ਸੁਹਾਵਣੇ ਮੌਸਮ ''ਚ ਸ੍ਰੀ ਹਰਿਮੰਦਰ ਸਾਹਿਬ ਦਾ ਅਲੌਕਿਕ ਦ੍ਰਿਸ਼, ਦਰਸ਼ਨ ਕਰ ਨਿਹਾਲ ਹੋਈਆਂ ਸੰਗਤਾਂ
Tuesday, Aug 11, 2020 - 09:40 AM (IST)
ਅੰਮ੍ਰਿਤਸਰ (ਅਨਜਾਣ) : ਸਵੇਰ ਦੇ ਠੰਢੇ ਤੇ ਸੁਹਾਵਣੇ ਮੌਸਮ 'ਚ ਸੰਗਤਾਂ ਸੱਚਖੰਡ ਨਤਮਸਤਕ ਹੋਈਆਂ। ਕਿਵਾੜ ਖੁੱਲ੍ਹਦਿਆਂ ਹੀ ਬੇਨਤੀ ਰੂਪੀ ਸ਼ਬਦ ਪੜ੍ਹਦੀਆਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਪੁੱਜੀਆਂ। ਰਾਗੀ ਸਿੰਘਾਂ ਵਲੋਂ ਇਲਾਹੀ ਬਾਣੀ ਦੇ ਕੀਰਤਨ ਦੀਆਂ ਧੁਨਾਂ ਛੇੜੀਆਂ ਗਈਆਂ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਚੱਲਣ ਉਪਰੰਤ ਸੰਗਤਾਂ ਵਲੋਂ ਗੁਲਾਬ ਛਿੱੜਕਿਆ ਗਿਆ ਤੇ ਫੁੱਲਾਂ ਦੀ ਵਰਖ਼ਾ ਕੀਤੀ ਗਈ। ਫੁੱਲਾਂ ਨਾਲ ਸਜ਼ੀ ਸੁਨਹਿਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ ਤੇ ਸੰਗਤਾਂ ਵਲੋਂ ਸਵੱਯੇ ਉਚਾਰਣ ਕੀਤੇ ਗਏ। ਗ੍ਰੰਥੀ ਸਿੰਘ ਨੇ ਮੁੱਖ ਵਾਕ ਲਿਆ, ਜਿਸ ਦੀ ਕਥਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤੀ ਗਈ। ਸੰਗਤਾਂ ਨੇ ਪਰਿਕਰਮਾ ਦੇ ਇਸ਼ਨਾਨ ਦੀ ਸੇਵਾ ਦੇ ਇਲਾਵਾ ਗੁਰੂ ਕੇ ਲੰਗਰ, ਛਬੀਲ ਤੇ ਜੌੜੇ ਘਰ ਵਿਖੇ ਸੇਵਾ ਕੀਤੀ।
ਇਹ ਵੀ ਪੜ੍ਹੋਂ :ਪੰਜਾਬ 'ਚ ਨਹੀਂ ਰੁਕ ਰਹੀਆਂ ਜਬਰ-ਜ਼ਿਨਾਹ ਦੀਆਂ ਵਾਰਦਾਤਾਂ, ਹੁਣ 14 ਸਾਲਾ ਕੁੜੀ ਨੂੰ ਬਣਾਇਆ ਸ਼ਿਕਾਰ
ਮੁੱਖ ਵਾਕ ਦੀ ਕਥਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਮੁੱਖ ਵਾਕ ਦੀ ਕਥਾ ਸਵੇਰੇ 7.45 ਤੋਂ 8.30 ਵਜੇ ਤੱਕ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 571 ਦੇ ਸੁਭਾਏਮਾਨ ਵਡਹੰਸ ਮਹਲਾ 3 ਦੇ ਸ਼ਬਦ ਦੀ ਵਿਆਖਿਆ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਹੇ ਮੇਰੇ ਮਨ! ਜਗਤ (ਦਾ ਮੋਹ ਜੀਵ ਵਾਸਤੇ) ਜਨਮ ਮਰਨ (ਦਾ ਗੇੜ ਲਿਆਉਂਦਾ) ਹੈ, ਆਖ਼ਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ 'ਚ ਜੁੜਿਆਂ (ਜਨਮ ਮਰਨ ਦੇ ਗੇੜ) 'ਚ ਮੁੜ-ਮੁੜ ਫੇਰਾ ਨਹੀਂ ਪਾਉਣਾ ਪੈਂਦਾ। ਹੇ ਨਾਨਕ! ਪ੍ਰਭੂ ਦੇ ਰੰਗ 'ਚ ਰੰਗੇ ਹੋਏ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ।
ਇਹ ਵੀ ਪੜ੍ਹੋਂ : ਦਾਜ ਦੇ ਲੋਭੀਆਂ ਨੇ ਪੁੱਤਾਂ ਵਾਂਗ ਪਾਲ਼ੀ ਧੀ ਦੀ ਜ਼ਿੰਦਗੀ ਕੀਤੀ ਤਬਾਹ, ਦਿਲ ਨੂੰ ਝੰਜੋੜ ਦੇਵੇਗੀ ਗ਼ਰੀਬ ਮਾਂ ਦੀ ਦਾਸਤਾਨ