ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੇਵਾ ਮੁਕਤ ਕਰਨ ਦੀ ਉੱਠੀ ਮੰਗ
Tuesday, Aug 18, 2020 - 05:01 PM (IST)
ਅੰਮ੍ਰਿਤਸਰ (ਅਨਜਾਣ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਪਿਛਲੇ ਕੁਝ ਸਮੇਂ ਦੌਰਾਨ ਹਰ ਮਸਲੇ 'ਤੇ ਚੁੱਪ ਧਾਰੀ ਰੱਖਣ ਨਾਲ ਕੌਮ 'ਚ ਰੋਸ ਪਾਇਆ ਜਾ ਰਿਹਾ ਹੈ। ਜਥੇਬੰਦੀਆਂ ਨੂੰ ਸ਼ਿਕਾਇਤ ਹੈ ਕਿ ਜਥੇਦਾਰ ਕੌਮ ਦੇ ਮਸਲਿਆਂ ਪ੍ਰਤੀ ਆਪਣੀ ਚੁੱਪ ਧਾਰ ਕੇ ਜ਼ਿੰਮੇਵਾਰੀ ਤੋਂ ਮੁਨਕਰ ਹੁੰਦੇ ਜਾਪ ਰਹੇ ਹਨ। ਇਸੇ ਕੜ੍ਹੀ ਤਹਿਤ 'ਸੱਚ ਕੀ ਬੇਲਾ' ਦੇ ਅਨਭੋਲ ਸਿੰਘ ਦੀਵਾਨਾ ਨੇ ਆਪਣੇ ਸਾਥੀਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹ ਕੇ ਉਨ੍ਹਾਂ ਨੂੰ ਸੇਵਾ ਮੁਕਤ ਕਰਨ ਲਈ ਮੰਗ ਪੱਤਰ ਸੌਂਪਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਖਿਲਾਫ਼ ਸ਼ਿਕਾਇਤ ਹੈ ਉਸੇ ਦੇ ਹੀ ਨਿੱਜੀ ਸਹਾਇਕ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ ਨਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਜਾਂ ਕਿਸੇ ਸਕੱਤਰ ਨੂੰ ਸੌਂਪਿਆ ਗਿਆ ਹੈ।
ਇਹ ਵੀ ਪੜ੍ਹੋਂ : ਦਰਿੰਦੇ ਪਤੀ ਦੀ ਕਰਤੂਤ: ਪਤਨੀ ਦੇ ਢਿੱਡ 'ਚ ਦਾਤੀ ਮਾਰ ਕੇ ਕੀਤਾ ਕਤਲ
ਅਨਭੋਲ ਸਿੰਘ ਦਾ ਕਹਿਣਾ ਹੈ ਕਿ 18 ਅਕਤੂਬਰ 2018 ਨੂੰ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਵਿਵਾਦਾਂ 'ਚ ਘਿਰ ਜਾਣ ਕਾਰਣ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਥਾਪ ਦਿੱਤਾ ਗਿਆ ਸੀ। ਇਕ ਸਾਲ ਦੱਸ ਮਹੀਨੇ ਦਾ ਲੰਬਾ ਅਰਸਾ ਬੀਤ ਜਾਣ ਉਪਰੰਤ ਵੀ ਗਿਆਨੀ ਹਰਪ੍ਰੀਤ ਸਿੰਘ ਇਕੋਂ ਸਮੇਂ ਦੋ ਤਖ਼ਤਾਂ ਦੀ ਜਥੇਦਾਰੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ 'ਚ ਪੰਚ ਪ੍ਰਧਾਨੀ ਨਿਯਮ ਚੱਲਦਾ ਹੈ, ਸਿੱਖ ਕੌਮ ਦਾ ਹਰ ਫ਼ੈਸਲਾ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੇ ਗੁਰਮਤੇ ਤੋਂ ਬਾਅਦ ਹੀ ਲਾਗੂ ਹੁੰਦਾ ਹੈ ਤੇ ਹਰ ਅਹਿਮ ਮਤੇ ਤੇ ਪੰਜਾਂ ਤਖ਼ਤਾਂ ਦੇ ਸਿੰਘ ਸਾਹਿਬਾਨਾ ਦੇ ਦਸਤਖ਼ਤ ਹੁੰਦੇ ਹਨ। 'ਪੰਜ ਤਖ਼ਤਾਂ ਦੇ ਚਾਰ ਜਥੇਦਾਰਾਂ' ਵਾਲੀ ਗੱਲ ਪੂਰੀ ਦੁਨੀਆਂ ਦੇ ਧਰਮ ਜਗਤ 'ਚ ਕੌਮ ਦੀ ਸਥਿਤੀ ਨੂੰ ਹਾਸੋਹੀਣੀ ਬਣਾਉਂਦੀ ਹੈ। ਕੀ ਕੌਮ ਦੀ ਅਗਵਾਈ ਕਰਨ ਵਾਲਿਆਂ ਨੂੰ ਪਿਛਲੇ ਇਕ ਸਾਲ ਦੱਸ ਮਹੀਨਿਆਂ 'ਚ ਹੋਰ ਕੋਈ ਵੀ ਬੰਦਾ ਯੋਗ ਨਜ਼ਰ ਨਹੀਂ ਆਇਆ। ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਸਿੰਘਾਂ ਦਾ ਵਿਵਾਦ ਨਾ ਸੁਲਝਾਉਣ 'ਤੇ ਵੀ ਇਤਰਾਜ਼ ਕਰਦਿਆਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵਲੋਂ ਹਰ ਮਸਲਾ ਲਟਕਾਉਣਾ ਕੌਮ ਅੰਦਰ ਨਿਰਾਸ਼ਾ ਪੈਦਾ ਕਰਦਾ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ 15 ਦਿਨਾਂ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕੋਈ ਨਵਾਂ ਜਥੇਦਾਰ ਲਗਾਇਆ ਜਾਵੇ ਜਾਂ ਫੇਰ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਪੱਕਾ ਕੀਤਾ ਜਾਵੇ। ਉਨ੍ਹਾਂ ਇਸ ਪੱਤਰ ਦੀ ਇਕ-ਇਕ ਕਾਪੀ ਤਖ਼ਤਾਂ ਦੇ ਜਥੇਦਾਰਾਂ ਦੇ ਇਲਾਵਾ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਵੀ ਭੇਜੀ।
ਇਹ ਵੀ ਪੜ੍ਹੋਂ : ਗ੍ਰੰਥੀ ਦੀ ਕਰਤੂਤ: ਪਾਠ ਸਿੱਖਣ ਆਈ ਨਾਬਾਲਗ ਕੁਡ਼ੀ ਨਾਲ ਕੀਤਾ ਗਲਤ ਕੰਮ, ਵਾਇਰਲ ਹੋਈ ਵੀਡੀਓ