ਸ਼੍ਰੋਮਣੀ ਕਮੇਟੀ ਵਲੋਂ ਮੰਗਾਂ ਨਾ ਮੰਨੇ ਜਾਣ ''ਤੇ ਅਖੰਡ ਪਾਠੀ ਸਿੰਘ ਕਰ ਸਕਦੇ ਨੇ ਵੱਡਾ ਐਲਾਨ

Friday, Apr 26, 2019 - 09:50 AM (IST)

ਅੰਮ੍ਰਿਤਸਰ (ਅਣਜਾਣ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 523 ਫਾਰਗ ਮੁਲਾਜ਼ਮਾਂ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਕਿ ਸ਼੍ਰੋਮਣੀ ਅਖੰਡ ਪਾਠੀ ਵੈੱਲਫੇਅਰ ਸੋਸਾਇਟੀ (ਰਜਿ.) (ਭਾਰਤ) ਨੇ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਨਾ ਮੰਨੇ ਜਾਣ 'ਤੇ 27 ਅਪ੍ਰੈਲ ਨੂੰ ਹੋਣ ਵਾਲੀ ਮੀਟਿੰਗ 'ਚ ਕੋਈ ਵੱਡਾ ਐਲਾਨ ਕਰਨ ਦਾ ਫੈਸਲਾ ਕੀਤਾ ਹੈ। ਗਲਿਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਸੋਸਾਇਟੀ ਦੀ ਕਾਰਜਕਾਰਨੀ ਦੀ ਇਕੱਤਰਤਾ 'ਚ ਭਾਈ ਸ਼ਿਵਦੇਵ ਸਿੰਘ ਪ੍ਰਧਾਨ, ਗੁਰਮੁੱਖ ਸਿੰਘ ਮੀਤ ਪ੍ਰਧਾਨ, ਸਤਨਾਮ ਸਿੰਘ ਰੰਧਾਵਾ ਜਨਰਲ ਸਕੱਤਰ, ਸੁਖਰਾਜ ਸਿੰਘ ਕਾਨੂੰਨੀ ਸਲਾਹਕਾਰ, ਕਾਰਜਕਾਰਨੀ ਮੈਂਬਰ ਤੇਜਿੰਦਰ ਸਿੰਘ, ਹਰਪਾਲ ਸਿੰਘ ਝੀਤਾ, ਰਣਧੀਰ ਸਿੰਘ, ਪਰਮਜੀਤ ਸਿੰਘ ਲਾਡੀ ਤੇ ਸੁਖਦੇਵ ਸਿੰਘ ਸੁੱਖਾ ਨੇ ਪਾਠੀ ਸਿੰਘਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਬਾਰੇ ਬੜੀ ਗੰਭੀਰਤਾ ਨਾਲ ਸੋਚ-ਵਿਚਾਰ ਕੀਤੀ।

ਮੀਟਿੰਗ ਉਪਰੰਤ ਸੋਸਾਇਟੀ ਦੇ ਪ੍ਰਧਾਨ ਭਾਈ ਸ਼ਿਵਦੇਵ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਸਮੇਂ ਤੋਂ ਅਖੰਡ ਪਾਠੀ ਸਿੰਘਾਂ ਵੱਲੋਂ ਅਖੰਡ ਪਾਠ ਸਾਹਿਬ ਦੀ ਭੇਟਾ ਵਧਾਉਣ ਤੇ ਮੈਡੀਕਲੇਮ ਸਮੇਤ ਹੋਰ ਕਈ ਮੰਗਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਸਨਮੁੱਖ ਰੱਖੀਆਂ ਗਈਆਂ ਸਨ ਪਰ ਉਨ੍ਹਾਂ ਵੱਲੋਂ ਦਿੱਤਾ 30 ਦਿਨਾਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਜ਼ਮੀਰ ਨੂੰ ਜਗਾਉਣ ਲਈ 27 ਅਪ੍ਰੈਲ ਨੂੰ ਸਵੇਰੇ 9:30 ਵਜੇ ਗਲਿਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਸਮੁੱਚੀ ਸ਼੍ਰੋਮਣੀ ਅਖੰਡ ਪਾਠੀ ਵੈੱਲਫੇਅਰ ਸੋਸਾਇਟੀ (ਭਾਰਤ) ਵੱਲੋਂ ਵੱਡਾ ਐਲਾਨ ਕੀਤਾ ਜਾਵੇਗਾ, ਜਿਸ ਤੋਂ ਨਿਕਲਣ ਵਾਲੇ ਨਤੀਜਿਆਂ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੋਵੇਗੀ।


Baljeet Kaur

Content Editor

Related News