨੂੰ ਤੋੜਨ ਅਤੇ ਪੁਲਸ ਪਾਰਟੀ ‘ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ 8 ਸਿੱਖ ਨੌਜਵਾਨਾਂ ਨੂੰ ਵੀਰਵਾਰ ਅਦਾਲਤ ਦੇ ਨਿਰਦੇਸ਼ਾਂ ‘ਤੇ ਕੇਂਦਰੀ ਜੇਲ ਭੇਜ ਦਿੱਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਦੇ 9ਵੇਂ ਸਾਥੀ ਅੰਮ੍ਰਿਤਪਾਲ ਸਿੰਘ ਵਾਸੀ ਮੇਹਰੋ ਦੀ ਫਿਲਹਾਲ ਗ੍ਰਿਫਤਾਰੀ ਨਹੀਂ ਹੋ ਸਕੀ, ਜਦਕਿ ਪੁਲਸ ਛੇਤੀ ਉਸ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੀ ਹੈ।

ਇਥੇ ਦੱਸ ਦੇਈਏ ਕਿ ਮੰਗਲਵਾਰ ਦੀ ਅੱਧੀ ਰਾਤ ਡੇਢ ਵਜੇ ਦੇ ਕਰੀਬ 9 ਸਿੱਖ ਨੌਜਵਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਰਸਤੇ ‘ਤੇ ਆਏ ਤੇ ਉਥੇ ਲੱਗੇ ਭੰਗੜੇ ਅਤੇ ਗਿੱਧੇ ਨੂੰ ਦਰਸਾਉਂਦੇ ਬੁੱਤਾਂ ਦੇ ਥੜਿ੍ਹਆਂ ਨੂੰ ਤੋੜਨ ਲੱਗੇ। ਮੌਕੇ ‘ਤੇ ਮੌਜੂਦ ਕਿਊ. ਆਰ. ਟੀ. ਟੀਮ ਦੇ ਇੰਚਾਰਜ ਏ. ਐੱਸ. ਆਈ. ਰਾਮ ਸਿੰਘ ਨੇ ਜਦੋਂ ਪੁਲਸ ਪਾਰਟੀ ਨਾਲ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਸ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਥਾਣਾ ਕੋਤਵਾਲੀ ਦੀ ਪੁਲਸ ਨੇ ਮਨਿੰਦਰ ਸਿੰਘ ਮਣੀ ਵਾਸੀ ਢਾਹਾਂ ਨੂਰਪੁਰ ਬੇਦੀ, ਅਮਰਜੀਤ ਸਿੰਘ ਵਾਸੀ ਭਾਈ ਮੰਝ ਸਿੰਘ ਰੋਡ, ਰਣਜੀਤ ਸਿੰਘ ਵਾਸੀ ਸੋਹਲ ਝਬਾਲ, ਹਰਵਿੰਦਰ ਸਿੰਘ ਵਾਸੀ ਟਿੱਬਾ ਟਪਰੀਆ, ਗੁਰਸੇਵ ਸਿੰਘ ਵਾਸੀ ਹਸਨਪੁਰ ਖੁਰਦ ਬਟਾਲਾ, ਰਵਿੰਦਰ ਸਿੰਘ ਘਮੌਰ ਬਲਾਚੌਰ, ਰਾਜਬੀਰ ਸਿੰਘ ਵਾਸੀ ਸੁਲਤਾਨਵਿੰਡ ਰੋਡ, ਹਰਕੁੰਵਰ ਸਿੰਘ ਵਾਸੀ ਮੋਹਨੀ ਪਾਰਕ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਮੇਹਰੋ ‘ਤੇ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਕੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ।

ਥਾਣਾ ਕੋਤਵਾਲੀ ਦੇ ਇੰਚਾਰਜ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਸਾਰੇ ਮੁਲਜ਼ਮਾਂ ਨੂੰ ਅੱਜ ਰਿਮਾਂਡ ਖਤਮ ਹੋਣ ‘ਤੇ ਅਦਾਲਤ ਦੇ ਨਿਰਦੇਸ਼ਾਂ ‘ਤੇ ਜੇਲ ਭੇਜ ਦਿੱਤਾ ਗਿਆ ਹੈ, ਬਹੁਤ ਛੇਤੀ ਇਨ੍ਹਾਂ ਦੇ ਫਰਾਰ ਚੱਲ ਰਹੇ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।


Baljeet Kaur

Content Editor

Related News