ਅੰਮ੍ਰਿਤਸਰ ਪ੍ਰਸ਼ਾਸਨ ਨੇ ਜ਼ਿਲਾ ਵਾਸੀਆਂ ਦੀ ਸਹੂਲਤ ਲਈ ਬਣਾਈ ਨਵੀਂ ਵੈਬ ਸਾਈਟ
Friday, Apr 03, 2020 - 12:45 AM (IST)

ਅੰਮ੍ਰਿਤਸਰ: ਕੋਵਿਡ-19 ਤੋਂ ਪੰਜਾਬ ਵਾਸੀਆਂ ਦਾ ਬਚਾਅ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਗਏ ਕਰਫਿਊ ਦੇ ਫੈਸਲੇ ਨਾਲ ਘਰਾਂ 'ਚ ਬੈਠੇ ਲੋਕਾਂ ਦੀਆਂ ਨਿਤ ਵਰਤੋਂ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਤੇ ਹੋਰ ਜਾਣਕਾਰੀ ਲਈ ਅੰਮ੍ਰਿਤਸਰ ਪ੍ਰਸ਼ਾਸਨ ਵਲੋਂ ਨਵੀਂ ਵੈਬ ਸਾਈਟ ਦਾ ਨਿਰਮਾਣ ਕੀਤਾ ਗਿਆ ਹੈ। ਲੋਕਾਂ ਦੀਆਂ ਹਰ ਰੋਜ਼ ਦੀਆਂ ਜ਼ਰੂਰਤਾਂ ਪੂਰੀਆਂ ਕਰਨ, ਕਰਫਿਊ ਪਾਸ ਬਣਾਉਣ, ਬਣਾਏ ਗਏ ਹੈਲਪ ਡੈਸਕ ਦੀ ਜਾਣਕਾਰੀ ਪ੍ਰਾਪਤ ਕਰਨ, ਕੋਰੋਨਾ ਸਬੰਧੀ ਜਾਗਰੂਕਤਾ, ਜਾਰੀ ਹਦਾਇਤਾਂ ਵੇਖਣ ਤੇ ਰੈਡ ਕਰਾਸ ਜ਼ਰੀਏ ਲੋੜਵੰਦਾਂ ਦੀ ਮਦਦ ਕਰਨ ਵਰਗੇ ਜ਼ਰੂਰੀ ਮੁੱਦਿਆਂ ਸਬੰਧੀ ਜਾਣਕਾਰੀ ਲੋਕਾਂ ਤੱਕ ਪੁੱਜਦੀ ਕਰਨ ਲਈ ਜਿਲ੍ਹਾ ਪ੍ਰਸ਼ਾਸ਼ਨ ਅੰਮ੍ਰਿਤਸਰ ਵੱਲੋਂ ਨਵੀਂ ਵੈਬਸਾਈਟ ਸ਼ੁਰੂ ਕੀਤੀ ਗਈ ਹੈ।
www.asrcovid19helpline.in ਨਾਮ ਦੀ ਇਸ ਵੈਬਸਾਈਟ 'ਤੇ ਜਾ ਕੇ ਬਹੁਤੇ ਸ਼ੰਕੇ, ਲੋੜਾਂ ਦੀ ਪੂਰਤੀ ਹੋ ਜਾਂਦੀ ਹੈ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਦੀਆਂ ਹਦਾਇਤਾਂ ਉਤੇ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ ਦੀ ਅਗਵਾਈ ਹੇਠ ਤਿਆਰ ਕੀਤੀ ਇਸ ਵੈਬਸਾਈਟ ਨੂੰ ਜਿਲਾ ਵਾਸੀ ਕਰਫਿਊ ਦੇ ਦਿਨਾਂ ਦੌਰਾਨ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕਲਿਕ ਕਰਨ। ਇਸ 'ਚ ਦਵਾਈਆਂ, ਸਬਜ਼ੀਆਂ, ਕਰਿਆਨਾ ਆਦਿ ਦੀ ਹੋਮ ਡਲਿਵਰੀ ਸਬੰਧੀ ਫੋਨ ਨੰਬਰ ਤੁਹਾਡੇ ਇਲਾਕੇ ਦੀ ਸਹੂਲਤ ਅਨੁਸਾਰ ਦਰਸਾਏ ਗਏ ਹਨ, ਜਿੰਨਾ 'ਤੇ ਰਾਬਤਾ ਕਰਕੇ ਤੁਸੀਂ ਹੋਮ ਡਲਿਵਰੀ ਲੈ ਸਕਦੇ ਹੋ। ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਵੈਬਸਾਈਟ ਨੂੰ ਰੋਜ਼ਾਨਾ ਅਪਡੇਟ ਕਰਕੇ ਹੋਰ ਸੰਪਰਕ ਨੰਬਰ ਦਿੱਤੇ ਜਾ ਰਹੇ ਹਨ, ਤਾਂ ਜੋ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਅਸਾਨੀ ਨਾਲ ਹੁੰਦੀ ਰਹੇ।