ਅੰਮ੍ਰਿਤਸਰ: 3 ਅਣਪਛਾਤੇ ਬਾਈਕ ਸਵਾਰਾਂ ਵਲੋਂ ਵਿਦਿਆਰਥੀ ਅਗਵਾ
Tuesday, Oct 01, 2019 - 08:15 PM (IST)
ਅੰਮ੍ਰਿਤਸਰ,(ਅਰੁਣ)- ਕੋਟ ਖਾਲਸਾ ਥਾਣੇ ਅਧੀਨ ਪੈਂਦੇ ਖੇਤਰ ਗੁਰੂ ਨਾਨਕਪੁਰਾ ’ਚ 3 ਅਣਪਛਾਤੇ ਬਾਈਕ ਸਵਾਰ ਜਿਨ੍ਹਾਂ ’ਚੋਂ ਇਕ ਨੌਜਵਾਨ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ, ਜਿਸ ਨੂੰ ਜੋਤੀ ਨਾਂ ਦੀ ਔਰਤ ਵੱਲੋਂ 7-8 ਸਾਲਾਂ ਸਕੂਲੀ ਬੱਚੇ ਨੂੰ ਜ਼ਬਰੀ ਅਗਵਾ ਕਰਦਿਆਂ ਦੇਖਿਆ ਗਿਆ। ਬੱਚਾ ਜੋ ਕਿ ਲਗਾਤਾਰ ਉਸ ਨੂੰ ਛੱਡ ਦੇਣ ਦੀ ਦੁਹਾਈ ਪਾ ਰਿਹਾ ਸੀ। ਮੁਹੱਲਾ ਵਾਸੀਆਂ ਵੱਲੋਂ ਇਸ ਦੀ ਤੁਰੰਤ ਸੂਚਨਾ ਕੰਟਰੋਲ ਰੂਮ ਅਤੇ ਥਾਣਾ ਕੋਟ ਖਾਲਸਾ ਦੀ ਪੁਲਸ ਨੂੰ ਦਿੱਤੀ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਡੀ. ਸੀ. ਪੀ. ਸਿਟੀ-1 ਹਰਜੀਤ ਸਿੰਘ ਧਾਲੀਵਾਲ, ਏ. ਸੀ. ਪੀ. ਲਾਇਸੈਂਸਿੰਗ ਨਰਿੰਦਰ ਸਿੰਘ ਅਤੇ ਥਾਣਾ ਕੋਟ ਖਾਲਸਾ ਦੀ ਪੁਲਸ ਮੌਕੇ ’ਤੇੇ ਪੁੱਜ ਗਈ। ਅਗਵਾਕਾਰ ਜੋ ਉਕਤ ਗਲੀ ’ਚ ਇਕ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ’ਚ ਕੈਦ ਦੱਸੇ ਜਾ ਰਹੇ ਹਨ। ਪੁਲਸ ਵੱਲੋਂ ਬੱਚੇ ਦੀ ਸ਼ਨਾਖਤ ਅਤੇ ਅਗਵਾਕਾਰਾਂ ਦਾ ਸੁਰਾਗ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਏ. ਸੀ. ਪੀ. ਲਾਇਸੈਂਸਿੰਗ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਹਰੇਕ ਪਹਿਲੂ ਤੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਤੋਂ ਇਲਾਵਾ ਅਗਵਾ ਹੋਏ ਬੱਚੇ ਬਾਰੇ ਪਤਾ ਲਾਉਣ ਦਾ ਵੀ ਸੁਰਾਗ ਲਾ ਰਹੀ ਹੈ।