ਸਿਵਲ ਹਸਪਤਾਲ ’ਚ ਲੱਗੀਆਂ ਬਾਇਓਮੈਟ੍ਰਿਕ ਮਸ਼ੀਨਾਂ ਬਣੀਆਂ ਡੱਬਾ

Friday, Apr 19, 2019 - 09:39 AM (IST)

ਸਿਵਲ ਹਸਪਤਾਲ ’ਚ ਲੱਗੀਆਂ ਬਾਇਓਮੈਟ੍ਰਿਕ ਮਸ਼ੀਨਾਂ ਬਣੀਆਂ ਡੱਬਾ
ਅੰਮ੍ਰਿਤਸਰ (ਦਲਜੀਤ)-ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ’ਚ ਲਾਈਆਂ 4 ਬਾਇਓਮੈਟ੍ਰਿਕ ਮਸ਼ੀਨਾਂ ਡੱਬਾ ਬਣ ਗਈਆਂ ਹਨ। ਹਸਪਤਾਲ ’ਚ ਪਿਛਲੇ ਕਈ ਮਹੀਨਿਆਂ ਤੋਂ ਜਿਥੇ 3 ਮਸ਼ੀਨਾਂ ਬੰਦ ਪਈਆਂ ਹਨ, ਉਥੇ ਹੀ ਹੁਣ ਇਕ ਬਾਇਓਮੈਟ੍ਰਿਕ ਮਸ਼ੀਨ ਵੀ ਬੰਦ ਹੋਣ ਕੰਢੇ ਪਹੁੰਚ ਗਈ ਹੈ। 200 ਤੋਂ ਵੱਧ ਹਸਪਤਾਲ ਦੇ ਕਰਮਚਾਰੀਆਂ ਨੂੰ ਮਸ਼ੀਨ ’ਤੇ ਹਾਜ਼ਰੀ ਲਾਉਣ ਲਈ 2-2 ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਹਸਪਤਾਲ ਦੇ ਕਰਮਚਾਰੀਆਂ ਦੀ ਹਾਜ਼ਰੀ ਡਿਊਟੀ ਸਮੇਂ ’ਤੇ ਯਕੀਨੀ ਬਣਾਉਣ ਲਈ 4 ਬਾਇਓਮੈਟ੍ਰਿਕ ਮਸ਼ੀਨਾਂ ਲਾਈਆਂ ਗਈਆਂ ਸਨ, ਜਿਨ੍ਹਾਂ ’ਚੋਂ 3 ਕੁਝ ਹੀ ਦਿਨਾਂ ਬਾਅਦ ਕੰਮ ਕਰਨਾ ਬੰਦ ਕਰ ਗਈਆਂ, ਜਦੋਂ ਕਿ ਇਕ ਮਸ਼ੀਨ ਸਾਰਾ ਦਿਨ ਹੌਲੀ ਇੰਟਰਨੈੱਟ ਕੁਨੈਕਸ਼ਨ ਕਾਰਨ ਅੱਧਾ ਘੰਟਾ ਚੱਲਦੀ ਹੈ। ਅੱਜ ਕਰਮਚਾਰੀ ਸਵੇਰੇ 8 ਵਜੇ ਡਿਊਟੀ ’ਤੇ ਆਏ ਪਰ ਮਸ਼ੀਨ ਨਾ ਚੱਲਣ ਕਾਰਨ 10 ਵਜੇ ਤੱਕ ਆਪਣੀ ਹਾਜ਼ਰੀ ਲਾਉਂਦੇ ਦੇਖੇ ਗਏ ਤੇ 2 ਵਜੇ ਛੁੱਟੀ ਹੋਣ ’ਤੇ 3 ਵਜੇ ਤੱਕ ਹਾਜ਼ਰੀ ਲਾਉਂਦੇ ਰਹੇ। ਸਿਹਤ ਵਿਭਾਗ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਨੇ ਕਿਹਾ ਕਿ ਬਾਇਓਮੈਟ੍ਰਿਕ ਮਸ਼ੀਨਾਂ ਦੇ ਠੀਕ ਢੰਗ ਨਾਲ ਕੰਮ ਨਾ ਕਰਨ ਕਾਰਨ ਕਰਮਚਾਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗ ਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਵੀ ਜਾਣੂ ਕਰਵਾਇਆ ਗਿਆ ਪਰ ਅਜੇ ਤੱਕ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਐਸੋਸੀਏਸ਼ਨ ਦਾ ਇਕ ਵਫਦ ਸਿਵਲ ਸਰਜਨ ਨੂੰ ਵੀ ਪੱਤਰ ਦੇਵੇਗਾ।

Related News