ਸ੍ਰੀ ਹਰਿਮੰਦਰ ਸਾਹਿਬ 'ਚੋਂ ਅਗਵਾ ਬੱਚੇ ਦੀ ਉੱਘ-ਸੁੱਘ ਨਹੀਂ

06/10/2019 2:34:43 PM

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ 'ਚੋ ਬੱਚੇ ਅਗਵਾ ਕਰਨ ਦੀਆਂ ਵਾਪਰੀਆਂ ਘਟਨਾਵਾਂ ਦਾ ਸ਼ਰਧਾਲੂਆਂ 'ਤੇ ਮਾੜਾ ਅਸਰ ਪੈ ਰਿਹਾ ਹੈ ਤੇ ਪ੍ਰਬੰਧਕਾਂ ਲਈ ਵੀ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਬੀਤੇ ਵੀਰਵਾਰ ਨੂੰ ਸ੍ਰੀ ਦਰਬਾਰ ਸਾਹਿਬ 'ਚੋਂ 8 ਮਹੀਨਿਆਂ ਦੇ ਬੱਚੇ ਆਦਿਤਿਆ ਨੂੰ ਅਣਪਛਾਤੀ ਔਰਤ ਅਗਵਾ ਕਰਕੇ ਲੈ ਗਈ ਸੀ, ਜਿਸ ਬਾਰੇ ਹੁਣ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪ੍ਰਵਾਸੀ ਮਹਿਲਾ ਪੂਜਾ ਦੇਵੀ ਆਪਣੇ ਪਤਨੀ ਨਾਲ ਝਗੜੇ ਮਗਰੋਂ ਪਿੱਛਲੇ 15 ਦਿਨਾਂ ਤੋਂ ਇਥੇ ਗੁਰੂ ਰਾਮਦਾਸ ਨਿਵਾਸ ਵਿਖੇ ਰਹਿ ਰਹੀ ਸੀ। ਇਸ ਦੌਰਾਨ ਇਥੇ ਉਸ ਦੀ ਇਕ ਹੋਰ ਮਹਿਲਾ ਨਾਲ ਨੇੜਤਾ ਹੋ ਗਈ। ਬੁੱਧਵਾਰ ਰਾਤ ਨੂੰ ਇਹ ਮਹਿਲਾ ਵੀ ਪੂਜਾ ਨਾਲ ਹੀ ਸੌਂ ਗਈ ਸੀ। ਵੀਰਵਾਰ ਸਵੇਰੇ ਲਗਭਗ 4 ਵਜੇ ਜਦੋਂ ਉਹ ਉਠੀ ਤਾਂ ਉਸ ਦਾ ਬੱਚਾ ਆਦਿਤਿਆ ਲਾਪਤਾ ਸੀ। ਇਥੇ ਲੱਗੇ ਸੀਸੀਟੀਵੀ ਕੈਮਰਿਆਂ ਜੀ ਫੁਟੇਜ ਤੋਂ ਪਤਾ ਲੱਗਿਆ ਕਿ ਬੱਚੇ ਨੂੰ ਇਕ ਮਹਿਲਾ ਚੁੱਕ ਲੈ ਗਈ ਹੈ। ਪੁਲਸ ਨੇ ਇਸ ਮਾਮਲੇ 'ਚ ਕੇਸ ਦਰਜ ਕੀਤਾ ਪਰ ਹੁਣ ਤੱਕ ਬੱਚਾ ਲਿਜਾਣ ਵਾਲੀ ਮਹਿਲਾ ਦੀ ਸ਼ਨਾਖਤ ਨਹੀਂ ਹੋ ਸਕੀ ਹੈ। 

ਪੁਲਸ ਦੇ ਵਧੀਕ ਡਿਪਟੀ ਕਮਿਸ਼ਨਰ ਜੇ.ਐੱਸ. ਵਾਲੀਆ ਨੇ ਦੱਸਿਆ ਕਿ ਪੁਲਸ ਵਲੋਂ ਮੁਲਜ਼ਮ ਮਹਿਲਾ ਦੀ ਭਾਲ ਲਈ ਸਭ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਅਗਵਾ ਪਿੱਛੇ ਕਾਰਨਾਂ ਦਾ ਵੀ ਪਤਾ ਲਾਇਆ ਦਾ ਰਿਹਾ ਹੈ ਪਰ ਹੁਣ ਤਕ ਮਾਮਲੇ 'ਚ ਕੋਈ ਸਫਲਤਾ ਹੱਥ ਨਹੀਂ ਲੱਗੀ ਹੈ। ਉਨ੍ਹਾਂ ਕਿਹਾ ਕਿ ਇਹ ਤੇ ਇਸ ਤੋਂ ਪਹਿਲਾਂ ਵਾਪਰੀਆਂ ਅਜਿਹੀਆਂ ਘਟਨਾਵਾਂ 'ਚ ਬੱਚਾ ਅਗਵਾ ਕਰਨ ਵਾਲੇ ਗਿਰੋਹ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਕਈ ਅਜਿਹੀਆਂ ਔਰਤਾਂ, ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ, ਉਹ ਧਾਰਮਿਕ ਅਸਥਾਨ ਤੋਂ ਬੱਚਾ ਚੁੱਕ ਸਕਦੀਆਂ ਹਨ। 

ਇਸ ਸਬੰਧੀ ਗੱਲਬਾਤ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਕਿਹਾ ਕਿ ਅਜਿਹੇ ਮਾਮਲੇ 'ਚ ਚਿੰਤਾ ਦਾ ਨਿਸ਼ਾ ਹਨ ਤੇ ਉਹ ਅਜਿਹੀਆਂ ਘਟਨਾਵਾਂ ਰੋਕਣ ਲਈ ਸੁਹਿਰਦਤਾ ਨਾਲ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਿਗਰਾਨੀ ਵਾਸਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਪਰ ਗੁਰੂ ਘਰ ਆ ਕੇ ਰਹਿਣ ਵਾਲੇ ਅਪਰਾਧੀ ਬਿਰਤੀ ਦੇ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਬਹੁਤ ਔਖਾ ਹੋਇਆ ਪਿਆ ਹੈ। ਜੇਕਰ ਅਜਿਹੇ ਲੋਕਾਂ ਨੂੰ ਪ੍ਰਬੰਧਕਾਂ ਵਲੋਂ ਜਬਰੀ ਬਾਹਰ ਕੀਤਾ ਜਾਂਦਾ ਹੈ ਤਾਂ ਪ੍ਰਬੰਧਕਾਂ 'ਤੇ ਉਂਗਲ ਚੁੱਕੀ ਜਾਂਦੀ ਹੈ ਕਿ ਉਹ ਸ਼ਰਧਾਲੂਆਂ ਨਾਲ ਦੁਰਵਿਹਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਡੂੰਘੀ ਵਿਚਾਰ ਦਾ ਵਿਸ਼ਾ ਹੈ ਤੇ ਉਹ ਇਸ ਸਬੰਧੀ 'ਚ ਮਾਹਿਰਾਂ ਕੋਲ ਵੀ ਸਝਾਅ ਲੈ ਰਹੇ ਹਨ ਤਾਂ ਜੋ ਗੁਰੂ ਘਰ 'ਚ ਵਾਪਰਦੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।


Baljeet Kaur

Content Editor

Related News