500 ਫੁੱਟ ਬੋਰ ''ਤੇ ਵੀ ਨਹੀਂ ਮਿਲ ਰਿਹਾ ਪੀਣ ਯੋਗ ਪਾਣੀ

11/18/2019 11:35:50 AM

ਅੰਮ੍ਰਿਤਸਰ (ਨੀਰਜ) : ਇਕ ਪਾਸੇ ਜਿਥੇ ਪੂਰਾ ਵਿਸ਼ਵ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਧੂਮਧਾਮ ਨਾਲ ਮਨਾ ਰਿਹਾ ਹੈ, ਉਥੇ ਹੀ ਪਾਣੀ ਅਤੇ ਵਾਤਾਵਰਣ ਸਬੰਧੀ ਬਾਬਾ ਨਾਨਕ ਵਲੋਂ ਦਿੱਤੇ ਉਪਦੇਸ਼ਾਂ ਦੀ ਪਾਲਣਾ ਨਹੀਂ ਹੋ ਰਹੀ। ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਪਵਣ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ ਨੂੰ ਕੋਈ ਵੀ ਗੰਭੀਰਤਾ ਨਾਲ ਨਹੀਂ ਲੈ ਰਿਹਾ। ਆਲਮ ਇਹ ਹੈ ਕਿ ਗੁਰੂ ਨਗਰੀ 'ਚ ਪੀਣ ਯੋਗ ਸਵੱਛ ਪਾਣੀ 500 ਫੁੱਟ ਬੋਰ ਕਰਨ 'ਤੇ ਵੀ ਨਹੀਂ ਮਿਲ ਰਿਹਾ।

ਹਾਲ ਹੀ 'ਚ ਕੇਂਦਰ ਸਰਕਾਰ ਵੱਲੋਂ ਗੁਰੂ ਨਾਨਕ ਸਟੇਡੀਅਮ 'ਚ ਖੇਤੀਬਾੜੀ 'ਚ ਪਾਣੀ ਦਾ ਪ੍ਰਯੋਗ ਘੱਟ ਕਰਨ ਲਈ ਆਯੋਜਿਤ ਵਰਕਸ਼ਾਪ 'ਚ ਵੀ ਵਿਗਿਆਨੀਆਂ ਨੇ ਦੱਸਿਆ ਸੀ ਕਿ ਅੰਮ੍ਰਿਤਸਰ ਡਾਰਕ ਜ਼ੋਨ 'ਚ ਹੈ। ਹਵਾ ਪ੍ਰਦੂਸ਼ਣ ਪਰਾਲੀ ਸਾੜਨ ਦੇ ਸੀਜ਼ਨ 'ਚ ਏ. ਕਿਊ. ਆਈ. 400 ਤੋਂ 500 ਤੱਕ ਜਾ ਰਿਹਾ ਹੈ। ਆਮ ਦਿਨਾਂ 'ਚ ਵੀ ਏ. ਕਿਊ. ਆਈ. 50 ਤੋਂ 100 ਵਿਚਾਲੇ ਰਹਿੰਦਾ ਹੈ, ਜੋ ਸਾਬਿਤ ਕਰਦਾ ਹੈ ਕਿ ਗੁਰੂ ਕੀ ਨਗਰੀ 'ਚ ਹਵਾ, ਪਾਣੀ ਜ਼ਹਿਰ ਬਣਦਾ ਜਾ ਰਿਹਾ ਹੈ, ਜਿਸ ਨੂੰ ਕੰਟਰੋਲ ਕਰਨ ਦੀ ਸਖਤ ਲੋੜ ਹੈ।

