880 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ''ਚ ਲੱਗਣਗੇ ਸੋਲਰ ਸਿਸਟਮ

Saturday, Jul 13, 2019 - 12:27 PM (IST)

880 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ''ਚ ਲੱਗਣਗੇ ਸੋਲਰ ਸਿਸਟਮ

ਅੰਮ੍ਰਿਤਸਰ : ਪੰਜਾਬ ਭਰ ਦੇ ਸਰਕਾਰੀ 880 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸਰਕਾਰ ਵਲੋਂ ਸੋਲਰ ਸਿਸਟਮ ਲਾਏ ਜਾਣਗੇ। ਸਰਕਾਰ ਵਲੋਂ ਸ਼ੁਰੂ ਕੀਤੀ ਜਾ ਰਹੀ ਇਸ ਮੁਹਿੰਮ ਦਾ ਮੁੱਖ ਮੰਤਵ ਬਿਜਲੀ ਦੀ ਬਚਤ ਕਰਨਾ ਹੈ। ਇਨ੍ਹਾਂ ਸਕੂਲਾਂ ਵਿਚ ਪੰਜ ਕਿਲੋਵਾਟ ਦੇ ਸੋਲਰ ਸਿਸਟਮ ਲਾਏ ਜਾਣਗੇ। ਸਿੱਖਿਆ ਵਿਭਾਗ ਵਲੋਂ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਸੋਲਰ ਸਿਸਟਮ ਸਥਾਪਤ ਕਰਨ ਸਬੰਧੀ ਆਪਣੇ ਸਕੂਲਾਂ 'ਚ ਜਾ ਕੇ ਜਾਇਜ਼ਾ ਲੈਣ ਤੇ ਸਕੂਲਾਂ ਦੇ ਆਉਂਦੇ ਬਿਜਲੀ ਬਿੱਲਾਂ ਦੀਆਂ ਫੋਟੋ ਕਾਪੀਆਂ ਆਨ ਲਾਈਨ ਭੇਜਣ ਤਾਂ ਕਿ ਪਤਾ ਲੱਗ ਸਕੇ ਕਿ ਉਨ੍ਹਾਂ ਦਾ ਬਿਜਲੀ ਦਾ ਬਿੱਲ ਕਿੰਨਾ ਆਉਂਦਾ ਹੈ। ਡਿਪਟੀ ਡੀ.ਓ ਹਰਭਗਵੰਤ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਸਕੂਲਾਂ ਦਾ ਬਿਜਲੀ ਖਪਤ ਦਾ ਬਿਲ ਵੱਡੀ ਮਾਤਰਾ ਵਿਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸੋਲਰ ਸਿਸਟਮ ਨਾਲ ਬਹੁਤ ਘੱਟ ਖਰਚ ਹੋਵੇਗਾ ਅਤੇ ਪੈਸੇ ਦੀ ਬਚਤ ਹੋਵੇਗੀ। ਸਾਇੰਸ ਅਧਿਆਪਕ ਪੰਕਜ ਸ਼ਰਮਾ ਨੇ ਸਰਕਾਰ ਦੇ ਇਸ ਫੈਸਲੇ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਸੋਲਰ ਸਿਸਟਮ ਕਾਇਮ ਕਰਨਾ ਇਕ ਵਧੀਆ ਉਪਰਾਲਾ ਹੈ, ਜਿਸ ਨਾਲ ਬਿਜਲੀ ਦੀ ਬਚਤ ਹੋਣ ਦੇ ਨਾਲ-ਨਾਲ ਵਾਤਾਵਰਣ ਵੀ ਸੁਖਾਵਾਂ ਹੋਵੇਗਾ।

ਇਸ ਸਬੰਧੀ ਜਦੋਂ ਡਿਪਟੀ ਡੀਈਓ ਹਰਭਗਵੰਤ ਸਿੰਘ ਨੇ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸੋਲਰ ਸਿਸਟਮ ਪੇਡਾ ਲਾਏਗਾ ਜਦੋਂਕਿ ਸਕੂਲਾਂ ਨੂੰ ਆਨ ਲਾਈਨ ਰਜਿਸਟਰੇਸ਼ਨ ਕਰਾਉਣੀ ਪਵੇਗੀ। ਉਨ੍ਹਾਂ ਦੱਸਿਆ ਕਿ ਬਿਜਲੀ ਦੀ ਖਪਤ ਦਾ ਬਿਲ ਅਤੇ ਪ੍ਰਿੰਸੀਪਲ ਦੀ ਫੋਟੋ ਸਕੂਲ ਵੱਲੋਂ ਭੇਜਣੀ ਹੋਵੇਗੀ। ਉਨ੍ਹਾਂ ਦੱਸਿਆ ਕਿ ਸਿੰਗਲ ਫੇਸ ਦੇ ਕੁਨੈਕਸ਼ਨ ਪੰਜਾਬ ਸਟੇਟ ਬਿਜਲੀ ਕਾਰਪੋਰੇਸ਼ਨ ਵਲੋਂ ਲਾਏ ਜਾਣਗੇ, ਜਿਨ੍ਹਾਂ ਦਾ ਰੈਂਟ ਸੌ ਰੁਪਿਆ ਹੋਵੇਗਾ। ਇਸ ਦੇ ਨਾਲ ਹੀ ਜਿਨ੍ਹਾਂ ਸਕੂਲਾਂ ਵਿਚ 8 ਕਿਲੋਵਾਟ ਲਈ ਤਿੰਨ ਫੇਸ ਵਾਲੇ ਮੀਟਰ ਲੱਗਣਗੇ, ਉਨ੍ਹਾਂ ਨੂੰ ਕੋਈ ਬਿਲ ਦੀ ਅਦਾਇਗੀ ਨਹੀਂ ਕਰਨੀ ਪਵੇਗੀ। ਉਨ੍ਹਾਂ ਲਈ 9500 ਰੁਪਏ ਫੀਸ ਸਕੂਲ ਵਲੋਂ ਆਪਣੇ ਫੰਡਾਂ ਰਾਹੀਂ ਦੇਣੀ ਹੋਵੇਗੀ। 


author

Baljeet Kaur

Content Editor

Related News