ਅੰਮ੍ਰਿਤਸਰ ਏਅਰਪੋਰਟ ਨੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਨੂੰ ਪਛਾੜਿਆ

Tuesday, Mar 20, 2018 - 02:51 PM (IST)

ਅੰਮ੍ਰਿਤਸਰ ਏਅਰਪੋਰਟ ਨੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਨੂੰ ਪਛਾੜਿਆ

ਅੰਮ੍ਰਿਤਸਰ (ਇੰਦਰਜੀਤ) - ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੇ ਵਿੱਤੀ ਸਾਲ 2017-18 ਦੇ ਪਹਿਲੇ 10 ਮਹੀਨਿਆਂ ਵਿਚ ਯਾਤਰੀਆਂ ਅਤੇ ਹਵਾਈ ਜਹਾਜ਼ਾਂ ਦੀ ਆਵਾਜਾਈ ਵਿਚ ਭਾਰਤ ਦੇ 34 ਅੰਤਰਰਾਸ਼ਟਰੀ ਹਵਾਈ ਅੱਡਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਵਲੋਂ ਭਾਰਤ ਦੇ ਸਾਰੇ ਹਵਾਈ ਅੱਡਿਆ ਦੇ ਜਨਵਰੀ 2018 ਦੇ ਜਾਰੀ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਗੁਰੂ ਕੀ ਨਗਰੀ ਸਥਿਤ ਇਸ ਹਵਾਈ ਅੱਡੇ ਤੇ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। 
ਵਿੱਤੀ ਸਾਲ 2017-18 ਦੇ ਅਪ੍ਰੈਲ ਤੋਂ ਜਨਵਰੀ ਤੱਕ ਦੇ 10 ਮਹੀਨਿਆਂ ਵਿਚ ਇਥੋਂ ਘਰੇਲੂ ਯਾਤਰੀਆਂ ਦੀ ਗਿਣਤੀ ਵਿਚ ਪਿਛਲੇ ਸਾਲ ਦੇ 10 ਮਹੀਨਿਆਂ ਦੇ ਮੁਕਾਬਲੇ 61 ਫੀਸਦੀ ਵਾਧਾ ਹੋਇਆ ਹੈ ਜੋ ਕਿ ਦੇਸ਼ ਵਿਚ ਸਭ ਤੋਂ ਜ਼ਿਆਦਾ ਸੀ। ਇਕ ਹੋਰ ਮਹੱਤਵਪੂਰਨ ਪ੍ਰਾਪਤੀ ਇਹ ਹੈ ਕਿ ਇਸ ਨੇ ਹਵਾਈ ਜਹਾਜ਼ਾਂ ਦੀ ਆਵਾਜਾਈ ਵਿਚ ਵੀ ਭਾਰਤ ਦੇ ਬਾਕੀ ਅੰਤਰ-ਰਾਸ਼ਟਰੀ ਹਵਾਈ ਅੱਡਿਆਂ ਨੂੰ ਵੀ ਮਾਤ ਪਾ ਦਿੱਤੀ ਹੈ। ਇਨ੍ਹਾਂ 10 ਮਹੀਨਿਆਂ ਵਿਚ ਆਈਆਂ ਤੇ ਗਈਆਂ ਕੁੱਲ (ਘਰੇਲੂ ਤੇ ਅੰਤਰਰਾਸ਼ਟਰੀ) ਹਵਾਈ ਉਡਾਣਾਂ ਦੀ ਗਿਣਤੀ ਵਿਚ 53 ਫੀਸਦੀ ਤੇ ਘਰੇਲੂ ਉਡਾਣਾਂ ਵਿਚ ਵੀ 78 ਫੀਸਦੀ ਵਾਧੇ ਦੇ ਨਾਲ ਇਹ ਹਵਾਈ ਅੱਡਾ ਪਹਿਲੇ ਸਥਾਨ 'ਤੇ ਹੈ। ਇਨ੍ਹਾਂ 10 ਮਹੀਨਿਆਂ ਵਿਚ ਆਈਆਂ ਤੇ ਗਈਆਂ ਹਵਾਈ ਉਡਾਣਾਂ ਦੀ ਗਿਣਤੀ 14724 ਸੀ ਜਦ ਕਿ ਪਿਛਲੇ ਸਾਲ 2016-17 ਦੀ  ਗਿਣਤੀ 9621 ਸੀ। ਜਨਵਰੀ 2018 ਵਿਚ ਵੀ ਹਵਾਈ ਜਹਾਜ਼ਾਂ ਦੀ ਕੁਲ ਆਵਾਜਾਈ ਵਿਚ ਪਿਛਲੇ ਸਾਲ ਜਨਵਰੀ 2017 ਦੇ ਮੁਕਾਬਲੇ 51.7 ਫੀਸਦੀ ਦੇ ਵਾਧੇ ਨਾਲ ਅੰਮ੍ਰਿਤਸਰ ਦਾ ਪਹਿਲਾ ਸਥਾਨ ਰਿਹਾ।


Related News