ਜ਼ਿਲਾ ਪ੍ਰਸ਼ਾਸਨ ਵਲੋਂ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਅਤੇ ਪਾਣੀ ਦਾ ਪੱਧਰ ਹੇਠਾਂ ਡਿੱਗਣ ਤੋਂ ਬਚਾਉਣ ਲਈ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਹੁਣ ਤੱਕ ਫੇਲ ਹੀ ਸਾਬਿਤ ਨਜ਼ਰ ਆ ਰਹੀ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਨਾ ਤਾਂ ਹਵਾ ਸਾਹ ਲੈਣ ਦੇ ਯੋਗ ਬਚੀ ਹੈ ਤੇ ਨਾ ਹੀ ਪਾਣੀ ਪੀਣ ਦੇ ਯੋਗ ਰਿਹਾ ਹੈ। ਆਵਾਜ਼ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਬੱਸਾਂ, ਟਰੱਕਾਂ, ਕਾਰਾਂ, ਜੀਪਾਂ ਇਥੋਂ ਤੱਕ ਕਿ ਸਕੂਟਰਾਂ ਤੇ ਮੋਟਰਸਾਈਕਲਾਂ 'ਤੇ ਵੀ ਲੋਕਾਂ ਨੇ ਪ੍ਰੈਸ਼ਰ ਹਾਰਨ ਲਾ ਰੱਖੇ ਹਨ, ਜੋ ਆਏ ਦਿਨ ਦੁਰਘਟਨਾਵਾਂ ਦਾ ਕਾਰਨ ਬਣ ਰਹੇ ਹਨ, ਜਿਨ੍ਹਾਂ 'ਤੇ ਕੰਟਰੋਲ ਕਰਨ ਵਾਲਾ ਪ੍ਰਦੂਸ਼ਣ ਕੰਟਰੋਲ ਵਿਭਾਗ ਕਿਸੇ ਤਰ੍ਹਾਂ ਦੀ ਸਖ਼ਤ ਕਾਰਵਾਈ ਕਰਨ 'ਚ ਬੇਵੱਸ ਨਜ਼ਰ ਆ ਰਿਹਾ ਹੈ। ਨਦੀਆਂ-ਨਾਲੇ ਤੱਕ ਸੁਰੱਖਿਅਤ ਨਹੀਂ ਰਹੇ। ਨਦੀਆਂ ਦੇ ਪਾਣੀ 'ਚ ਕਾਰਖਾਨਿਆਂ ਦਾ ਵੇਸਟ ਮਟੀਰੀਅਲ ਪਾਇਆ ਜਾ ਰਿਹਾ ਹੈ, ਜਿਸ ਨੂੰ ਰੋਕਣ ਦੀ ਸਖਤ ਲੋੜ ਹੈ।

ਗਾਂਧੀ ਜਯੰਤੀ ਤੋਂ ਬਾਅਦ ਵੀ ਪਾਲੀਥੀਨ ਲਿਫਾਫਿਆਂ ਦਾ ਇਸਤੇਮਾਲ ਰੋਕ ਨਹੀਂ ਸਕਿਆ ਪ੍ਰਸ਼ਾਸਨ
ਕੇਂਦਰ ਸਰਕਾਰ ਵੱਲੋਂ ਗਾਂਧੀ ਜਯੰਤੀ 'ਤੇ ਪਾਲੀਥੀਨ 'ਤੇ ਬੈਨ ਲਾਇਆ ਗਿਆ ਸੀ ਤੇ ਜ਼ਿਲਾ ਪ੍ਰਸ਼ਾਸਨ ਨੇ ਐਲਾਨ ਕੀਤਾ ਸੀ ਕਿ ਗੁਰੂ ਨਗਰੀ 'ਚ ਪਲਾਸਟਿਕ ਦੇ ਲਿਫਾਫਿਆਂ ਦਾ ਇਸਤੇਮਾਲ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਦੀ ਬਜਾਏ ਮੱਕੀ ਅਤੇ ਆਲੂ ਦੇ ਮਟੀਰੀਅਲ ਤੋਂ ਬਣੇ ਲਿਫਾਫਿਆਂ ਦਾ ਪ੍ਰਯੋਗ ਲਾਜ਼ਮੀ ਕਰ ਦਿੱਤਾ ਗਿਆ ਹੈ ਪਰ ਆਪਣੇ ਇਸ ਆਦੇਸ਼ ਨੂੰ ਜ਼ਿਲਾ ਪ੍ਰਸ਼ਾਸਨ ਅਮਲੀਜਾਮਾ ਨਹੀਂ ਪੁਆ ਸਕਿਆ। ਇਸ ਦਾ ਸਭ ਤੋਂ ਵੱਡਾ ਕਾਰਨ ਪਲਾਸਟਿਕ ਦੇ ਲਿਫਾਫਿਆਂ ਦਾ ਬਦਲ ਮੱਕੀ ਅਤੇ ਆਲੂ ਜਾਂ ਜੂਟ ਤੋਂ ਬਣੇ ਲਿਫਾਫਿਆਂ ਦੀ ਉਪਲਬਧਤਾ ਨਾ ਹੋਣਾ ਹੈ। ਸਰਕਾਰ ਵੱਲੋਂ ਜਿਸ ਕੰਪਨੀ ਨੂੰ ਮੱਕੀ ਅਤੇ ਆਲੂ ਦੇ ਮਟੀਰੀਅਲ ਤੋਂ ਬਣੇ ਲਿਫਾਫੇ ਬਣਾਉਣ ਦੀ ਡੀਲ ਕੀਤੀ ਗਈ ਸੀ, ਉਹ ਇੰਨੇ ਲਿਫਾਫੇ ਨਹੀਂ ਬਣਾ ਸਕੀ ਕਿ ਪੂਰੇ ਜ਼ਿਲੇ 'ਚ ਪਲਾਸਟਿਕ ਦੇ ਲਿਫਾਫਿਆਂ ਦਾ ਵਿਕਲਪ ਮਿਲ ਜਾਵੇ।

