ਸੁੱਤੀਆਂ ਸਰਕਾਰਾਂ ਨੂੰ ਜਗਾਉਣ ਲਈ 6 ਦਸੰਬਰ ਨੂੰ ਪੰਥਕ ਹੋਕੇ ਦੇ ਰੂਪ 'ਚ ਹੋਵੇਗਾ ਵੱਡਾ ਸਮਾਗਮ: ਭਾਈ ਵਡਾਲਾ
Thursday, Nov 19, 2020 - 11:16 AM (IST)
ਅੰਮ੍ਰਿਤਸਰ (ਅਨਜਾਣ): ਪਿਛਲੀ 4 ਨਵੰਬਰ ਤੋਂ ਵਿਰਾਸਤੀ ਮਾਰਗ 'ਤੇ ਮੋਰਚਾ ਲਗਾਈ ਬੈਠੇ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਨੇ ਵੱਡਾ ਐਲਾਨ ਕਰਦਿਆਂ 6 ਦਸੰਬਰ ਨੂੰ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਤੇ ਸ਼੍ਰੋਮਣੀ ਕਮੇਟੀ ਵਲੋਂ ਪਾਵਨ ਸਰੂਪਾਂ ਦੀ ਹੋਈ ਬੇਅਦਬੀ, ਸਤਿਕਾਰ ਕਮੇਟੀਆਂ ਤੇ ਕੀਤੀ ਗੁੰਡਾਗਰਦੀ ਤੇ ਪੱਤਰਕਾਰਾਂ 'ਤੇ ਹਮਲਾਵਰ ਹੋ ਕੇ ਉਨ੍ਹਾਂ ਦੇ ਕੇਸਾਂ ਤੇ ਦਸਤਾਰਾਂ ਦੀ ਬੇਅਦਬੀ ਕਰਨਾ ਤੇ ਮੋਬਾਇਲ ਕੈਮਰੇ ਖੋਹਣ ਨੂੰ ਵੱਡੀ ਸਾਜਿਸ਼ ਕਰਾਰ ਦਿੰਦਿਆਂ ਵੱਡਾ ਸਮਾਗਮ ਕਰਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: ਮਾਮਲਾ HIV ਖ਼ੂਨ ਚੜ੍ਹਾਉਣ ਦਾ, ਉੱਚ ਪੱਧਰੀ ਟੀਮ ਜਾਂਚ 'ਚ ਜੁੱਟੀ, ਹੈਰਾਨੀਜਨਕ ਖ਼ੁਲਾਸੇ ਹੋਣ ਦੀ ਉਮੀਦ
ਭਾਈ ਵਡਾਲਾ ਨੇ ਕਿਹਾ ਕਿ ਇਸ ਦਿਨ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਜਗਾਉਣ ਲਈ ਹੋਕਾ ਦਿੱਤਾ ਜਾਵੇਗਾ ਕਿ ਉਹ ਸ਼੍ਰੋਮਣੀ ਕਮੇਟੀ 'ਤੇ ਪਰਚਾ ਦਰਜ ਕਰਨ ਕਿਉਂਕਿ ਸ਼੍ਰੋਮਣੀ ਕਮੇਟੀ ਖ਼ੁਦ ਆਪਣੀ ਰਿਪੋਰਟ 'ਚ ਇਹ ਮੰਨ ਰਹੀ ਹੈ ਕਿ ਸਰੂਪ ਵੀ ਵੱਧ ਘੱਟ ਨੇ, ਸਰੂਪ ਵੇਚਣ 'ਚ ਵੀ ਹੇਰਾ-ਫੇਰੀ ਹੋਈ ਹੈ ਤੇ ਜਿਹੜੇ ਅਗਨੀ ਕਾਂਡ ਵਿੱਚ ਪੰਜ ਸਰੂਪਾਂ ਦੀ ਗੱਲ ਕੀਤੀ ਗਈ ਸੀ ਉਹ ਵੀ ਝੂਠ ਹੈ ਬਲਕਿ ਸਰੂਪਾਂ ਦੀ ਗਿਣਤੀ ਵਧੇਰੇ ਸੀ। ਖਡੂਰ ਸਾਹਿਬ ਜਿੱਥੇ ਸਰੂਪਾਂ ਦਾ ਸਸਕਾਰ ਕੀਤਾ ਜਾਂਦਾ ਹੈ ਉੱਥੋਂ ਦੇ ਰਿਕਾਰਡ ਰਜਿਸਟਰਾਂ 'ਚ ਸਰੂਪਾਂ ਦਾ ਦਰਜ ਨਾ ਹੋਣਾ ਇਹ ਸਾਬਤ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਜਿੱਥੇ ਸੱਚ ਲਕੋਇਆ ਜਾ ਰਿਹਾ ਹੈ ਉੱਥੇ ਵੱਡੀ ਪੱਧਰ 'ਤੇ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ ਹੈ। ਇਹ ਸ਼੍ਰੋਮਣੀ ਕਮੇਟੀ ਦੇ ਕਰਿੰਦਿਆਂ ਵੱਲੋਂ ਵੱਡਾ ਗੁਨਾਹ ਕੀਤਾ ਗਿਆ ਹੈ ਜੋ ਬਖਸ਼ਣ ਯੋਗ ਨਹੀਂ ਹੈ।
ਇਹ ਵੀ ਪੜ੍ਹੋ: ਕਾਰ ਅੰਦਰ ਸੜ ਕੇ ਸੁਆਹ ਹੋਣ ਵਾਲੇ 5 ਮਿੱਤਰਾਂ ਨੇ ਮਰਨ ਤੋਂ ਪਹਿਲਾਂ ਕਰਾਈ ਤਸਵੀਰ ਬਣੀ ਆਖ਼ਰੀ ਯਾਦ
ਸਾਨੂੰ ਸ਼ੱਕ ਹੈ ਕਿ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਹੋਣ ਕਰਕੇ ਮੁਕੱਦਮਾ ਦਰਜ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ 6 ਦਸੰਬਰ ਨੂੰ ਕੀਤੇ ਜਾ ਰਹੇ ਵੱਡੇ ਇਕੱਠ ਵਿੱਚ ਉਹ ਅਗਲੇਰੀ ਰਣਨੀਤੀ ਦਾ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੀ ਬਣਦੀ ਜਿੰਮੇਵਾਰੀ ਨਿਭਾਵੇ। ਇਸ ਮੌਕੇ ਢਾਡੀ ਸਾਧੂ ਸਿੰਘ ਧੰਮੂ, ਭਾਈ ਗੁਰਵਿੰਦਰ ਸਿੰਘ ਭਾਗੋਵਾਲ, ਭਾਈ ਇਕਬਾਲ ਸਿੰਘ ਮਨਾਵਾਂ, ਭਾਈ ਗੁਰਪ੍ਰੀਤ ਸਿੰਘ ਤੇ ਭਾਰੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।
ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਵੀ ਵੱਖ ਨਹੀਂ ਕਰ ਸਕਦਾ : ਸੁਖਬੀਰ