ਪੰਜਾਬ ਦੀ ਵਿਰਾਸਤ : ਅੱਖਰਕਾਰੀ ਦਾ ਸਿਰਨਾਵਾਂ ''ਆਰਟ ਹੈਰੀਟੇਜ''

Sunday, Feb 24, 2019 - 09:29 AM (IST)

ਪੰਜਾਬ ਦੀ ਵਿਰਾਸਤ : ਅੱਖਰਕਾਰੀ ਦਾ ਸਿਰਨਾਵਾਂ ''ਆਰਟ ਹੈਰੀਟੇਜ''

ਅੰਮ੍ਰਿਤਸਰ : ਅੰਮ੍ਰਿਤਸਰ ਦੀ ਬ੍ਰਹਮ ਬੂਟਾ ਮਾਰਕੀਟ 'ਚ ਆਰਟ ਹੈਰੀਟੇਜ ਕਲਾ ਦੀ ਅਜਿਹੀ ਹੱਟੀ ਹੈ, ਜਿੱਥੇ ਪੂਰੇ ਪਰਿਵਾਰ ਨੂੰ ਹੀ ਚਿੱਤਰਕਾਰੀ, ਨਕਾਸ਼ੀ ਅਤੇ ਅੱਖਰਕਾਰੀ ਦੀ ਗੁੜ੍ਹਤੀ ਮਿਲੀ ਹੈ। 1960 ਤੋਂ ਸਥਾਪਿਤ ਆਰਟ ਹੈਰੀਟੇਜ ਮਾਰਫਤ ਪੰਜਾਬ ਦੀ ਸਿੱਖ ਚਿੱਤਰਕਾਰੀ, ਅੱਖਰਕਾਰੀ ਅਤੇ ਨਕਾਸ਼ੀ ਦਾ ਮੁਹਾਂਦਰਾ ਵੇਖਿਆ ਜਾ ਸਕਦਾ ਹੈ।

ਅੱਖਰਕਾਰੀ ਕਰਦਾ ਹਰਦੀਪ ਸਿੰਘ ਦੱਸਦਾ ਹੈ ਕਿ ਤਕਨੀਕ ਦੇ ਅਜਿਹੇ ਦੌਰ 'ਚ ਕਲਾ ਨੂੰ ਸਮਰਪਿਤ ਮੂਲ ਪੇਸ਼ਕਾਰੀਆਂ ਵੱਡੇ ਸੰਘਰਸ਼ ਵਿੱਚੋਂ ਲੰਘ ਰਹੀਆਂ ਹਨ। ਹਰਦੀਪ ਕਹਿੰਦਾ ਹੈ ਕਿ ਇਸ ਦੇ ਬਾਵਜੂਦ ਬੇਉਮੀਦੀ ਉੱਕਾ ਨਹੀਂ। ਮੇਰੇ ਹੱਥਾਂ ਨਾਲ ਹੁੰਦੀ ਅੱਖਰਕਾਰੀ ਲੋਕਾਂ ਦੀਆਂ ਬੈਠਕਾਂ  'ਚ ਕੰਧਾਂ 'ਤੇ ਲੱਗੀਆਂ ਸ਼ਿੰਗਾਰ ਬਣਦੀਆਂ ਹਨ। ਇਸ ਦੌਰ ਅੰਦਰ ਪੰਜਾਬੀ ਲਿਖਣ ਦੀ ਕੈਲੀਗ੍ਰਾਫੀ (ਅੱਖਰਕਾਰੀ) ਨੂੰ ਕਰਨ ਦਾ ਸ਼ੌਂਕ ਨਵੀਂ ਪੀੜ੍ਹੀ ਵਿਚ ਹੈ। ਸੋਹਣੀ ਅਤੇ ਕਲਾਤਮਕ ਲਿਖਾਵਟ ਨੂੰ ਬਕਾਇਦਾ ਸਿੱਖਿਆ ਵੀ ਜਾਂਦਾ ਹੈ। ਹਰਦੀਪ ਸਿੰਘ ਕਹਿੰਦੇ ਹਨ ਕਿ ਪੰਜਾਬੀ ਬੋਲੀ ਪ੍ਰਤੀ ਗੁਰਮੁੱਖੀ ਦੀ ਅਜਿਹੀ ਕਲਾਤਮਕ ਪੇਸ਼ਕਾਰੀ ਵੱਡਾ ਹੁੰਗਾਰਾ ਦੇਵੇਗੀ।