ਖਤਰਨਾਕ ਪੱਧਰ 'ਤੇ ਪਾਣੀ ਦਾ ਟੀ. ਡੀ. ਐੱਸ.
ਪਾਣੀ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਪਾਣੀ ਪੀਣ ਦੇ ਯੋਗ ਨਹੀਂ ਰਿਹਾ। ਕਦੇ ਜ਼ਮਾਨਾ ਸੀ ਕਿ 50 ਤੋਂ 70 ਫੁੱਟ ਦਾ ਬੋਰ ਕਰਨ 'ਤੇ ਪੀਣ ਯੋਗ ਪਾਣੀ ਮਿਲ ਜਾਂਦਾ ਸੀ। ਜਾਣਕਾਰੀ ਅਨੁਸਾਰ 100 ਤੋਂ 150 ਫੁੱਟ ਬੋਰ ਦਾ ਪਾਣੀ ਦਾ ਟੀ. ਡੀ. ਐੱਸ. 500 ਤੋਂ 1000 ਵਿਚ ਆ ਰਿਹਾ ਹੈ, ਜਦਕਿ ਕੁਝ ਇਲਾਕਿਆਂ 'ਚ ਤਾਂ 2 ਤੋਂ 3 ਹਜ਼ਾਰ ਵਿਚ ਟੀ. ਡੀ. ਐੱਸ. ਆ ਰਿਹਾ ਹੈ। ਜਦੋਂ 300 ਤੋਂ 500 ਫੁੱਟ ਤੋਂ ਜ਼ਿਆਦਾ ਦਾ ਬੋਰ ਕੀਤਾ ਜਾਂਦਾ ਹੈ ਤਦ ਪਾਣੀ 100 ਤੋਂ 200 ਦਾ ਟੀ. ਡੀ. ਐੱਸ. ਆਉਂਦਾ ਹੈ। ਸਰਕਾਰ ਵੱਲੋਂ ਨਿਗਮ ਦੇ ਟਿਊਬਵੈੱਲਾਂ ਜ਼ਰੀਏ ਉਪਲਬਧ ਕਰਵਾਇਆ ਜਾ ਰਿਹਾ ਪਾਣੀ ਪੀਣ ਯੋਗ ਰਹਿੰਦਾ ਹੈ ਕਿਉਂਕਿ ਇਸ ਦਾ ਬੋਰ 500 ਫੁੱਟ ਤੋਂ ਵੱਧ ਹੁੰਦਾ ਹੈ, ਜਦਕਿ ਆਮ ਤੌਰ 'ਤੇ ਜੋ ਲੋਕ ਘਰਾਂ 'ਚ ਸਬਮਰਸੀਬਲ ਪੰਪ ਦਾ ਪ੍ਰਯੋਗ ਕਰ ਰਹੇ ਹਨ, ਉਨ੍ਹਾਂ ਨੂੰ ਆਰ. ਓ. ਲਾਉਣਾ ਲਾਜ਼ਮੀ ਹੋ ਚੁੱਕਾ ਹੈ।

