ਅਕਾਲ ਤਖਤ ਸਾਹਿਬ ਪੁੱਜੇ ਸੁੱਚਾ ਸਿੰਘ ਲੰਗਾਹ, ਪੰਥ 'ਚ ਵਾਪਸੀ ਦੀ ਕੀਤੀ ਅਪੀਲ
Friday, Mar 13, 2020 - 02:01 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਸਾਬਕਾ ਮੰਤਰੀ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਅੱਜ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਦੇ ਨਾਂ ਇੱਕ ਪੱਤਰ ਸੌਂਪ ਕੇ ਮੰਗ ਕੀਤੀ ਕਿ ਉਨ੍ਹਾਂ ਨੂੰ ਸਿੱਖ ਪੰਥ ਵਿਚ ਮੁੜ ਸ਼ਾਮਲ ਕੀਤਾ ਜਾਵੇ। ਇਸ ਮੌਕੇ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਮੈਂ ਮੁਆਫ਼ੀ ਲਈ ਲਿਖਤੀ ਚਿੱਠੀ ਦਿੱਤੀ ਹੈ ਅਤੇ ਸੰਗਤਾਂ ਅਤੇ ਜਥੇਦਾਰ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਮੁੜ ਪੰਥ ਵਿਚ ਸ਼ਾਮਿਲ ਕੀਤਾ ਜਾਵੇ। ਇਥੇ ਦੱਸ ਦੇਈਏ ਕਿ ਗੁਰਦਾਸਪੁਰ ਹਲਕੇ ਨਾਲ ਸਬੰਧਤ ਅਕਾਲੀ ਆਗੂ ਤੇ ਸਾਬਕਾ ਮੰਤਰੀ ਜਥੇਦਾਰ ਲੰਗਾਹ ਨੂੰ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ 'ਤੇ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਅਕਾਲ ਤਖਤ ਸਕੱਤਰੇਤ 'ਚ ਦਲ ਖਾਲਸਾ ਤੇ ਐੱਸ. ਜੀ. ਪੀ. ਸੀ. ਟਾਸਕ ਫੋਰਸ ਵਿਚਾਲੇ ਝੜਪ
ਕੀ ਹੈ ਵਿਵਾਦ
ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ 'ਤੇ ਇਕ ਵਿਧਵਾ ਮਹਿਲਾ ਨੇ ਦੋਸ਼ ਲਗਾਏ ਸਨ ਕਿ ਲੰਗਾਹ ਉਸ ਨੂੰ ਬਲੈਕਮੇਲ ਕਰਕੇ ਉਸ ਨਾਲ ਜਬਰ-ਜ਼ਨਾਹ ਕਰਦਾ ਸੀ। ਇਸ ਦੀ ਇਕ ਕਥਿਤ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ, ਜਿਸ ਕਾਰਨ ਲੰਗਾਹ ਨੂੰ ਪੰਥ 'ਚੋਂ ਛੇਕ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵੀ ਪਾਰਟੀ 'ਚੋਂ ਕੱਢ ਗਿਆ ਸੀ ਤੇ ਉਨ੍ਹਾਂ ਦਾ ਸਿਆਸੀ ਕਰੀਅਰ ਠੱਪ ਹੋ ਗਿਆ ਸੀ। ਬਾਅਦ 'ਚ ਉਕਤ ਮਹਿਲਾ ਪੇਸ਼ੀ ਦੌਰਾਨ ਆਪਣੇ ਬਿਆਨਾਂ ਤੋਂ ਮੁੱਕਰ ਗਈ ਸੀ, ਜਿਸ ਤੋਂ ਬਾਅਦ ਲੰਗਾਹ ਨੂੰ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ ਸੀ। ਹੁਣ ਮੁੜ ਤੋਂ ਉਨ੍ਹਾਂ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲਿਖਤੀ ਚਿੱਠੀ ਦੇ ਕੇ ਪੰਥ 'ਚ ਵਾਪਸੀ ਦੀ ਅਪੀਲ ਕੀਤੀ ਹੈ।