ਹਰਦੀਪ ਸਿੰਘ ਦੇ ਪਰਿਵਾਰ ਨਾਲ ਨਕਾਸ਼ੀ, ਚਿੱਤਰਕਲਾ ਅਤੇ ਅੱਖਰਕਾਰੀ ਦਾ ਪੂਰਾ ਸਫਰ ਤੁਰਦਾ ਹੈ। ਹਰਦੀਪ ਸਿੰਘ ਦੇ ਪੜਦਾਦਾ ਭਾਈ ਗਿਆਨ ਸਿੰਘ ਹੁਣਾਂ ਆਪਣੇ ਵੇਲਿਆਂ 'ਚ ਫਰੈਸਕੋ ਕਲਾ ਰਾਹੀਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾਵਾਂ ਨਿਭਾਈਆਂ। ਫਰੈਂਸਕੋ ਕਲਾ ਕੰਧਾਂ ਉੱਤੇ ਕੀਤੀ ਨਕਾਸ਼ੀ ਹੁੰਦੀ ਹੈ ਅਤੇ ਭਾਈ ਗਿਆਨ ਸਿੰਘ ਨਕਾਸ਼  ਇਹ ਨਕਾਸ਼ੀ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਦੀਆਂ ਕੰਧਾਂ 'ਤੇ ਕਰਦੇ ਰਹੇ ਹਨ। ਹਰਦੀਪ ਸਿੰਘ ਦੇ ਦਾਦਾ ਜੀ. ਐੱਸ. ਸੋਹਣ ਸਿੰਘ ਸਿੱਖ ਇਤਿਹਾਸ ਨਾਲ ਸਬੰਧਿਤ ਤਸਵੀਰਾਂ ਬਣਾਉਂਦੇ ਰਹੇ। ਉਨ੍ਹਾਂ ਦੇ ਪਿਤਾ ਸਤਪਾਲ ਦਾਨਿਸ਼ ਵੀ ਇੰਝ ਆਰਟ ਹੈਰੀਟੇਜ ਦਾ ਹਿੱਸਾ ਹਨ। ਆਰਟ ਹੈਰੀਟੇਜ 'ਚ ਹੀ ਪਰਿਵਾਰ ਦੇ ਇੱਕ ਹੋਰ ਮੈਂਬਰ ਹਰਦੀਪ ਸਿੰਘ ਦਾ ਤਾਇਆ ਸੁਰਿੰਦਰ ਸਿੰਘ ਹੈ ਜੋ ਗ੍ਰਾਫਿਕਸ 'ਤੇ ਕੰਮ ਕਰਦੇ ਹਨ। ਸੁਰਿੰਦਰ ਸਿੰਘ ਦੱਸਦੇ ਹਨ ਕਿ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਆਧੁਨਿਕ ਗੋਲਡਨ ਆਫਸੈੱਟ ਪ੍ਰੈੱਸ ਦਾ ਉਹ ਹਿੱਸਾ ਰਹੇ ਹਨ। ਇੱਥੇ ਸ੍ਰੀ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੀ ਛਪਾਈ ਹੁੰਦੀ ਹੈ।

