ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੋਟਲ ਮਾਲਕ ਕਰਨਗੇ 250 ਕਮਰਿਆਂ ਦੀ ਸੇਵਾ

09/27/2019 2:20:50 PM

ਅੰਮ੍ਰਿਤਸਰ (ਦੀਪਕ) : ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੁੱਜਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਦੇ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਇੰਜ. ਸੁਖਮਿੰਦਰ ਸਿੰਘ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਤੇ ਮੈਨੇਜਰ ਰਿਹਾਇਸ਼ ਮੁਖਤਾਰ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇੜਲੇ ਹੋਟਲ ਮਾਲਕਾਂ ਨਾਲ ਇਕੱਤਰਤਾ ਕੀਤੀ। ਇਸ ਦੌਰਾਨ ਹੋਟਲ ਮਾਲਕਾਂ ਨੇ ਸੰਗਤਾਂ ਲਈ 250 ਕਮਰੇ ਮੁਫਤ ਦੇਣ ਦਾ ਐਲਾਨ ਕੀਤਾ।

ਵਰਣਨਯੋਗ ਹੈ ਕਿ ਅੰਮ੍ਰਿਤਸਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਸਾਲ ਦੇਸ਼-ਵਿਦੇਸ਼ ਤੋਂ ਲੱਖਾਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਦੀਆਂ ਹਨ, ਜਿਨ੍ਹਾਂ ਦੀ ਰਿਹਾਇਸ਼ ਲਈ ਹੋਟਲ ਮਾਲਕਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਦਿੱਤਾ ਜਾਂਦਾ ਹੈ। ਇਸੇ ਸਬੰਧੀ ਅੱਜ ਹੋਈ ਇਕੱਤਰਤਾ ਮੌਕੇ ਅੰਮ੍ਰਿਤਸਰ ਹੋਟਲ ਅਤੇ ਗੈਸਟ ਹਾਊਸ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਸੇਵਾ ਕਰਨਾ ਸਭ ਦਾ ਸਾਂਝਾ ਫਰਜ਼ ਹੈ, ਜਿਸ ਵਿਚ ਹੋਟਲ ਐਸੋਸੀਏਸ਼ਨ ਵੱਲੋਂ ਵੀ ਭਰਵਾਂ ਯੋਗਦਾਨ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 250 ਮੁਫ਼ਤ ਕਮਰਿਆਂ ਦੀ ਸੇਵਾ ਤੋਂ ਇਲਾਵਾ ਹੋਟਲਾਂ 'ਚ ਠਹਿਰਨ ਵਾਲੀਆਂ ਸੰਗਤਾਂ ਲਈ ਚਾਹ-ਪਾਣੀ ਅਤੇ ਸਵੇਰ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਸੇ ਤਰ੍ਹਾਂ ਹੋਰ ਕਮਰੇ ਵੀ ਰਿਆਇਤੀ ਦਰਾਂ 'ਤੇ ਦਿੱਤੇ ਜਾਣਗੇ।

ਇਸ ਦੌਰਾਨ ਹੋਟਲ ਮਾਲਕਾਂ ਦਾ ਧੰਨਵਾਦ ਕਰਦਿਆਂ ਨਿੱਜੀ ਸਕੱਤਰ ਇੰਜ. ਸੁਖਮਿੰਦਰ ਸਿੰਘ ਨੇ ਕਿਹਾ ਕਿ ਇਹ ਇਕ ਚੰਗੀ ਪਹਿਲ ਹੈ, ਜਿਸ ਦਾ ਸੰਗਤਾਂ ਨੂੰ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰਪੁਰਬ ਸਮੇਂ ਸੰਗਤਾਂ ਨੂੰ ਰਿਹਾਇਸ਼ 'ਚ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।


Baljeet Kaur

Content Editor

Related News