ਸੰਗਤਾਂ ਨੂੰ ਨਹੀਂ ਹੋ ਰਹੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ, ਜਾਣੋਂ ਕੀ ਹੈ ਵਜ੍ਹਾ
Friday, Jun 05, 2020 - 08:59 AM (IST)
ਅੰਮ੍ਰਿਤਸਰ (ਅਨਜਾਣ) : ਕੋਰੋਨਾ ਵਾਇਰਸ ਅਤੇ 6 ਜੂਨ ਨੂੰ ਲੈ ਕੇ ਪੁਲਸ ਨਾਕਿਆਂ ਕਾਰਨ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ-ਦੀਦਾਰੇ ਨਹੀਂ ਕਰ ਪਾ ਰਹੀਆਂ। ਪਿਛਲੇ ਸਮੇਂ ਦੌਰਾਨ 6 ਜੂਨ ਨੂੰ ਹੋਣ ਵਾਲੇ ਕੁਝ ਸਮਾਗਮਾਂ 'ਚ ਸ਼ਰਾਰਤੀ ਅਨਸਰਾਂ ਵਲੋਂ ਮਾਹੌਲ ਨੂੰ ਖਰਾਬ ਕਰਨ ਕਰਕੇ ਹੁਣ ਸੰਗਤਾਂ ਬਹੁਤ ਘੱਟ ਗਿਣਤੀ 'ਚ ਆ ਰਹੀਆਂ ਹਨ, ਪਰ ਜੋ ਸੰਗਤਾਂ ਦਰਸ਼ਨਾ ਲਈ ਆਉਂਦੀਆਂ ਹਨ ਉਹ ਘੰਟਿਆਂ ਬੱਧੀ ਇੰਤਜ਼ਾਰ ਕਰਕੇ ਨਿਰਾਸ਼ ਹੋ ਕੇ ਘਰਾਂ ਨੂੰ ਪਰਤ ਜਾਂਦੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਅੰਦਰ ਵਰਦੀਧਾਰੀ ਪੁਲਸ ਦੇ ਨਾਲ, ਵੱਖ-ਵੱਖ ਜ਼ਿਲ੍ਹਿਆਂ ਦੀ ਸਿਵਲ ਪੁਲਸ ਦੇ ਇਲਾਵਾ ਵੱਡੀ ਗਿਣਤੀ 'ਚ ਕਮਾਂਡੋ ਪੁਲਸ ਵੀ ਤਾਇਨਾਤ ਕੀਤੀ ਗਈ ਹੈ। ਜੋ ਸਾਰੀ ਸਥਿਤੀ ਦਾ ਜ਼ਾਇਜਾ ਲੈ ਰਹੀ ਹੈ।
ਇਹ ਵੀ ਪੜ੍ਹੋਂ : ਧੋਖੇ ਨਾਲ ਤਾਂਤਰਿਕ ਨੇ ਪਿਆਰ 'ਚ ਫਸਾਈ ਕੁੜੀ, ਘਿਨੌਣਾ ਸੱਚ ਸਾਹਮਣੇ ਆਉਣ 'ਤੇ ਕੀਤੇ ਟੋਟੇ-ਟੋਟੇ
ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਰੋਜ਼ਾਨਾ ਦੀ ਤਰ੍ਹਾਂ ਚੱਲਦੀ ਰਹੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਤਿਨ ਪਹਿਰੇ ਦੀਆਂ ਸੰਗਤਾਂ ਤੇ ਡਿਊਟੀ ਸੇਵਾਦਾਰਾਂ ਨੇ ਨਿਭਾਈ। ਸਵੇਰੇ ਅੰਮ੍ਰਿਤ ਵੇਲੇ ਤੋਂ ਕਿਵਾੜ ਖੁੱਲ੍ਹਣ ਉਪਰੰਤ ਫੁੱਲਾਂ ਨਾਲ ਸਜੀ ਸੁਨਹਿਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਿਰਾਜਮਾਨ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ। ਗ੍ਰੰਥੀ ਸਿੰਘ ਵਲੋਂ ਮੁੱਖ ਵਾਕ ਲੈਣ ਉਪਰੰਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕੀਤੀ ਗਈ। ਸੰਗਤਾਂ ਨੇ ਠੰਢੇ-ਮਿੱਠੇ ਜਲ ਦੀ ਛਬੀਲ, ਜੋੜਾਂ ਘਰ ਤੇ ਲੰਗਰ ਹਾਲ ਵਿਖੇ ਸੇਵਾ ਕੀਤੀ। ਸ਼ਾਮ ਸਮੇਂ ਰਹਰਾਸਿ ਸਾਹਿਬ ਜੀ ਦੇ ਪਾਠ ਕੀਤੇ ਗਏ ਤੇ ਰਾਤ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਸੁਨਹਿਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਿਰਾਜਮਾਨ ਕਰਦਿਆਂ ਸੰਗਤਾਂ ਵਲੋਂ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੁਖਆਸਣ ਅਸਥਾਨ ਤੇ ਬਿਰਾਜਮਾਨ ਕੀਤਾ ਗਿਆ।
ਇਹ ਵੀ ਪੜ੍ਹੋਂ : ਅਕਾਲੀ ਵਰਕਰ ਦੀ ਹੱਤਿਆ ਕਰਨ ਵਾਲੇ ਐਡਵੋਕੇਟ ਨੇ ਅਦਾਲਤ 'ਚ ਕੀਤਾ ਆਤਮ-ਸਮਰਪਣ