ਅੰਮ੍ਰਿਤਸਰ ਹਵਾਈ ਅੱਡੇ ਪੁੱਜੇ ਅਰਵਿੰਦ ਕੇਜਰੀਵਾਲ, ਗੁਰਦਾਸਪੁਰ ਲਈ ਰਵਾਨਾ ਹੋਣ ਤੋਂ ਪਹਿਲਾਂ ਦਿੱਤਾ ਵੱਡਾ ਬਿਆਨ
Friday, Dec 24, 2021 - 11:55 AM (IST)
ਅੰਮ੍ਰਿਤਸਰ(ਵੈੱਬ ਡੈਸਕ/ਸਾਗਰ): ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਹਵਾਈ ਅੱਡੇ ਪਹੁੰਚ ਚੁੱਕੇ ਹਨ। ਗੁਰਦਾਸਪੁਰ ਲਈ ਰਵਾਨਾ ਹੋਣ ਤੋਂ ਪਹਿਲਾਂ ਕੇਜਰੀਵਾਲ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵਾਪਰੀ ਘਟਨਾ ਬੇਹੱਦ ਮੰਦਭਾਗੀ ਹੈ ਪਰ ਉਸ ਸਖ਼ਸ਼ ਨੂੰ ਕਿਸੇ ਨੇ ਬੇਅਦਬੀ ਕਰਨ ਲਈ ਭੇਜਿਆ ਸੀ ਅਤੇ ਬੇਅਦਬੀ ਕਰਨ ਪਿੱਛੇ ਕੀ ਉਦੇਸ਼ ਹੈ, ਇਸ ਗੱਲ ਦਾ ਖ਼ੁਲਾਸਾ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਦਰਬਾਰ ਸਾਹਿਬ ਬੇਅਦਬੀ ਮਾਮਲਾ : ਮ੍ਰਿਤਕ ਦੇ ਉਂਗਲਾਂ ਦੇ ਨਿਸ਼ਾਨ ਅਤੇ DNA ਜਾਂਚ ਲਈ ਰੱਖੇ ਗਏ ਵਿਸ਼ੇਸ਼ ਅੰਗ
ਕੇਜਰੀਵਾਲ ਨੇ ਪੰਜਾਬ ਦੇ ਮਾਹੌਲ ਨੂੰ ਲੈ ਕੇ ਮੁੱਖ ਮੰਤਰੀ ਚੰਨੀ ’ਤੇ ਵੀ ਨਿਸ਼ਾਨੇ ਲਗਾਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਕਮਜ਼ੋਰ ਸਰਕਾਰ ਹੈ ਅਤੇ ਇਨ੍ਹਾਂ ਦੇ ਵਿਧਾਇਕ ਆਪਸ ’ਚ ਹੀ ਲੜੀ ਜਾ ਰਹੇ ਹਨ। ਅਜਿਹੇ ’ਚ ਪੰਜਾਬ ਦਾ ਮਾਹੌਲ ਦਿਨ-ਬ-ਦਿਨ ਵਿਗੜ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ’ਚ ‘ਆਪ’ ਦੀ ਸਰਕਾਰ ਆਉਣ ’ਤੇ ਹੁਣ ਤੱਕ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਹਨ, ਉਨ੍ਹਾਂ ਸਾਰਿਆਂ ਦੇ ਮਾਸਟਰ ਮਾਈਂਡ ਨੂੰ ਫੜਿਆ ਜਾਵੇਗਾ ਅਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਦਾ ਪਰਦਾਫਾਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਬਦਲੇਗਾ ਪੰਜਾਬ ਦਾ ਚੋਣ ਅਖਾੜਾ, PM ਮੋਦੀ ਕਰ ਸਕਦੇ ਨੇ ਵੱਡੇ ਐਲਾਨ
ਬਿਕਰਮ ਮਜੀਠਿਆ 'ਤੇ ਦਰਜ ਹੋਏ ਪਰਚੇ ਨੂੰ ਲੈ ਕੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਬੇਅਦਬੀ ਅਤੇ ਨਸ਼ੇ ਦੇ ਮਾਮਲਿਆਂ 'ਤੇ ਸਖ਼ਤ ਕਾਰਵਾਈ ਕਰਨ ਦੀ ਸਹੁੰ ਖਾਣ ਵਾਲਿਆਂ ਨੇ 5 ਸਾਲਾਂ ਤੱਕ ਕੁਝ ਨਹੀਂ ਕੀਤਾ । ਚੋਣਾਂ ਤੋਂ ਕੁਝ ਦਿਨ ਪਹਿਲਾਂ ਪਰਚਾ ਦਰਜ ਕਰਕੇ ਛਾਲਾਂ ਮਾਰੀਆਂ ਜਾ ਰਹੀਆਂ ਹਨ। ਸੱਚਾਈ ਇਹ ਹੈ ਕਿ ਪੰਜ ਸਾਲਾਂ ਵਿੱਚ ਸਿਰਫ਼ ਇਕ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕੀਤਾ ਹੈ ਪਰ ਪੰਜਾਬ ਵਿੱਚ ਅੱਜ ਵੀ ਨਸ਼ੇ ਦਾ ਨੈੱਟਵਰਕ ਚੱਲ ਰਿਹਾ ਹੈ।ਕੇਜਰੀਵਾਲ ਨੇ ਇਸ ਨੂੰ ਪੰਜਾਬ ਸਰਕਾਰ ਦਾ ਚੋਣਾਵੀਂ ਸਟੰਟ ਕਰਾਰ ਦਿੱਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ?