ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਸੰਗਤਾਂ ਹੋਈਆਂ ਨਿਹਾਲ
Tuesday, Jul 28, 2020 - 09:21 AM (IST)
ਅੰਮ੍ਰਿਤਸਰ (ਅਨਜਾਣ) : 36 ਡਿਗਰੀ ਤਾਪਮਾਨ ਤੇ ਕੋਰੋਨਾ ਦੇ ਪ੍ਰਕੋਮ ਕਾਰਣ ਵੀ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰਕੇ ਨਿਹਾਲ ਹੋਈਆਂ। ਭਾਵੇਂ ਕੱਲ੍ਹਨਾਲੋਂ ਸੰਗਤਾਂ ਦੀ ਗਿਣਤੀ ਬਹੁਤ ਘੱਟ ਰਹੀ ਪਰ ਰੋਜ਼ਾਨਾ ਨੇਮ ਨਾਲ ਆਉਣ ਵਾਲੀਆਂ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਹਾਜ਼ਰੀ ਭਰ ਕੇ ਜਿੱਥੇ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆਂ ਉਥੇ ਪਰਿਕਰਮਾ ਇਸ਼ਨਾਨ, ਸ੍ਰੀ ਅਕਾਲ ਤਖ਼ਤ ਸਾਹਿਬ, ਜੋੜੇ ਘਰ, ਪਾਵਨ ਸਰੋਵਰ ਤੇ ਛਬੀਲ ਤੇ ਸੇਵਾ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਤਿਨ ਪਹਿਰੇ ਦੀਆਂ ਸੰਗਤਾਂ ਤੇ ਡਿਊਟੀ ਸੇਵਾਦਾਰਾਂ ਨੇ ਮਿਲ ਕੇ ਸੰਭਾਲੀ। ਜਿੱਥੇ ਸੰਗਤਾਂ ਦੇ ਦਰਸ਼ਨ-ਦੀਦਾਰੇ ਕਰਨ ਤੋਂ ਪਹਿਲਾਂ ਮੁਖ ਗੇਟਾਂ ‘ਤੇ ਉਨ੍ਹਾਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ ਉਥੇ ਲੰਗਰ ਤੇ ਕੜਾਹ ਪ੍ਰਸ਼ਾਦਿ ਵਾਲੇ ਸਥਾਨ ‘ਤੇ ਵੀ ਪੂਰਾ ਇਹਤਿਆਦ ਵਰਤਿਆ ਜਾ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਅੰਦਰ ਦਰਸ਼ਨਾ ਲਈ ਜਾਣ ਵਾਲੀਆਂ ਸੰਗਤਾਂ ਨੂੰ ਸੇਵਾਦਾਰਾਂ ਵਲੋਂ ਹੱਥ ਜੋੜ ਕੇ ਬਾਹਰ ਜਾਣ ਲਈ ਬੇਨਤੀ ਕੀਤੀ ਜਾ ਰਹੀ ਹੈ ਤਾਂ ਜੋ ਅੰਦਰ ਜਿੱਥੇ ਭੀੜ ਤੋਂ ਬਚਿਆ ਜਾ ਸਕੇ ਉਥੇ ਦੂਸਰੀਆਂ ਸੰਗਤਾਂ ਨੂੰ ਵੀ ਦਰਸ਼ਨ ਕਰਨ ਦਾ ਮੌਕਾ ਮਿਲ ਸਕੇ।
ਇਹ ਵੀ ਪੜ੍ਹੋਂ : ਗ੍ਰੰਥੀ ਦੀ ਕਰਤੂਤ: ਪਾਠ ਸਿੱਖਣ ਆਈ ਨਾਬਾਲਗ ਕੁਡ਼ੀ ਨਾਲ ਕੀਤਾ ਗਲਤ ਕੰਮ, ਵਾਇਰਲ ਹੋਈ ਵੀਡੀਓ
ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਸੰਗਤਾਂ ਨੇ ਕੀਤੇ ਇਲਾਹੀ ਬਾਣੀ ਦੇ ਕੀਰਤਨ
ਕੋਰੋਨਾ ਲਾਗ ਤੋਂ ਨਿਜਾਤ ਪਾਉਣ ਲਈ ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰੂ ਕੀਆਂ ਸੰਗਤਾਂ ਨੇ ਰਲ-ਮਿਲ ਕੇ ਇਲਾਹੀ ਬਾਣੀ ਦੇ ਕੀਰਤਨ ਕੀਤੇ। ਅਰਦਾਸ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ। ਗ੍ਰੰਥੀ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਗੁਰਬਾਣੀ ਜੱਸ ਗਾਉਣ ਨਾਲ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲਈਦਾ ਹੈ ਤੇ ਜੋ ਉਸ ਨੂੰ ਪਾ ਲੈਂਦਾ ਹੈ ਉਸ ਦੇ ਅਨੇਕ ਪ੍ਰਕਾਰ ਦੇ ਦੁੱਖ ਦਲਿੱਦਰ ਦੂਰ ਹੋ ਜਾਂਦੇ ਨੇ। ਜੋ ਉਸ ਦੇ ਚਰਨਾਂ ਨਾਲ ਜੁੜ ਗਿਆ ਉਸ ਦਾ ਫ਼ਿਕਰ ਉਹ ਆਪ ਕਰਦਾ ਹੈ ਤੇ ਅੰਗ ਸੰਗ ਸਹਾਈ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਲਾਗ ਦੇ ਪ੍ਰਕੋਪ ਤੋਂ ਬਚਣ ਲਈ ਜਿੱਥੇ ਸਰੀਰ ਦੀ ਤੰਦਰੁਸਤੀ ਲਈ ਚੰਗਾ ਭੋਜਨ ਖਾਣ ਦੀ ਜ਼ਰੂਰਤ ਹੈ ਉਥੇ ਆਤਮਿਕ ਸ਼ੁੱਧੀ ਲਈ ਗੁਰੂ ਦੀ ਗੋਦ ’ਚ ਬੈਠ ਕੇ ਉਸ ਦੀ ਅਰਾਧਣਾ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਮੇਰੀ ਸਤਿਗੁਰੂ ਪਾਤਸ਼ਾਹ ਅੱਗੇ ਅਰਦਾਸ ਜੋਦੜੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਰਬੱਤ ਨੂੰ ਸੁੱਖ ਸ਼ਾਂਤੀ ਤੇ ਦੇਹ ਅਰੋਗਤਾ ਦੇਣ ਤੇ ਕਾਰੋਬਾਰ ‘ਚ ਵਾਧੇ ਕਰਨ।
ਇਹ ਵੀ ਪੜ੍ਹੋਂ : ਦਾੜ੍ਹੀ ਮੁੱਛਾਂ ਹੋਣ ਕਾਰਨ ਨਾ ਹੋ ਸਕਿਆ ਵਿਆਹ, ਉਸੇ ਰੂਪ ਨੂੰ ਇਸ ਧੀ ਨੇ ਬਣਾਇਆ ਢਾਲ