ਸ੍ਰੀ ਹਰਿਮੰਦਰ ਸਾਹਿਬ ''ਚ ਰੌਣਕਾਂ ਲੱਗਣੀਆਂ ਸ਼ੁਰੂ, ਵੱਡੀ ਗਿਣਤੀ ''ਚ ਪੁੱਜ ਰਹੀਆਂ ਨੇ ਸੰਗਤਾਂ
Thursday, Jun 11, 2020 - 09:05 AM (IST)
ਅੰਮ੍ਰਿਤਸਰ (ਅਣਜਾਣ) : ਧਾਰਮਿਕ ਅਸਥਾਨਾ ਦੇ ਖੋਲ੍ਹਣ ਦੇ ਐਲਾਨ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਪੁਲਸ ਨਾਕਿਆਂ 'ਤੇ ਕੋਈ ਰੋਕ-ਟੋਕ ਨਹੀਂ ਤੇ ਸੰਗਤਾਂ ਖੁੱਲ੍ਹੇ ਦਰਸ਼ਨ ਦੀਦਾਰੇ ਕਰਦੀਆਂ ਨਜ਼ਰ ਆ ਰਹੀਆਂ ਹਨ। ਤਿਨ ਪਹਿਰੇ ਦੀ ਸੇਵਾ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਇਸ ਉਪਰੰਤ ਗ੍ਰੰਥੀ ਸਿੰਘ ਵਲੋਂ ਮੁੱਖ ਵਾਕ ਲਿਆ ਗਿਆ। ਸਾਰਾ ਦਿਨ ਇਲਾਹੀ ਬਾਣੀ ਦੇ ਕੀਰਤਨ ਦੀਆਂ ਧੁਨਾਂ ਗੂੰਜਦੀਆਂ ਰਹੀਆਂ। ਸੰਗਤਾਂ ਨੇ ਠੰਢੇ-ਮਿੱਠੇ ਜਲ ਦੀ ਛਬੀਲ, ਜੋੜੇ ਘਰ, ਫਰਸ਼ ਸਾਫ਼ ਕਰਨ ਤੇ ਲੰਗਰ ਹਾਲ ਵਿਖੇ ਜਾ ਕੇ ਸੇਵਾ ਕੀਤੀ ਤੇ ਗੁਰੂ ਕਾ ਲੰਗਰ ਛਕ ਕੇ ਤ੍ਰਿਪਤ ਹੋਈਆਂ। ਪੰਜਾਬ ਸਰਕਾਰ ਵਲੋਂ ਧਾਰਮਿਕ ਅਸਥਾਨਾ 'ਤੇ ਪ੍ਰਸ਼ਾਦਿ ਤੇ ਲੰਗਰ ਵਰਤਾਏ ਜਾਣ ਤੇ ਸੰਗਤਾਂ ਨੇ ਲੰਗਰ ਛੱਕਿਆ ਤੇ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ।
ਪ੍ਰਮਾਤਮਾ ਦਾ ਨਾਮ ਵਿਸਰਣ ਨਾਲ ਕਰੋੜਾਂ ਵਿਘਨ ਆ ਘੇਰਦੇ ਨੇ : ਗਿਆਨੀ ਹਰਪ੍ਰੀਤ ਸਿੰਘ
ਜਿਸ ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਉਸ ਨੂੰ ਕਰੋੜਾਂ ਵਿਘਨ ਆ ਘੇਰਦੇ ਨੇ। ਪੰਚਮ ਪਾਤਸ਼ਾਹ ਦੀ ਬਾਣੀ 'ਚੋਂ ਸਲੋਕ ਮਹਲਾ ਪੰਜਵਾਂ ਦੇ ਮੁਖ ਵਾਕ ਦੀ ਕਥਾ ਕਰਦਿਆਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਰਬਾਣੀ ਦੇ ਇਸ ਸ਼ਬਦ ਦੀ ਵਿਆਖਿਆ ਕਰਦਿਆਂ ਵਿਚਾਰ ਪ੍ਰਗਟ ਕੀਤੇ। ਇਸ ਲਈ ਹੇ ਨਾਨਕ ਅਜੇਹੇ ਬੰਦੇ ਹਰ ਰੋਜ਼ ਇਉਂ ਵਿਲਕਦੇ ਹਨ ਜਿਵੇਂ ਸੁੰੰਞੇ ਘਰਾਂ ਵਿਚ ਕਾਂ ਰੌਂਦਾ ਹੈ ਪਰ ਓਥੋਂ ਉਸ ਨੂੰ ਮਿਲਦਾ ਕੁਝ ਨਹੀਂ। ਉਨ੍ਹਾਂ ਗੁਰਬਾਣੀ ਵਿਚਾਰ ਅਤੇ ਅਧਾਰ 'ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹੀ ਰੁੱਤ ਸੋਹਣੀ ਹੈ ਜਦੋਂ ਪਿਆਰੇ ਪ੍ਰਭੂ-ਪਤੀ ਦਾ ਮੇਲ ਹੁੰਦਾ ਹੈ, ਸੋ , ਹੇ ਨਾਨਕ ! ਉਸ ਨੂੰ ਹਰ ਵੇਲੇ ਯਾਦ ਕਰੀਏ, ਕਦੇ ਘੜੀ ਦੋ ਘੜੀਆਂ ਭੀ ਉਹ ਪ੍ਰਭੂ ਨਾ ਭੁੱਲੇ।
ਸੰਗਤਾਂ ਦੀ ਆਮਦ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਸੰਗਤਾਂ ਦੀ ਆਮਦ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਹਰ ਗੇਟ 'ਤੇ ਡਾਕਟਰੀ ਟੀਮਾਂ ਤੇ ਸੇਵਾਦਾਰ ਥਰਮਲ ਸਕ੍ਰੀਨਿੰਗ ਦੇ ਨਾਲ-ਨਾਲ ਹੱਥ ਸੈਨੇਟਾਈਜ਼ ਕਰ ਰਹੇ ਨੇ ਤੇ ਸੰਗਤਾਂ ਨੂੰ ਮਸ਼ੀਨਾ ਰਾਹੀਂ ਸੈਨੀਟਾਈਜ਼ ਕਰਕੇ ਦਰਸ਼ਨਾ ਲਈ ਭੇਜਿਆ ਜਾ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਅੰਦਰ ਵੀ ਸੰਗਤਾਂ ਨੂੰ ਦਰਸ਼ਨ ਕਰਨ ਉਪਰੰਤ ਬਾਹਰ ਭੇਜਿਆ ਜਾ ਰਿਹਾ ਹੈ ਤਾਂ ਕਿ ਭੀੜ ਇਕੱਠੀ ਨਾ ਹੋਵੇ ਤੇ ਦੂਸਰੀਆਂ ਸੰਗਤਾਂ ਵੀ ਦਰਸ਼ਨ-ਦੀਦਾਰੇ ਕਰ ਸਕਣ।