ਸ੍ਰੀ ਹਰਿਮੰਦਰ ਸਾਹਿਬ ''ਚ ਸੋਨੇ ਦੀ ਸਫਾਈ ਦੀ ਕਾਰ ਸੇਵਾ ਸ਼ੁਰੂ

03/24/2019 11:05:46 AM

ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ 'ਤੇ ਲੱਗੇ ਸੋਨੇ ਦੀ ਸਾਫ-ਸਫਾਈ ਹਿੱਤ ਇਸ ਦੀ ਧੁਆਈ ਲਈ ਅੱਜ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇੰਗਲੈਂਡ ਤੋਂ ਆਏ ਜਥੇ ਦੇ ਕਰੀਬ 50 ਮੈਂਬਰਾਂ ਵਲੋਂ ਇਕ ਹਫਤਾ ਸਮੁੱਚੇ ਸੋਨੇ ਦੀ ਧੁਆਈ ਕੀਤੀ ਜਾਵੇਗੀ। ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਪ੍ਰਦੂਸ਼ਣ ਹੋਣ ਕਾਰਨ ਇੱਥੇ ਲੱਗੇ ਸੋਨੇ ਦੀ ਚਮਕ ਫਿੱਕੀ ਪੈ ਜਾਂਦੀ ਹੈ।

PunjabKesari

ਇਸ ਲਈ ਸ਼੍ਰੋਮਣੀ ਕਮੇਟੀ ਵਲੋਂ ਸੋਨੇ ਦੀ ਚਮਕ ਨੂੰ ਕਾਇਮ ਰੱਖਣ ਲਈ ਹਰ ਸਾਲ ਇਸ ਦੀ ਸਫਾਈ ਤੇ ਧੁਆਈ ਕਰਵਾਈ ਜਾਂਦੀ ਹੈ। ਇਹ ਸੇਵਾ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਨੂੰ ਸੌਂਪੀ ਗਈ ਹੈ। ਇਸੇ ਜਥੇ ਵਲੋਂ 1995 ਤੋਂ 1999 ਤੱਕ ਵੀ ਸੇਵਾ ਕੀਤੀ ਗਈ ਸੀ। ਅੱਜ ਸੋਨੇ ਦੀ ਧੁਆਈ ਦੀ ਸੇਵਾ ਦੀ ਸ਼ੁਰੂਆਤ ਹਰਿਮੰਦਰ ਸਾਹਿਬ ਦੀ ਉੱਪਰਲੀ ਮੰਜ਼ਿਲ ਤੋਂ ਕੀਤੀ ਗਈ। 
PunjabKesari
ਸ਼ੁਰੂਆਤ ਮੌਕੇ ਅਰਦਾਸ ਕੀਤੀ ਗਈ ਅਤੇ ਮੁੜ ਜਥੇ ਦੇ ਮੈਂਬਰਾਂ ਵਲੋਂ ਰੀਠੇ ਦੇ ਪਾਣੀ ਨਾਲ ਇਸ ਦੀ ਧੁਆਈ ਦੀ ਸੇਵਾ ਸ਼ੁਰੂ ਕੀਤੀ ਗਈ। ਵੱਡੇ ਗੁੰਬਦ ਤੋਂ ਇਲਾਵਾ ਛੋਟੀਆਂ ਗੁੰਬਦੀਆਂ ਅਤੇ ਇੱਥੇ ਲੱਗੇ ਸੋਨੇ ਦੇ ਛੱਜੇ ਰੀਠੇ ਦੇ ਪਾਣੀ ਨਾਲ ਧੋਤੇ ਗਏ ਅਤੇ ਚਮਕਾਏ ਗਏ। ਨਿਸ਼ਕਾਮ ਸੇਵਕ ਜਥੇ ਦੇ ਭਾਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਜਥੇ ਵਲੋਂ 1995 ਤੋਂ ਲੈ ਕੇ 1999 ਤੱਕ ਇੱਥੇ ਸੋਨਾ ਲਾਉਣ ਦੀ ਸੇਵਾ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਹਰ ਵਰ੍ਹੇ ਸੋਨੇ ਦੀ ਚਮਕ ਬਰਕਰਾਰ ਰੱਖਣ ਲਈ ਧੁਆਈ ਦੀ ਸੇਵਾ ਕੀਤੀ ਜਾਂਦੀ ਹੈ। ਕੁੱਝ ਵਰ੍ਹੇ ਇਹ ਸੇਵਾ ਠੱਪ ਰਹੀ ਅਤੇ ਹੁਣ ਮੁੜ 2016 ਤੋਂ ਜਥੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ।

PunjabKesariਦੱਸਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ 'ਚ ਮਹਾਰਾਜਾ ਰਣਜੀਤ ਸਿੰਘ ਵਲੋਂ ਸੋਨਾ ਲਗਵਾਇਆ ਗਿਆ ਸੀ।


Baljeet Kaur

Content Editor

Related News