ਨਵੇਂ ਡੀ.ਜੀ.ਪੀ. ਦਿਨਕਰ ਗੁਪਤਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ (ਵੀਡੀਓ)

Saturday, Feb 09, 2019 - 05:01 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਦੇ ਨਵੇਂ ਬਣੇ ਡੀ.ਜੀ.ਪੀ. ਦਿਨਕਰ ਗੁਪਤਾ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਸ੍ਰੀ ਹਰਿਮੰਦਰ ਵਿਖੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਲਈ ਅਰਾਦਸ ਕੀਤੀ। ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਿਹਾ ਕਿ ਅੰਮ੍ਰਿਤਸਰ ਅਤੇ ਖਾਸ ਕਰ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਭ ਤੋਂ ਉੱਤਮ ਅਸਥਾਨ ਹੈ, ਇਸ ਦੇ ਆਲੇ-ਦੁਆਲੇ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਯੋਗ ਉਪਰਾਲੇ ਕੀਤੇ ਜਾਣਗੇ ਅਤੇ ਸਨੈਚਰਾਂ ਤੇ ਲੁਟੇਰਿਆਂ ਨੂੰ ਵੀ ਨੱਥ ਪਾਈ ਜਾਵੇਗੀ। ਪੰਜਾਬ ਵਿਚ ਚੋਣਾਂ ਕਾਫ਼ੀ ਹੱਦ ਤੱਕ ਅਮਨ-ਸ਼ਾਂਤੀ ਨਾਲ ਹੁੰਦੀਆਂ ਹਨ ਪਰ ਜਿਥੇ ਕਿਤੇ ਵੀ ਕੋਈ ਗੜਬੜ ਵਾਲੇ ਇਲਾਕੇ ਹਨ, ਉਥੇ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਬਹਾਲ ਰੱਖਿਆ ਜਾਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀਕਾਂਡ ਦੇ ਬਹੁਤ ਸਾਰੇ ਦੋਸ਼ੀ ਫੜੇ ਗਏ ਹਨ ਤੇ ਉਨ੍ਹਾਂ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ। ਵਾਹਿਗੁਰੂ ਮਿਹਰ ਕਰਨ, ਸਾਡੀ ਕੋਸ਼ਿਸ਼ ਇਹੋ ਹੋਵੇਗੀ ਕਿ ਅੱਗੋਂ ਕਿਸੇ ਦੀ ਇਸ ਤਰ੍ਹਾਂ ਕਰਨ ਦੀ ਹਿੰਮਤ ਨਾ ਹੋਵੇ। ਹਰ ਧਾਰਮਿਕ ਅਸਥਾਨ ਕੋਲ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਘਿਨੌਣੀ ਹਰਕਤ ਨਾ ਕਰੇ, ਜੇ ਕਰੇ ਤਾਂ ਤੁਰੰਤ ਫੜਿਆ ਜਾਵੇ। ਬਹੁਤ ਸਾਰੇ ਗੈਂਗਸਟਰ ਪੰਜਾਬ, ਹਰਿਆਣਾ, ਰਾਜਸਥਾਨ ਤੇ ਬਿਹਾਰ 'ਚੋਂ ਫੜ ਲਏ ਗਏ ਹਨ, ਜੋ ਇਕਾ-ਦੁੱਕਾ ਹਨ ਉਨ੍ਹਾਂ ਨੂੰ ਵੀ ਬਹੁਤ ਜਲਦ ਫੜ ਲਿਆ ਜਾਵੇਗਾ ਤੇ ਪੰਜਾਬ ਖਾਸ ਕਰ ਕੇ ਅੰਮ੍ਰਿਤਸਰ 'ਚ ਅਮਨ-ਸ਼ਾਂਤੀ ਬਹਾਲ ਰੱਖੀ ਜਾਵੇਗੀ।

ਉਨ੍ਹਾਂ ਕਿਹਾ ਕਿ ਛੋਟੇ ਨਸ਼ਾ ਸਮੱਗਲਰਾਂ ਦੇ ਨਾਲ-ਨਾਲ ਵੱਡੇ-ਵੱਡੇ ਨਸ਼ਾ ਸਮੱਗਲਰ ਵੀ ਫੜੇ ਗਏ ਹਨ, ਖਾਸ ਕਰ ਕੇ ਅਫਰੀਕਾ ਤੇ ਹੋਰ ਦੇਸ਼ਾਂ ਤੋਂ ਜਿਹੜੇ ਇਥੇ ਆ ਕੇ ਨਸ਼ਾ ਸਪਲਾਈ ਕਰਦੇ ਸਨ। ਬਾਰਡਰ ਏਰੀਏ 'ਚੋਂ ਵੀ ਟਰੱਕਾਂ ਦੇ ਟਰੱਕ ਨਸ਼ਾ ਤੇ ਬਹੁਤ ਸਾਰੇ ਸਮੱਗਲਰ ਫੜੇ ਗਏ ਹਨ, ਅੱਗੋਂ ਵੀ ਉਪਰਾਲੇ ਕੀਤੇ ਜਾਣਗੇ। ਜੇਲ ਰੈਕੇਟ ਸਭ ਤੋਂ ਵੱਡਾ ਮੁੱਦਾ ਹੈ, ਜਲਦ ਹੀ ਇਸ 'ਤੇ ਵੀ ਕਾਬੂ ਪਾ ਲਿਆ ਜਾਵੇਗਾ। ਇਸ ਮੌਕੇ ਸੂਚਨਾ ਅਧਿਕਾਰੀ ਹਰਿੰਦਰ ਸਿੰਘ ਰੋਮੀ, ਸਰਬਜੀਤ ਸਿੰਘ, ਜਤਿੰਦਰ ਸਿੰਘ ਆਦਿ ਮੌਜੂਦ ਸਨ।


author

Baljeet Kaur

Content Editor

Related News