ਕੋਰੋਨਾ ਵਾਇਰਸ 'ਚ ਭਾਰਤ ਦੀ ਚਾਂਦੀ, ਸੈਰ-ਸਪਾਟਾ ਵਧਿਆ (ਵੀਡੀਓ)

Wednesday, Mar 04, 2020 - 03:16 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਕੋਰੋਨਾ ਵਾਇਰਸ ਦੇ ਕਹਿਰ ਕਾਰਨ ਪੂਰੀ ਦੁਨੀਆ ਦੀ ਟੂਰਿਜ਼ਮ ਇੰਡਸਟਰੀ ਵਿਚ ਮੰਦੀ ਆਈ ਹੈ। ਚੀਨ ਨੂੰ ਜਾਣ ਵਾਲੀਆਂ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸਿੰਗਾਪੁਰ, ਥਾਈਲੈਂਡ ਦੀਆਂ ਉਡਾਣਾਂ 'ਤੇ ਵੀ ਕੋਰੋਨਾ ਵਾਇਰਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ 'ਚ ਭਾਰਤ ਦੀ ਟੂਰਿਜ਼ਮ ਇੰਡਸਟਰੀ ਵਿਚ ਥੋੜ੍ਹੀ ਤੇਜ਼ੀ ਹੈ, ਕਿਉਂਕਿ ਇੱਥੇ ਅਜੇ ਕੋਰੋਨਾ ਵਾਇਰਸ ਦਾ ਇੰਨਾਂ ਕਹਿਰ ਨਹੀਂ ਹੈ ਜਾਂ ਫਿਰ ਅਜਿਹਾ ਕਹਿ ਲਈਏ ਕਿ ਲੋਕ ਵਿਦੇਸ਼ ਦੀ ਥਾਂ ਭਾਰਤ ਵਿਚ ਘੁੰਮਣਾ ਪਸੰਦ ਕਰ ਰਹੇ ਹਨ, ਜਿਸ ਨਾਲ ਅੰਮ੍ਰਿਤਸਰ ਤੇ ਪੰਜਾਬ ਦੇ ਸੈਰ-ਸਪਾਟੇ ਨੂੰ ਫਾਇਦਾ ਮਿਲਣਾ ਸ਼ੁਰੂ ਹੋ ਗਿਆ ਹੈ। ਇਸ ਕਾਰਨ ਲੋਕਲ ਉਡਾਣਾਂ ਦੀਆਂ ਟਿਕਟਾਂ ਦੇ ਭਾਅ ਵਧ ਗਏ ਹਨ। ਕੋਰੋਨਾ ਵਾਇਰਸ ਕਾਰਨ ਜਿੱਥੇ ਏਅਰਲਾਈਨਾਂ ਨੇ ਵਿਦੇਸ਼ਾਂ ਨੂੰ ਜਾਣ ਵਾਲੀਆਂ ਟਿਕਟਾਂ ਵਿਚ ਕਟੌਤੀ ਕੀਤੀ ਹੈ ਤੇ ਫਿਰ ਵੀ ਉਨ੍ਹਾਂ ਨੂੰ ਗਾਹਕ ਨਹੀਂ ਮਿਲ ਰਹੇ ਉੱਥੇ ਲੋਕਲ ਉਡਾਣਾਂ ਭਰਨ ਵਾਲੀ ਏਅਰਲਾਈਨਜ਼ ਦੀ ਚਾਂਦੀ ਹੈ। ਕਿਉਂਕਿ ਲੋਕ ਛੁੱਟੀਆਂ ਅਤੇ ਤਿਉਹਾਰਾਂ ਦੇ ਸਮੇਂ ਦਾ ਮਜ਼ਾ ਲੈਣ ਲਈ ਗੋਆ, ਹਿਮਾਚਲ, ਅੰਮ੍ਰਿਤਸਰ ਜਾਣ ਨੂੰ ਤਰਜੀਹ ਦੇ ਰਹੇ ਹਨ।

