ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੀ ਮੌਜੂਦਾ ਜਥੇਦਾਰ ਨੂੰ ਸਲਾਹ

10/17/2019 11:00:46 AM

ਅੰਮ੍ਰਿਤਸਰ (ਮਮਤਾ) : ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਸ੍ਰ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਉਹ ਪੰਥਕ ਮਾਮਲਿਆਂ 'ਚ ਸ਼੍ਰੋਮਣੀ ਅਕਾਲੀ ਦਲ ਸੁਪ੍ਰੀਮੋ ਪ੍ਰਕਾਸ਼ ਸਿੰਘ ਬਾਦਲ ਦੇ ਇਸ਼ਾਰਿਆਂ 'ਤੇ ਚੱਲਣ ਦੀ ਬਜਾਏ ਖੁਦ ਫੈਸਲਾ ਲੈਣ ਦੀ ਸਮਰੱਥਾ ਰੱਖਣ। ਇਸ ਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮਾਮਲੇ 'ਚ ਵੀ ਬਾਦਲ ਪਰਿਵਾਰ ਦੀ ਦਖਲਅੰਦਾਜ਼ੀ ਦੇ ਬਿਨਾਂ ਇਸ ਦੇ ਸਮਾਰੋਹ ਨੂੰ ਆਪਣੇ ਪੱਧਰ 'ਤੇ ਸੰਪੰਨ ਕਰਵਾਉਣ ਲਈ ਕਿਹਾ ਹੈ। ਇਸ ਸਬੰਧ 'ਚ ਬੁੱਧਵਾਰ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਲਗਭਗ 20 ਸਾਲ ਤੋਂ ਅੱਧੀ ਦਰਜਨ ਤੋਂ ਜ਼ਿਆਦਾ ਸ਼ਤਾਬਦੀਆਂ ਬਾਦਲ ਪਰਿਵਾਰ ਦੀਆਂ ਮਨਮਾਨੀਆਂ ਦੀ ਭੇਟ ਚੜ੍ਹੀਆਂ ਹਨ।

ਉਨ੍ਹਾ ਕਿਹਾ ਕਿ ਜਿਸ ਤਰ੍ਹਾਂ 1999 ਨੂੰ ਲੈ ਕੇ ਬਾਦਲ ਪਰਿਵਾਰ ਵਲੋਂ ਸ਼ੁਰੂ ਕੀਤਾ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸੇ ਤਰ੍ਹਾਂ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵੀ ਇਸ ਦੀ ਮਨਮਾਨੀ ਦੀ ਭੇਟ ਚੜ੍ਹ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਸ੍ਰ੍ਰੀ ਅਕਾਲ ਤਖਤ ਸਾਹਿਬ ਦੇ ਸਨਮਾਨ ਨੂੰ ਅੱਜ ਵੀ ਬਾਦਲ ਪਰਿਵਾਰ ਪਹਿਲਾਂ ਵਾਂਗ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਸੰਗਤ ਦੇ ਨਾਂ ਅਪੀਲ ਜਾਰੀ ਕਰਦੇ ਹੋਏ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਰਾਜਨੀਤਕ ਅਤੇ ਧਾਰਮਿਕ ਖੇਤਰ ਵਿਚ ਕਦੇ ਵੀ ਵਿਸ਼ਵਾਸ ਨਾ ਕੀਤਾ ਜਾਵੇ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਾਬਕਾ ਮੁੱਖ ਮੰਤਰੀ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੇ ਮੁੱਖ ਮੁਲਜ਼ਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੇ ਸ਼ਰਨਦਾਤਾ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਹੈ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ, ਐੱਸ. ਜੀ. ਪੀ. ਸੀ. ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪੰਥ ਤੋਂ ਰਾਜਨੀਤਕ ਸ਼ਕਤੀ ਹਾਸਲ ਕੀਤੀ ਪਰ ਅੱਜ ਪੰਥ ਦੀਆਂ ਇਨ੍ਹਾਂ ਸੰਸਥਾਵਾਂ ਨੂੰ ਇਸ ਦੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਦਸੰਬਰ 1998 ਅਤੇ 11 ਫਰਵਰੀ 1999 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਉਨ੍ਹਾਂ ਹੁਕਮਨਾਮਾਂ ਦਾ ਹਵਾਲਾ ਦਿੱਤਾ, ਜਿਨ੍ਹਾਂ 'ਚ ਬਾਦਲ ਦਲ ਦੀ ਪੰਥਕ ਵਿਰੋਧੀ ਕਾਰਵਾਈਆਂ ਨੂੰ ਧਿਆਨ 'ਚ ਰੱਖਦੇ ਹੋਏ ਸਿੱਖ ਸੰਗਤ ਨੂੰ ਜਾਣੂ ਕੀਤਾ ਸੀ ਕਿ ਬਾਦਲ ਅਤੇ ਇਨ੍ਹਾਂ ਦੇ ਸਲਾਹਕਾਰਾਂ ਦਾ ਰਾਜਨੀਤਕ ਅਤੇ ਧਾਰਮਿਕ ਖੇਤਰ 'ਚ ਕਦੇ ਵਿਸ਼ਵਾਸ ਨਾ ਕੀਤੇ ਜਾਣ ਦਾ ਆਦੇਸ਼ ਦਿੱਤਾ ਗਿਆ ਸੀ। ਭਾਈ ਰਣਜੀਤ ਸਿੰਘ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਕਿ ਛੇਵੇਂ ਪਾਤਸ਼ਾਹੀ ਦੇ ਪਾਵਨ ਪਵਿੱਤਰ ਅਸਥਾਨ 'ਤੇ ਬੈਠ ਕੇ ਪੰਥ ਨੂੰ ਗੁੰਮਰਾਹ ਕਰਨਾ ਬੰਦ ਕਰੇ। ਇਸ ਮੌਕੇ ਪੰਥਕ ਅਕਾਲੀ ਦਲ ਦੇ ਜਨਰਲ ਸਕੱਤਰ ਜਸਜੀਤ ਸਿੰਘ ਸਮੁੰਦਰੀ, ਪੰਥਕ ਅਕਾਲੀ ਲਹਿਰ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਵਿਰਕ, ਅਮੀਰ ਸਿੰਘ ਸੰਧੂ ਅਤੇ ਪੰਥਕ ਅਕਾਲੀ ਦਲ ਦੇ ਸਮੂਹ ਅਹੁਦੇਦਾਰ ਮੌਜੂਦ ਸਨ।

