ਸ਼੍ਰੋਮਣੀ ਕਮੇਟੀ ਅਧਿਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦੀਆਂ ਨਿਗਾਹਾਂ ''ਚ ਗੁਨਾਹਗਾਰ : ਕੰਵਰਪਾਲ ਸਿੰਘ

Wednesday, Sep 02, 2020 - 03:07 PM (IST)

ਸ਼੍ਰੋਮਣੀ ਕਮੇਟੀ ਅਧਿਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦੀਆਂ ਨਿਗਾਹਾਂ ''ਚ ਗੁਨਾਹਗਾਰ : ਕੰਵਰਪਾਲ ਸਿੰਘ

ਅੰਮ੍ਰਿਤਸਰ (ਅਨਜਾਣ) : ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਵਪਾਰ ਕੀਤਾ ਹੈ ਅਤੇ ਇਸ ਤਰ੍ਹਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦੀਆਂ ਨਿਗਾਹਾਂ 'ਚ ਗੁਨਾਹਗਾਰ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕੁਝ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਗੁਰੂ ਸਾਹਿਬ ਦੇ ਸਰੂਪ ਅਣ-ਅਧਿਕਾਰਤ ਤੌਰ 'ਤੇ ਵੇਚ ਕੇ ਮਾਇਆ ਜੇਬਾਂ 'ਚ ਪਾ ਕੇ ਗੁਨਾਹ ਕੀਤਾ ਅਤੇ ਦੂਜਿਆਂ ਨੇ ਚੁੱਪ ਰਹਿ ਕੇ ਗੁਨਾਹ 'ਤੇ ਪਰਦਾ ਪਾਇਆ।

ਇਹ ਵੀ ਪੜ੍ਹੋ : ਪਿੱਠ 'ਚ ਖੁੱਭਾ ਚਾਕੂ ਲੈ ਕੇ ਨੌਜਵਾਨ ਪੁੱਜਾ ਹਸਪਤਾਲ, ਵੇਖ ਡਾਕਟਰਾਂ ਦੇ ਉੱਡੇ ਹੋਸ਼

ਉਨ੍ਹਾਂ 328 ਸਰੂਪਾਂ ਦੇ ਗਾਇਬ ਹੋਣ ਦੇ ਮੁੱਦੇ 'ਤੇ ਅਧਿਕਾਰੀਆਂ ਅਤੇ ਮੁਲਾਜ਼ਮਾ ਵਿਰੁੱਧ ਕੀਤੀ ਕਾਰਵਾਈ ਨੂੰ ਨਾ-ਕਾਫ਼ੀ ਅਤੇ ਅਧੂਰਾ ਦੱਸਦਿਆਂ ਕਿਹਾ ਕਿ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਗਬਨ ਲਈ ਸ਼੍ਰੋਮਣੀ ਕਮੇਟੀ ਦੀ ਸਮੁੱਚੀ ਲੀਡਰਸ਼ਿਪ ਸਿੱਧੇ ਜਾਂ ਅਸਿੱਧੇ ਰੂਪ 'ਚ ਦੋਸ਼ੀ ਹੈ। ਉਨ੍ਹਾਂ ਜਥੇਬੰਦੀ ਦੇ ਆਗੂਆਂ ਨੂੰ ਜਾਂਚ ਰਿਪੋਰਟ ਜਨਤਕ ਕਰਨ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜੇ ਮੁਲਾਜ਼ਮਾਂ ਦੀ ਉਸ ਮੌਕੇ ਪਬਲੀਕੇਸ਼ਨ ਵਿਭਾਗ 'ਚ ਡਿਊਟੀ ਸੀ ਉਨ੍ਹਾਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਪੁਲਸ ਹਵਾਲੇ ਕੀਤਾ ਜਾਵੇ, ਤਾਂ ਜੋ ਪੁੱਛਗਿਛ ਦੌਰਾਨ ਪਤਾ ਲੱਗ ਸਕੇ ਕਿ ਉਨ੍ਹਾਂ ਮਾਇਆ ਦੇ ਲਾਲਚ 'ਚ ਗੁਰੂ ਸਾਹਿਬ ਦੇ ਸਰੂਪ ਕਿਸ-ਕਿਸ ਨੂੰ ਤੇ ਕਿੱਥੇ-ਕਿੱਥੇ ਵੇਚੇ ਅਤੇ ਸੀਨੀਅਰ ਆਗੂਆਂ ਦੀ ਸਿਫ਼ਾਰਸ਼ 'ਤੇ ਕਿੰਨ੍ਹਾਂ-ਕਿੰਨ੍ਹਾਂ ਨੂੰ ਦਿੱਤੇ। ਸੰਗਤ ਇਹ ਜਾਨਣਾ ਚਾਹੁੰਦੀ ਹੈ ਕਿ ਭ੍ਰਿਸ਼ਟਾਚਾਰ ਅਤੇ ਅਨੈਤਿਕ ਢੰਗ ਨਾਲ ਕਮਾਈ ਗਈ ਇਹ ਮਾਇਆ ਕਿਹੜੇ-ਕਿਹੜੇ ਮੁਲਾਜ਼ਮ, ਅਧਿਕਾਰੀ ਅਤੇ ਕਮੇਟੀ ਮੈਂਬਰ ਦੀ ਜ਼ੇਬ ਵਿਚ ਗਈ ਹੈ।

ਇਹ ਵੀ ਪੜ੍ਹੋ : ਪਰਿਵਾਰ ਕਰ ਰਿਹਾ ਸੀ ਵਿਆਹ ਦੀਆਂ ਤਿਆਰੀਆਂ, ਵਾਪਰਿਆ ਅਜਿਹਾ ਭਾਣਾ ਕੇ ਪਲਾਂ 'ਚ ਉੱਜੜ ਗਈਆਂ ਖ਼ੁਸ਼ੀਆਂ

ਬੁਲਾਰੇ ਨੇ ਕਿਹਾ ਕਿ ਬੇਸ਼ੱਕ 2015-16 ਵਿਚ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਸਨ ਪਰ ਜਿਸ ਢੰਗ ਨਾਲ ਇਸ ਸ਼ਰਮਨਾਕ ਘਟਨਾ ਕਾਰਣ ਸਿੱਖਾਂ ਦੀ ਇਹ ਸੰਸਥਾ ਦਾਗਦਾਰ ਹੋਈ ਹੈ, ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਸ ਲਈ ਜ਼ਿੰਮੇਵਾਰੀ ਕਬੂਲਦਿਆਂ ਨੈਤਿਕਤਾ ਦੇ ਆਧਾਰ 'ਤੇ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਦੇ ਉਨ੍ਹਾਂ ਮੈਂਬਰਾਂ, ਜਿਨ੍ਹਾਂ ਦੀ ਮਿਲੀਭੁਗਤ ਜਾਂ ਨਲਾਇਕੀ ਕਾਰਣ ਇਹ ਅਫ਼ਸੋਸਨਾਕ ਘਟਨਾ ਵਾਪਰੀ ਉਨ੍ਹਾਂ ਵਿਰੁੱਧ ਵੀ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ।


author

Baljeet Kaur

Content Editor

Related News