PunjabKesari
ਪੰਜਾਬੀ ਬੋਲੀ ਨੂੰ ਗੁਰਮੁਖੀ ਲਿਪੀ ਨਾਲ ਵਿਗਿਆਨਕ ਤਰਤੀਬ ਅਧੀਨ ਲਿਖਤੀ ਰੂਪ ਗੁਰੂ ਅੰਗਦ ਦੇਵ ਜੀ ਨੇ ਦਿੱਤਾ। ਉਨ੍ਹ ਸਮਿਆਂ ਤੋਂ ਹੀ ਪੰਜਾਬੀ ਕੈਲੀਗ੍ਰਾਫੀ ਦੀ ਅਹਿਮੀਅਤ ਰਹੀ ਹੈ। ਇੰਝ ਅੱਖਰਕਾਰੀ ਪੰਜਾਬੀ ਜ਼ੁਬਾਨ ਦੀ ਵੱਡਮੁੱਲੀ ਵਿਰਾਸਤ ਹੈ।ਹਰਦੀਪ ਕੈਲੀਗ੍ਰਾਫੀ ਬਾਰੇ ਸਮਝਾਉਂਦੇ ਕਹਿੰਦੇ ਹਨ ਕਿ ਕਲਮ ਨਾਮ ਪੰਜਾਬੀ ਨੂੰ ਲਿਖਣ ਅਤੇ ਪੰਜਾਬੀ ਦੀ ਲਿਖਤੀ ਮੂਰਤ ਬਣਾਉਣ 'ਚ ਫਰਕ ਹੈ। ਕੈਲੀਗ੍ਰਾਫੀ ਅੱਖਰਾਂ ਨੂੰ ਕਲਾਤਮਕ ਸ਼ਿੰਗਾਰ ਦੇਣਾ ਹੈ।
ਹਰਦੀਪ ਸਿੰਘ ਇਹਨਾਂ ਦਿਨਾਂ 'ਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ,ਗੁਰੂ ਹਰਿਰਾਏ ਸਾਹਿਬ,ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਹੱਥ ਲਿਖਤਾਂ ਦੇ ਨਮੂਨੇ ਅੱਖਰਕਾਰੀ ਅਧੀਨ ਮੁੜ ਘੜ ਰਹੇ ਹਨ। ਹਰਦੀਪ ਸਿੰਘ ਕਹਿੰਦੇ ਹਨ ਕਿ ਕਿਸੇ ਵੀ ਸੱਭਿਆਚਾਰ ਦੀ ਨਿਸ਼ਾਨਦੇਹੀ ਉਹਦਾ ਅਦਬ ਅਤੇ ਕਲਾ ਕਰਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਬੀੜਾਂ ਅੱਖਰਕਾਰੀ ਨਾਲ ਹੀ ਲਿਖੀਆਂ ਗਈਆਂ। ਹੁਣ ਕੰਪਿਊਟਰ ਤਕਨੀਕ ਕਰਕੇ ਇਸ ਕਲਾ ਨੂੰ ਅਣਗੋਲਿਆ ਕੀਤਾ ਗਿਆ ਹੈ। ਪੰਜਾਬੀ ਜ਼ੁਬਾਨ ਦੇ ਨਾਲ ਨਾਲ ਪੰਜਾਬੀ ਅੱਖਰਕਾਰੀ ਦੀ ਵਿਰਾਸਤ ਨੂੰ ਸਹੇਜਣ ਦੀ ਲੋੜ ਹੈ। ਹਰਦੀਪ ਆਪਣੇ ਤਜਰਬੇ ਨੂੰ ਸਾਂਝਾ ਕਰਦਾ ਦੱਸਦਾ ਹੈ ਕਿ ਪਹਿਲਾਂ ਸਾਨੂੰ ਫੱਟੀਆਂ 'ਤੇ ਲਿਖਣਾ ਸਿਖਾਇਆ ਜਾਂਦਾ ਸੀ ਅਤੇ ਸੋਹਣੀ ਲਿਖਾਈ ਕਿਸੇ ਵੀ ਪੜ੍ਹਣਹਾਰੇ ਦੀ ਖੂਬਸੂਰਤੀ ਸੀ ਪਰ ਹੁਣ ਟਾਈਪਿੰਗ ਦੇ ਯੁੱਗ 'ਚ ਇਸ ਨੂੰ ਪੰਜਾਬੀ ਕਲਾ ਦੇ ਰੂਪ 'ਚ ਸਹੇਜਣ ਦੀ ਲੋੜ ਹੈ।

ਹਰਦੀਪ ਮੁਤਾਬਕ ਬੰਦਿਆਂ ਦੀ ਅੱਖਰਕਾਰੀ 'ਚ ਰੁਚੀ ਤਾਂ ਹੈ। ਉਨ੍ਹਾਂ ਸਮੇਤ ਲੁਧਿਆਣਾ ਤੋਂ ਕਮਲਜੀਤ ਕੌਰ, ਮੁਕਤਸਰ ਤੋਂ ਮਹਿਤਾਬ ਸਿੰਘ ਅਤੇ ਹੋਰ ਕਈ ਅੱਖਰਕਾਰੀ ਕਰਦੇ ਘਾੜੇ ਸਰਗਰਮ ਹਨ। ਸਾਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਸੋਹਣੀਆਂ ਇਬਾਰਤਾਂ ਲਿਖਕੇ ਜਦੋਂ ਅਸੀਂ ਉਹਨੂੰ ਆਪਣੀ ਜ਼ਿੰਦਗੀ ਦਾ ਸ਼ਿੰਗਾਰ ਬਣਾਵਾਂਗੇ ਤਾਂ ਪੰਜਾਬੀ ਅਦਬ ਦਾ ਮਾਹੌਲ ਬਣਾਉਣ 'ਚ ਕੈਲੀਗ੍ਰਾਫੀ ਦਾ ਹਿੱਸਾ ਵੀ ਹੋਵੇਗਾ। – ਹਰਪ੍ਰੀਤ ਸਿੰਘ ਕਾਹਲੋਂ


author

Baljeet Kaur

Content Editor

Related News