ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 12 ਮੈਂਬਰੀ ''ਕੋਆਰਡੀਨੇਸ਼ਨ ਕਮੇਟੀ'' ਦਾ ਗਠਨ

Friday, Apr 19, 2019 - 11:13 AM (IST)

ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 12 ਮੈਂਬਰੀ ''ਕੋਆਰਡੀਨੇਸ਼ਨ ਕਮੇਟੀ'' ਦਾ ਗਠਨ

ਅੰਮ੍ਰਿਤਸਰ (ਅਣਜਾਣ) : ਸਿੱਖਾਂ ਦੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੂਰੇ ਵਿਸ਼ਵ ਦੀਆਂ ਸਿੱਖ ਜਥੇਬੰਦੀਆਂ ਤੇ ਸੰਗਤ ਨਾਲ ਤਾਲਮੇਲ ਰੱਖਣ ਲਈ ਵੱਖ-ਵੱਖ ਸਿੱਖ ਜਥੇਬੰਦੀਆਂ 'ਤੇ ਆਧਾਰਿਤ 12 ਮੈਂਬਰੀ 'ਕੋਆਰਡੀਨੇਸ਼ਨ ਕਮੇਟੀ' ਦਾ ਗਠਿਨ ਕੀਤਾ ਗਿਆ ਹੈ। ਸਿੱਖ ਜਥੇਬੰਦੀਆਂ ਦੀ ਮੰਗ 'ਤੇ ਇਹ ਕੋਆਰਡੀਨੇਸ਼ਨ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਕਾਰਜਸ਼ੀਲ ਹੋਵੇਗੀ ਤੇ ਇਸ ਦਾ ਦਫ਼ਤਰ ਸ੍ਰੀ ਅਕਾਲ ਤਖ਼ਤ ਸਾਹਿਬ ਹੋਵੇਗਾ। ਇਹ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਕਮੇਟੀ ਦੇ ਕੋਆਰਡੀਨੇਟਰ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਹਿਊਮਨ ਰਿਸੋਰਸਿਜ਼ ਡਿਵੈਲਪਮੈਂਟ ਲੁਧਿਆਣਾ ਦੇ ਡਾਇਰੈਕਟਰ ਗੁਰਮੀਤ ਸਿੰਘ ਹੋਣਗੇ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਕਮੇਟੀ 'ਚ ਸ਼ਾਮਿਲ 12 ਸਿੱਖ ਜਥੇਬੰਦੀਆਂ 'ਚ ਚੀਫ਼ ਖਾਲਸਾ ਦੀਵਾਨ, ਬੇਸਿਕ ਆਫ਼ ਸਿੱਖੀ ਦਿੱਲੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮੁੱਖ ਦਫ਼ਤਰ ਲੁਧਿਆਣਾ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਸਰਬ ਰੋਗ ਕਾ ਅਉਖਧ ਨਾਮ ਟਰੱਸਟ ਲੁਧਿਆਣਾ, ਸੁਖਮਨੀ ਸਾਹਿਬ ਸੇਵਾ ਸੋਸਾਇਟੀ ਮੁੱਖ ਦਫ਼ਤਰ ਲੁਧਿਆਣਾ, ਸੁਕ੍ਰਿਤ ਟਰੱਸਟ ਲੁਧਿਆਣਾ, ਸਿੱਖ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਚੰਡੀਗੜ੍ਹ, ਖਾਲਸਾ ਏਡ ਯੂ. ਐੱਸ. ਏ., ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਯੂ. ਐੱਸ. ਏ., ਈਕੋ ਸਿੱਖ ਯੂ. ਐੱਸ. ਏ., ਯੂਨਾਈਟਿਡ ਸਿੱਖਸ ਯੂ. ਐੱਸ. ਏ., ਸਤਿਨਾਮੁ ਸਰਬ ਕਲਿਆਣ ਟਰੱਸਟ ਯੂ. ਐੱਸ. ਏ. ਆਦਿ ਜਥੇਬੰਦੀਆਂ ਦੇ ਨਾਂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਕੋਆਰਡੀਨੇਸ਼ਨ ਕਮੇਟੀ ਵੱਲੋਂ ਕਰਵਾਈ ਜਾਣ ਵਾਲੀ ਯੂਥ ਕਾਨਫਰੰਸ ਸਬੰਧੀ ਏਜੰਡਾ ਤਿਆਰ ਕੀਤਾ ਜਾਵੇਗਾ।


author

Baljeet Kaur

Content Editor

Related News