ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, 'ਗੋਲਡ ਕਮੇਟੀ' ਨੂੰ ਲੈ ਕੇ ਚੱਲੀਆਂ ਕਿਰਪਾਨਾਂ, ਹੋਈ ਫਾਇਰਿੰਗ
Tuesday, Oct 26, 2021 - 04:30 PM (IST)
ਅੰਮ੍ਰਿਤਸਰ (ਅਨਜਾਣ) - ਅੰਮ੍ਰਿਤਸਰ ਦੀ ਸੁਲਤਾਨਵਿੰਡ ਪੁਰਾਣੀ ਚੁੰਗੀ ਦੇ ਬਜ਼ਾਰ ਗਲੀ ਨੰਬਰ-1 ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੀੜ੍ਹਤ ਮਨਜਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਆਪਣੇ ਗੁਆਂਢੀ ਨਾਲ ਸੋਨੇ ਦੇ ਲੈਣ ਦੇਣ ਦਾ ਝਗੜਾ ਚੱਲ ਰਿਹਾ ਸੀ। ਅਸੀਂ ਉਨ੍ਹਾਂ ਨਾਲ ਸੋਨੇ ਦੀ ਕਮੇਟੀ ਪਾਈ ਸੀ ਅਤੇ ਮੇਰਾ ਗੁਆਂਢੀ ਵੱਲ 35 ਗ੍ਰਾਮ ਸੋਨਾ ਨਿਕਲਦਾ ਸੀ। ਜਦ ਮੈਂ ਉਸ ਨੂੰ ਬਣਦਾ ਸੋਨਾ ਦੇਣ ਲਈ ਕਿਹਾ ਤਾਂ ਉਸਨੇ ਮੇਰੇ ਵੱਲ 100 ਗ੍ਰਾਮ ਸੋਨਾ ਕੱਢਦਿਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦਾਇਕ ਖ਼ਬਰ : 5 ਅਤੇ 8 ਸਾਲਾਂ ਦੇ ਮਾਸੂਮ ਬੱਚਿਆਂ ਨੂੰ ਮਾਂ ਨੇ ਦਿੱਤਾ ਜ਼ਹਿਰ, ਫਿਰ ਆਪ ਵੀ ਕੀਤੀ ਖ਼ੁਦਕੁਸ਼ੀ
ਉਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ ਮੇਰਾ ਗੁਆਂਢੀ ਆਪਣੇ ਪੁੱਤਰ ਸਣੇ 20-25 ਅਣਪਛਾਤੇ ਬੰਦਿਆਂ ਨਾਲ ਮੇਰੇ ਘਰ ਆ ਗਿਆ। ਉਨ੍ਹਾਂ ਨੇ ਮੇਰੇ ਘਰ ‘ਤੇ ਕ੍ਰਿਪਾਨਾਂ, ਦਾਤਰੀਆਂ ਤੇ ਇੱਟਾਂ ਵੱਟਿਆਂ ਨਾਲ ਹਮਲਾ ਕਰ ਦਿੱਤਾ। ਹਮਲੇ ਕਾਰਨ ਮੇਰੀ ਕਾਰ ਦੇ ਸ਼ੀਸ਼ੇ, ਘਰ ਦੀਆਂ ਬਾਰੀਆਂ ਦੇ ਸ਼ੀਸ਼ੇ ਟੁੱਟ ਗਏ। ਘਰ ਵਿੱਚ ਵੀ ਇੱਟਾਂ ਵੱਟੇ ਮਾਰੇ। ਮਨਜਿੰਦਰ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੇ ਉਸਦੀ ਬਾਂਹ, ਸਾਰੇ ਸਰੀਰ ’ਤੇ ਦਾਤਰੀਆਂ ਅਤੇ ਕ੍ਰਿਪਾਨਾਂ ਨਾਲ ਹਮਲੇ ਕਰ ਦਿੱਤੇ। ਉਸ ਦੇ ਨਾਲ-ਨਾਲ ਸਤਵਿੰਦਰ ਸਿੰਘ, ਅਮਨਦੀਪ ਸਿੰਘ ਤੇ ਮਨਦੀਪ ਸਿੰਘ ਦੇ ਵੀ ਕਾਫ਼ੀ ਗੰਭੀਰ ਸੱਟਾਂ ਲੱਗੀਆਂ, ਜੋ ਉਨ੍ਹਾਂ ਨੇ ਪ੍ਰੈਸ ਨੂੰ ਦਿਖਾਈਆਂ।
ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼
ਉਨ੍ਹਾਂ ਨੇ ਕਿਹਾ ਕਿ ਜਦ ਉਹ ਥਾਣਾ ਬੀ ਡਵੀਜ਼ਨ ਰੀਪੋਰਟ ਲਿਖਾਉਣ ਗਏ ਤਾਂ ਉਨ੍ਹਾਂ ਸਿਵਲ ਹਸਪਤਾਲ ਤੋਂ ਡਾਕਟਰੀ ਕਰਵਾਉਣ ਲਈ ਕਿਹਾ। ਹਸਪਤਾਲ ਪਹੁੰਚਣ ‘ਤੇ ਦੁਬਾਰਾ ਫਿਰ ਮੇਰੇ ਗੁਆਂਢੀ ਨੇ ਰਿਵਾਲਵਰ ਨਾਲ ਮੇਰੇ ’ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ। ਉਥੇ ਮੌਜੂਦ ਤਿੰਨ ਪੁਲਸ ਵਾਲਿਆਂ ਨੇ ਬੜੀ ਬਹਾਦਰੀ ਨਾਲ ਮੈਨੂੰ ਉਨ੍ਹਾਂ ਤੋਂ ਬਚਾਇਆ। ਉਨ੍ਹਾਂ ਆਪਣੇ ਘਰ ‘ਚ ਡੁੱਲ੍ਹੇ ਖੂਨ ਦੇ ਨਿਸ਼ਾਨ ਦਿਖਾਉਂਦਿਆਂ ਕਿਹਾ ਕਿ ਮੇਰੇ ਗਵਾਂਢੀ ਵੱਲੋਂ ਮੈਨੂੰ ਅਤੇ ਮੇਰੇ ਪ੍ਰੀਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ:10 ਮਹੀਨੇ ਪਹਿਲਾਂ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਖ਼ਬਰ ਸੁਣ ਧਾਹਾਂ ਮਾਰ ਰੋਈ ਮਾਂ(ਤਸਵੀਰਾਂ)
ਉਸਨੇ ਪ੍ਰਸ਼ਾਸਨ ਨੂੰ ਦੋਸ਼ੀਆਂ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕਰਦਿਆਂ ਆਪਣੀ ਅਤੇ ਆਪਣੇ ਪ੍ਰੀਵਾਰ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਗੁਹਾਰ ਲਗਾਈ। ਮਨਜਿੰਦਰ ਦੇ ਗਵਾਂਢੀ ਨਾਲ ਪੱਤਰਕਾਰਾਂ ਨੇ ਗੱਲਬਾਤ ਕਰਨੀ ਚਾਹੀ ਪਰ ਉਨ੍ਹਾਂ ਦੇ ਪ੍ਰੀਵਾਰ ਦਾ ਕੋਈ ਵਿਅਕਤੀ ਘਰ ਨਹੀਂ ਮਿਲਿਆ।