ਬੀਮਾਰੀਆਂ ਨੂੰ ਖੁੱਲ੍ਹਾ ਸੱਦਾ ਦੇ ਰਹੀ ਅੰਮ੍ਰਿਤਸਰ ਦੀ ਸਬਜ਼ੀ ਮੰਡੀ (ਤਸਵੀਰਾਂ)
Wednesday, Mar 18, 2020 - 09:36 AM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਬੀਮਾਰੀਆਂ ਨੂੰ ਖੁੱਲ੍ਹਾ ਸੱਦਾ ਦੇ ਰਹੀ ਹੈ। ਛੱਪੜਾ ਨਾਲੋਂ ਜ਼ਿਆਦਾ ਗੰਦਗੀ ਇਸ ਸਬਜ਼ੀ ਮੰਡੀ 'ਚ ਦਿਖਾਈ ਦੇ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮੰਡੀ 'ਚ ਮੌਜੂਦ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਇਸ ਗੰਦਗੀ ਸਬੰਧੀ ਪ੍ਰਸ਼ਾਸਨ ਨੂੰ ਵੀ ਲਿਖਤੀ ਚਿੱਠੀ ਦੇ ਚੁੱਕੇ ਹਨ ਪਰ ਇਸ ਦਾ ਕੋਈ ਹੱਲ ਅਜੇ ਤੱਕ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੀ ਹੈ।
ਸਰਕਾਰਾਂ ਵਲੋਂ ਵੀ ਇਸ ਲਈ ਵੱਡੇ ਦਾਅਵੇ ਕੀਤੇ ਜਾ ਰਹੇ ਕਿ ਉਹ ਇਸ ਤੋਂ ਬਚਣ ਲਈ ਪੁਖਤਾ ਪ੍ਰਬੰਧ ਕਰ ਰਹੇ ਹਨ ਪਰ ਸਬਜ਼ੀ ਮੰਡੀ ਦੀ ਅਜਿਹੀ ਹਾਲਤ ਸਰਕਾਰ ਦੀ ਪੋਲ ਖੋਲ੍ਹ ਰਹੀ ਹੈ। ਉਨ੍ਹਾਂ ਕਿਹਾ ਜੇਕਰ ਇਥੇ ਕਿਸੇ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਬੀਮਾਰੀ ਹੁੰਦੀ ਹੈ ਤਾਂ ਉਹ ਕਿੰਨੀ ਜ਼ਿਆਦਾ ਫੈਲੇਗੀ, ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਲੋਕ ਇਥੇ ਸਬਜ਼ੀ ਮੰਡੀ 'ਚ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਵੀ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਤੇ ਮੰਡੀ ਦੀ ਸਫਾਈ ਕਰਾਈ ਜਾਵੇ।
ਇਥੇ ਦੱਸ ਦੇਈਏ ਕਿ ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 199,394 ਕੇਸ ਸਾਹਮਣੇ ਆ ਚੁੱਕੇ ਹਨ ਜਦਕਿ 7,997 ਲੋਕਾਂ ਦੀ ਇਸ ਕਾਰਨ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇਥੇ ਹੁਣ ਤੱਕ ਕੋਰੋਨਾ ਵਾਇਰਸ ਕਾਰਨ 3 ਲੋਕਾਂ ਦੀ ਮੌਤ ਹੋ ਚੁੱਕੀ ਹੈ।