ਕੋਰੋਨਾ ਵਾਇਰਸ ਦੇ ਵੱਧਦੇ ਖਤਰੇ ਨੂੰ ਵੇਖਦਿਆਂ ਪਾਸਪੋਰਟ ਦਫਤਰ ਹੋਇਆ ਅਲਰਟ

Thursday, Mar 19, 2020 - 04:10 PM (IST)

ਕੋਰੋਨਾ ਵਾਇਰਸ ਦੇ ਵੱਧਦੇ ਖਤਰੇ ਨੂੰ ਵੇਖਦਿਆਂ ਪਾਸਪੋਰਟ ਦਫਤਰ ਹੋਇਆ ਅਲਰਟ

ਅੰਮ੍ਰਿਤਸਰ (ਦਲਜੀਤ) : ਪੂਰੀ ਦੁਨੀਆਂ ਅੰਦਰ ਦਹਿਸ਼ਤ ਫੈਲਾਉਣ ਵਾਲੇ ਜਾਨਲੇਵਾ ਕੋਰੋਨਾ ਵਾਇਰਸ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਪਾਸਪੋਰਟ ਦਫਤਰ ਅੰਮ੍ਰਿਤਸਰ ਨੇ ਵੀ ਅਲਰਟ ਹੁੰਦਿਆਂ ਖਾਸ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧੀ ਪਾਸਪੋਰਟ ਦਫਤਰ 'ਚ ਇਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰਦਿਆਂ ਪਾਸਪੋਰਟ ਅਫਸਰ ਮਨੀਸ਼ ਕਪੂਰ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਖਤਰੇ ਨੂੰ ਵੇਖਦਿਆਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਬਹੁਤ ਜ਼ਰੂਰੀ ਹੈ ਤਾਂ ਹੀ ਉਹ ਆਪਣਾ ਪਾਸਪੋਰਟ ਬਣਵਾਉਣ ਲਈ ਅਪਲਾਈ ਕਰਨ ਜਾਂ ਦਫ਼ਤਰ ਆਉਣ। ਉਨ੍ਹਾਂ ਕਿਹਾ ਕਿ ਵੇਖਣ 'ਚ ਆ ਰਿਹਾ ਹੈ ਕਿ ਬੱਚਿਆਂ ਨੂੰ ਸਕੂਲਾਂ ਅੰਦਰ ਛੁੱਟੀਆਂ ਹੋਣ ਕਾਰਨ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੇ ਪਾਸਪੋਰਟ ਬਣਾਉਣ ਲਈ ਅਪਲਾਈ ਕਰ ਰਹੇ ਹਨ। ਜਦ ਕਿ ਬੱਚਿਆਂ ਦਾ ਪਾਸਪੋਰਟ ਬਣਨ ਮੌਕੇ ਮਾਂ-ਪਿਓ ਦਾ ਵੀ ਪਾਸਪੋਰਟ ਦਫਤਰ ਆਉਣਾ ਜ਼ਰੂਰੀ ਹੁੰਦਾ ਹੈ, ਜਿਸ ਨਾਲ ਦਫ਼ਤਰ ਅੰਦਰ ਭੀੜ ਵੱਧ ਰਹੀ ਹੈ। ਇਸ ਮਸਲੇ 'ਤੇ ਉਨ੍ਹਾਂ ਨੇ ਮਾਪਿਆਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਸਪੋਰਟ ਦਫਤਰ ਅੰਦਰ ਆਉਣ ਸਮੇਂ, ਫਿੰਗਰ ਪ੍ਰਿੰਟ ਦੇਣ ਤੋਂ ਬਾਅਦ ਅਤੇ ਬਾਹਰ ਨਿਕਲਣ ਸਮੇਂ ਬਿਨੈਕਾਰ ਚੰਗੀ ਤਰ੍ਹਾਂ ਆਪਣੇ ਹੱਥ ਧੋਣ, ਆਪਣਾ ਰੁਮਾਲ ਜ਼ਰੂਰ ਲੈ ਕੇ ਆਉਣ ਅਤੇ ਹੋ ਸਕੇ ਤਾਂ ਆਪਣੇ ਨਾਲ ਸੈਨੀਟੇਜ਼ਰ ਵੀ ਲੈ ਕੇ ਅਉਣ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨੇ ਪੰਜਾਬ 'ਚ ਪਸਾਰੇ ਪੈਰ, ਅੰਮ੍ਰਿਤਸਰ 'ਚ ਮਰੀਜ਼ ਦੀ ਪੁਸ਼ਟੀ

ਪਾਸਪੋਰਟ ਅਫਸਰ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਦੀਆਂ ਨਵੀਆਂ ਹਦਾਇਤਾਂ ਮੁਤਾਬਕ ਹੁਣ 3 ਵਾਰ ਅਪਾਇੰਟਮੈਂਟ ਰੀ-ਸ਼ਡਿਊਲ ਕਰਨ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੈ, ਜਿਸ ਨਾਲ ਹੁਣ ਬਿਨੈਕਾਰ ਜਿੰਨੀ ਵਾਰ ਮਰਜ਼ੀ ਆਪਣੀ ਅਪਾਇੰਟਮੈਂਟ ਰੀ-ਸ਼ਡਿਊਲ ਕਰ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਣਜੀਤ ਐਵੀਨਿਊ ਦਫਤਰ 'ਚ ਹੁਣ ਇਨਕੁਆਰੀ ਅਗਲੇ ਹੁਕਮਾਂ ਤੱਕ ਬੰਦ ਰਹੇਗੀ ਅਤੇ ਫਾਈਲ ਪ੍ਰੋਸੈਸਿੰਗ ਸਮੇਂ ਲੋੜ ਪੈਣ ਤੇ ਦਫਤਰ ਵਲੋਂ ਖੁਦ ਬਿਨੈਕਾਰ ਨੂੰ ਫੋਨ ਕਰਕੇ ਲੋੜੀਂਦੀ ਜਾਣਕਾਰੀ ਲੈ ਲਈ ਜਾਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਸਟਾਫ ਦੀ ਸੁਰੱਖਿਆ ਲਈ ਵੀ ਦਫ਼ਤਰ ਵਲੋਂ ਜ਼ਰੂਰੀ ਕਦਮ ਚੁੱਕਦਿਆਂ ਲੋੜੀਂਦੇ ਮਾਸਕ, ਸੈਨੇਟਾਈਜ਼ਰ ਅਤੇ ਦਸਤਾਨੇ ਆਦਿ ਮੁਹੱਈਆ ਕਰਵਾ ਦਿੱਤੇ ਗਏ ਹਨ ਅਤੇ ਸਟਾਫ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਹਰੇਕ ਬਿਨੈਕਾਰ ਦੇ ਫਿੰਗਰ ਪ੍ਰਿੰਟ ਲੈਣ ਤੋਂ ਬਾਅਦ ਸਕੈਨਰ ਨੂੰ ਚੰਗੀ ਤਰ੍ਹਾਂ ਸਟਰਲਾਈਜ਼ ਕੀਤਾ ਜਾਵੇ ।

ਇਹ ਵੀ ਪੜ੍ਹੋ– ਕੋਰੋਨਾ ਸਕੰਟ : ਘਰ ਬੈਠੇ ਕਮਾਓ ਹਜ਼ਾਰਾਂ ਰੁਪਏ, ਬਸ ਕਰਨਾ ਹੋਵੇਗਾ ਇਹ ਕੰਮ


author

Baljeet Kaur

Content Editor

Related News