ਆਰ. ਐੱਸ. ਐੱਸ. ਨੂੰ ਹਿਫਾਜ਼ਤ ਦੇਣ ਵਾਲਾ ਵੀ ਬਾਦਲ
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਰ. ਐੱਸ. ਐੱਸ. ਨੂੰ ਪੰਥ ਅਤੇ ਦੇਸ਼ ਵਿਰੋਧੀ ਪਾਰਟੀ ਕਰਾਰ ਦੇ ਕੇ ਇਸ 'ਤੇ ਰੋਕ ਲਾਉਣ ਦੀ ਗੱਲ ਕਰ ਰਹੇ ਹਨ, ਜਦੋਂ ਕਿ ਦੂਜੇ ਪਾਸੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਆਰ. ਐੱਸ. ਐੱਸ. ਵਾਲਿਆਂ ਨੂੰ ਆਪਣੇ ਸਮਾਗਮਾਂ 'ਚ ਸੱਦ ਕੇ ਉਨ੍ਹਾਂ ਨੂੰ ਸਨਮਾਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਹੀ ਬਾਦਲਾਂ ਦੇ ਪਿੱਠੂ ਹਨ ਅਤੇ ਜੇਕਰ ਸਚਮੁੱਚ ਬਾਦਲ ਪਰਿਵਾਰ ਭਾਜਪਾ ਦੀ ਮਾਂ ਪਾਰਟੀ ਆਰ. ਐੱਸ. ਐੱਸ. ਦਾ ਵਿਰੋਧੀ ਹੈ ਤਾਂ ਉਨ੍ਹਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਮੰਤਰੀ ਮੰਡਲ ਤੋਂ ਬਾਹਰ ਆਵੇ ਅਤੇ ਖੁੱਲ੍ਹ ਕੇ ਵਿਰੋਧ ਕਰੇ ਨਾ ਕਿ ਪੰਥ ਨੂੰ ਆਪਣੇ ਰਾਜਨੀਤਕ ਸਵਾਰਥ ਲਈ ਵਰਤੇ।


Baljeet Kaur

Content Editor

Related News