ਪਾਕਿਸਤਾਨ ਵੀ ਪ੍ਰਦੂਸ਼ਿਤ
ਹਵਾ ਪ੍ਰਦੂਸ਼ਣ ਦੇ ਮਾਮਲੇ 'ਚ ਪਾਕਿਸਤਾਨ ਵੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੈ। ਉਥੋਂ ਦੇ ਕਿਸਾਨ ਵੀ ਪਰਾਲੀ ਸਾੜਦੇ ਹਨ। ਖੇਤੀਬਾੜੀ ਵਿਗਿਆਨੀ ਵਾਰ-ਵਾਰ ਚਿਤਾਵਨੀ ਦੇ ਰਹੇ ਹਨ ਕਿ ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਨਾਲ ਮਿੱਟੀ ਦਾ ਉਪਜਾਊਪਨ ਘੱਟ ਹੋ ਰਿਹਾ ਹੈ। ਇਹੀ ਹਾਲ ਰਿਹਾ ਤਾਂ ਖੇਤ ਬੰਜਰ ਹੋ ਜਾਣਗੇ। ਅੰਮ੍ਰਿਤਸਰ ਜ਼ਿਲੇ ਦੀ ਗੱਲ ਕਰੀਏ ਤਾਂ ਬਾਰਡਰ ਫੈਂਸਿੰਗ ਦੇ ਦੋਵੇਂ ਪਾਸੇ ਭਾਰਤੀ ਅਤੇ ਪਾਕਿਸਤਾਨੀ ਇਲਾਕੇ 'ਚ ਕਿਸਾਨ ਫਸਲਾਂ ਦੀ ਰਹਿੰਦ-ਖੂੰਹਦ ਸਾੜ ਰਹੇ ਹਨ, ਜਿਸ ਨਾਲ ਦੋਵੇਂ ਪਾਸੇ 20 ਤੋਂ 25 ਫੁੱਟ ਉੱਚੀ ਸਮੋਗ ਬਣ ਜਾਂਦੀ ਹੈ।

10 ਸਾਲਾਂ 'ਚ ਕੱਟੇ ਗਏ ਲੱਖਾਂ ਦਰੱਖਤ
ਗੁਰੂ ਨਗਰੀ 'ਚ ਵਿਕਾਸ ਦੇ ਨਾਂ 'ਤੇ ਲੱਖਾਂ ਦਰੱਖਤਾਂ ਦੀ ਕੁਰਬਾਨੀ ਦਿੱਤੀ ਗਈ। ਫੋਰ ਲੇਨ ਅਤੇ ਸਿਕਸ ਲੇਨ ਪ੍ਰਾਜੈਕਟਾਂ, ਬੀ. ਆਰ. ਟੀ. ਐੱਸ. ਪ੍ਰਾਜੈਕਟ, ਸੜਕਾਂ ਨੂੰ ਚੌੜਾ ਕਰਨ ਦੇ ਪ੍ਰਾਜੈਕਟਾਂ 'ਤੇ ਲੱਖਾਂ ਦੀ ਗਿਣਤੀ 'ਚ ਦਰੱਖਤ ਕੱਟ ਦਿੱਤੇ ਗਏ ਪਰ ਜਿੰਨੇ ਦਰੱਖਤ ਕੱਟੇ ਗਏ, ਓਨੇ ਲਾਏ ਨਹੀਂ ਗਏ। ਜਲੰਧਰ, ਪਠਾਨਕੋਟ ਤੇ ਰਾਜਸਥਾਨ ਜਾਂਦੇ ਮਾਰਗਾਂ 'ਤੇ ਵੀ ਡਿਵਾਈਡਰਾਂ 'ਚ ਵੱਡੇ ਅਤੇ ਛਾਂਦਾਰ ਦਰੱਖਤ ਲਾਏ ਜਾਣੇ ਚਾਹੀਦੇ ਸਨ ਪਰ ਨਹੀਂ ਲਾਏ ਗਏ। ਪ੍ਰਸ਼ਾਸਨ ਹਰ ਸਾਲ ਦਾਅਵਾ ਕਰਦਾ ਹੈ ਕਿ ਲੱਖਾਂ ਦੀ ਗਿਣਤੀ 'ਚ ਬੂਟੇ ਲਾਏ ਗਏ ਹਨ ਪਰ ਇਹ ਦਾਅਵੇ ਕਾਗਜ਼ਾਂ ਤੱਕ ਸੀਮਤ ਰਹਿੰਦੇ ਹਨ।


Baljeet Kaur

Content Editor

Related News