ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਦਾ ਪ੍ਰਕੋਪ, ਡਾਕਟਰਾਂ ਸਮੇਤ 90 ਨਵੇਂ ਮਾਮਲਿਆਂ ਦੀ ਪੁਸ਼ਟੀ, 2 ਮੌਤਾਂ
Tuesday, Aug 25, 2020 - 04:39 PM (IST)
ਅੰਮ੍ਰਿਤਸਰ (ਦਰਜੀਤ ਸ਼ਰਮਾ) : ਜ਼ਿਲ੍ਹਾ ਅੰਮ੍ਰਿਤਸਰ 'ਚ ਕੋਰੋਨਾ ਨੇ ਇਕ ਵਾਰ ਫਿਰ ਆਪਣਾ ਕਹਿਰ ਢਾਹਿਆ ਹੈ। ਮੰਗਲਵਾਰ ਨੂੰ ਜ਼ਿਲ੍ਹੇ 'ਚ ਜਿਥੇ ਦੋ ਮਰੀਜ਼ਾਂ ਦੀ ਮੌਤ ਹੋ ਗਈ ਉਥੇ ਹੀ 90 ਹੋਰ ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਪਾਜ਼ੇਟਿਵ ਮਾਮਲਿਆਂ 'ਚ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੇ 3 ਡਾਕਟਰ ਵੀ ਸ਼ਾਮਲ ਹਨ। ਇਸ ਨਾਲ ਜ਼ਿਲ੍ਹੇ 'ਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 3459 ਹੋ ਚੁੱਕੀ ਹੈ ਜਦਕਿ 2636 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ 'ਚ ਹੁਣ ਤੱਕ 133 ਮਰੀਜ਼ ਦਮ ਤੋੜ ਚੁੱਕੇ ਹਨ।
ਇਹ ਵੀ ਪੜ੍ਹੋਂ : ਨਰਸ ਜੋਤੀ ਦੀ ਮੌਤ ’ਤੇ ਪਰਿਵਾਰ ਦਾ ਵੱਡਾ ਖ਼ੁਲਾਸਾ, ਹਸਪਤਾਲ ਦੇ ਕਈ ਰਾਜ਼ ਜਾਣ ਚੁੱਕੀ ਸੀ ਜੋਤੀ
ਇਥੇ ਦੱਸ ਦੇਈਏ ਕਿ ਦੇਸ਼ 'ਚ ਕੋਰੋਨਾ ਮਹਾਮਾਰੀ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਇਕ ਦਿਨ 'ਚ 66 ਹਜ਼ਾਰ ਤੋਂ ਵੱਧ ਮਰੀਜ਼ ਸਿਹਤਮੰਦ ਹੋਏ ਹਨ ਅਤੇ ਇਸ ਦੀ ਤੁਲਨਾ 'ਚ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦੀ ਗਿਣਤੀ ਘੱਟ ਰਹਿਣ ਨਾਲ ਸਰਗਰਮ ਮਾਮਲਿਆਂ 'ਚ 6 ਹਜ਼ਾਰ ਦੀ ਕਮੀ ਆਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 66,550 ਲੋਕਾਂ ਨੂੰ ਇਨਫੈਕਸ਼ਨ ਤੋਂ ਛੁਟਕਾਰਾ ਮਿਲਿਆ ਹੈ, ਜਿਸ ਨਾਲ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ 24,04,585 ਹੋ ਗਈ ਹੈ। ਇਸ ਦੌਰਾਨ ਸਰਗਰਮ ਮਾਮਲੇ 7,04,348 ਹੋ ਗਏ ਹਨ। ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 848 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 58,390 ਹੋ ਗਈ। ਦੇਸ਼ 'ਚ ਸਰਗਰਮ ਮਾਮਲੇ 22.24 ਫੀਸਦੀ ਅਤੇ ਰੋਗ ਮੁਕਤ ਹੋਣ ਵਾਲਿਆਂ ਦੀ ਦਰ 75.92 ਫੀਸਦੀ ਹੈ, ਜਦੋਂ ਕਿ ਮ੍ਰਿਤਕਾਂ ਦੀ ਦਰ 1.84 ਫੀਸਦੀ ਹੈ। ਕੋਰੋਨਾ ਤੋਂ ਸਭ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਮਾਮਲਿਆਂ ਦੀ ਗਿਣਤੀ ਸਭ ਤੋਂ ਵੱਧ 3416 ਘੱਟ ਕੇ 1,68,443 ਰਹਿ ਗਈ ਅਤੇ 212 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 22,465 ਹੋ ਗਿਆ। ਇਸ ਦੌਰਾਨ 14,219 ਲੋਕ ਰੋਗ ਮੁਕਤ ਹੋਏ, ਜਿਸ ਨਾਲ ਸਿਹਤਮੰਦ ਹੋਏ ਲੋਕਾਂ ਦੀ ਗਿਣਤੀ ਵੱਧ 502490 ਹੋ ਗਈ।
ਇਹ ਵੀ ਪੜ੍ਹੋਂ : ਇਹ ਹੈ ਦੁਨੀਆ ਦੀ ਸਭ ਤੋਂ ਆਲੀਸ਼ਾਨ ਰੇਲ, ਇੱਕ ਟਿਕਟ ਦੀ ਕੀਮਤ ਹੈ 18 ਲੱਖ (ਵੇਖੋ ਤਸਵੀਰਾਂ)