ਇਹ ਵੀ ਪੜ੍ਹੋ : 'ਕੋਰੋਨਾ ਵਾਇਰਸ' ਕਾਰਨ ਚੰਡੀਗੜ੍ਹ 'ਚ ਮਚਿਆ ਹੜਕੰਪ, ਘਬਰਾਏ ਹੋਏ ਨੇ ਲੋਕ

ਇੱਥੇ ਤੁਹਾਨੂੰ ਦੱਸ ਦੇਈਏ ਕਿ ਚੀਨ ਵਿਚ ਹੁਣ ਤੱਕ ਇਸ ਵਾਇਰਸ ਕਾਰਨ 2945 ਮੌਤਾਂ ਹੋ ਚੁੱਕੀਆਂ ਨੇ ਅਤੇ 80152 ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਉੱਧਰ ਈਰਾਨ 'ਚ 77 ਮੌਤਾਂ ਹੋ ਚੁੱਕੀਆਂ ਹਨ ਅਤੇ 2336 ਲੋਕ ਇਸ ਦੀ ਲਪੇਟ ਵਿਚ ਹਨ। ਇਟਲੀ 'ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 52 ਮੌਤਾਂ ਹੋ ਚੁੱਕੀਆਂ ਹਨ, ਜਦੋਂ 2039 ਲੋਕ ਇਸ ਦੀ ਲਪੇਟ ਵਿਚ ਹਨ। ਦੱਖਣੀ ਕੋਰੀਆ ਦੀ ਗੱਲ ਕਰੀਏ ਤਾਂ ਇੱਥੇ ਕੋਰੋਨਾ ਵਾਇਰਸ ਕਾਰਨ 9 ਮੌਤਾਂ ਹੋਈਆਂ ਜਦੋਂ ਕਿ 5186 ਲੋਕ ਇਸ ਵਾਇਰਸ ਨਾਲ ਪੀੜਤ ਹਨ।  ਅਮਰੀਕਾ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ 6 ਮੌਤਾਂ ਹੋ ਚੁੱਕੀਆਂ ਨੇ ਜਦੋਂ 103 ਲੋਕਾਂ ਵਿਚ ਇਸ ਦੇ ਲੱਛਣ ਮਿਲੇ ਹਨ। ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਦੱਸ ਦੇਈਏ ਕਿ ਸਾਵਧਾਨੀ ਵਰਤਦੇ ਹੋਏ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।

ਬਚਾਅ ਲਈ ਵਰਤੋਂ ਇਹ ਸਾਵਧਾਨੀਆਂ -

1. ਹੱਥਾਂ ਨੂੰ ਵਾਰ-ਵਾਰ ਸਾਬੁਣ ਅਤੇ ਪਾਣੀ ਨਾਲ ਧੋਵੋ। ਹੋ ਸਕੇ ਤਾਂ ਹੱਥਾਂ ਨੂੰ ਸਾਫ ਕਰਨ ਲਈ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ।
2. ਕਿਸੇ ਨਾਲ ਵੀ ਹੱਥ ਮਿਲਾਉਣ ਤੋਂ ਪਰਹੇਜ਼ ਕਰੋ।
3. ਖੰਘਦੇ ਹੋਏ ਜਾਂ ਛਿੱਕਦੇ ਹੋਏ ਡਿਸਪੋਜ਼ੇਬਲ ਟਿਸ਼ੂ ਦਾ ਇਸਤੇਮਾਲ ਕਰੋ।
4. ਇਸਤੇਮਾਲ ਕੀਤੇ ਗਏ ਟਿਸ਼ੂ ਨੂੰ ਸੁੱਟ ਦਿਓ। ਅਤੇ ਇਸ ਤੋਂ ਬਾਅਦ ਹੱਥ ਜ਼ਰੂਰ ਧੋਵੋ।
5. ਟਿਸ਼ੂ ਨਹੀਂ ਹੈ ਤਾਂ ਛਿਕਦੇ ਜਾਂ ਖੰਗਦੇ ਹੋਏ ਬਾਂਹ ਦਾ ਇਸਤੇਮਾਲ ਕਰੋ। ਪਰ ਖੁੱਲ੍ਹੀ ਹਵਾ ਵਿਚ ਖੰਗਣ ਜਾਂ ਛਿੱਕਣ ਤੋਂ ਪਰਹੇਜ਼ ਕਰੋ।
6. ਬਿਨਾਂ ਹੱਥ ਧੋਏ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਲਗਾਓ।
7. ਬੀਮਾਰ ਲੋਕਾਂ ਦੇ ਸੰਪਰਕ ਵਿਚ ਆਉਣ ਤੋਂ ਬਚੋ।
8. ਜਾਨਵਰਾਂ ਦੇ ਸੰਪਰਕ ਵਿਚ ਆਉਣ ਤੋਂ ਬਚੋ।
9. ਪਾਲਤੂ ਜਾਨਵਰਾਂ ਦੀ ਸਾਫ-ਸਫਾਈ ਦਾ ਪੂਰਾ ਧਿਆਨ ਰੱਖੋ।
10. ਮੀਟ, ਅੰਡੇ ਆਦਿ  ਖਾਣ ਤੋਂ ਪਹਹੇਜ਼ ਕਰੋ। ਹੋ ਸਕੇ ਤਾਂ ਚੰਗੀ ਤਰ੍ਹਾਂ ਪਕਾ ਕੇ ਖਾਓ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਸਬੰਧਤ ਕਿਸੇ ਵੀ ਸਹਾਇਤਾ ਲਈ ਇਸ ਨੰਬਰ 'ਤੇ ਕਰੋ ਸੰਪਰਕ


Baljeet Kaur

Content Editor

Related News