ਹਿੰਸਕ ਘਟਨਾਵਾਂ ਦੀਆਂ ਪੀੜਤ ਔਰਤਾਂ ਦੀ ਮਦਦ ਲਈ ਬਣਨਗੇ ''ਸਖੀ ਵਨ ਸਟਾਪ ਸੈਂਟਰ''

Thursday, Oct 17, 2019 - 01:03 PM (IST)

ਹਿੰਸਕ ਘਟਨਾਵਾਂ ਦੀਆਂ ਪੀੜਤ ਔਰਤਾਂ ਦੀ ਮਦਦ ਲਈ ਬਣਨਗੇ ''ਸਖੀ ਵਨ ਸਟਾਪ ਸੈਂਟਰ''

ਅੰਮ੍ਰਿਤਸਰ (ਦਲਜੀਤ) : ਪੰਜਾਬ ਸਰਕਾਰ ਵਲੋਂ ਜਬਰ-ਜ਼ਨਾਹ ਅਤੇ ਹਿੰਸਕ ਘਟਨਾਵਾਂ 'ਚ ਪੀੜਤ ਔਰਤਾਂ ਨੂੰ ਮਾਨਸਿਕ ਤਣਾਅ ਤੋਂ ਮੁਕਤ ਕਰਨ ਅਤੇ ਸਿਹਤ ਸੇਵਾਵਾਂ ਦੇਣ ਦੇ ਮਕਸਦ ਤਹਿਤ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ 'ਸਖੀ ਵਨ ਸਟਾਪ ਸੈਂਟਰ' ਖੋਲ੍ਹਣ ਦੀ ਯੋਜਨਾ ਬਣਾਈ ਹੈ। ਸਰਕਾਰ ਵਲੋਂ ਪਾਇਲਟ ਪ੍ਰਾਜੈਕਟ ਤਹਿਤ ਫਿਲਹਾਲ ਅੰਮ੍ਰਿਤਸਰ, ਜਲੰਧਰ ਅਤੇ ਬਠਿੰਡਾ ਦੇ ਜ਼ਿਲਾ ਪੱਧਰੀ ਹਸਪਤਾਲਾਂ 'ਚ ਇਹ ਸੈਂਟਰ ਖੋਲ੍ਹਣ ਲਈ ਜੰਗੀ ਪੱਧਰ 'ਤੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਸੈਂਟਰਾਂ ਵਿਚ ਪੀੜਤ ਔਰਤਾਂ ਨੂੰ 24 ਘੰਟੇ ਮੁਫਤ ਇਲਾਜ, ਕਾਊਂਸਲਿੰਗ, ਸਹਾਇਤਾ ਆਦਿ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਸਟਾਫ ਨਿਯੁਕਤ ਹੋਵੇਗਾ।

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਜਬਰ-ਜ਼ਨਾਹ ਅਤੇ ਹਿੰਸਕ ਘਟਨਾਵਾਂ ਵਿਚ ਪੀੜਤ ਮਹਿਲਾਵਾਂ ਦੇ ਵੱਧ ਰਹੇ ਸੂਬੇ ਵਿਚ ਮਾਮਲਿਆਂ ਨੂੰ ਲੈ ਕੇ ਕਾਫੀ ਗੰਭੀਰ ਹੈ। ਸਰਕਾਰ ਵਲੋਂ ਇਨ੍ਹਾਂ ਘਟਨਾਵਾਂ 'ਚ ਪੀੜਤ ਮਹਿਲਾਵਾਂ ਨੂੰ ਮਾਨਸਿਕ ਤਣਾਅ ਤੋਂ ਮੁਕਤ ਕਰਨ ਅਤੇ ਤੁਰੰਤ ਸਿਹਤ ਸੇਵਾਵਾਂ ਦੇਣ ਦੇ ਲਈ ਸਰਕਾਰੀ ਹਸਪਤਾਲਾਂ 'ਚ ਹੀ ਇਕ ਵੱਖਰੇ 'ਸਖੀ ਵਨ ਸਟਾਪ ਸੈਂਟਰ' ਖੋਲ੍ਹਣ ਦੀ ਰੂਪ ਰੇਖਾ ਉਲੀਕੀ ਹੈ। ਸਰਕਾਰ ਵਲੋਂ ਤਿੰਨ ਜ਼ਿਲਿਆਂ ਵਿਚ ਇਸ ਪਾਇਲਟ ਪ੍ਰਾਜੈਕਟ ਦੀ ਸਫਲਤਾ ਤੋਂ ਬਾਅਦ ਸੂਬੇ ਦੇ ਹੋਰਨਾਂ ਜ਼ਿਲਿਆਂ ਵਿਚ ਵੀ ਇਹ ਸੈਂਟਰ ਖੋਲ੍ਹੇ ਜਾਣਗੇ। ਇਹ ਸੈਂਟਰ ਡਿਪਟੀ ਕਮਿਸ਼ਨਰਾਂ ਅਤੇ ਜ਼ਿਲਾ ਪੱਧਰੀ ਸਿਵਲ ਹਸਪਤਾਲਾਂ ਦੇ ਇੰਚਾਰਜਾਂ ਦੀ ਦੇਖ-ਰੇਖ ਹੇਠ ਕੰਮ ਕਰਨਗੇ।

ਅੰਮ੍ਰਿਤਸਰ ਦੇ ਜ਼ਿਲਾ ਪੱਧਰੀ ਸਿਵਲ ਹਸਪਤਾਲ ਵਿਚ ਬਣ ਰਹੇ ਇਸ ਸੈਂਟਰ ਬਾਰੇ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਇੰਚਾਰਜ ਡਾ. ਅਰੁਣ ਸ਼ਰਮਾ ਨੇ ਦੱਸਿਆ ਕਿ ਸਰਕਾਰ ਵਲੋਂ ਇਸ ਸੈਂਟਰ ਦਾ ਨੋਡਲ ਅਫਸਰ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਜ਼ਿਲਾ ਪ੍ਰੋਗਰਾਮ ਅਫਸਰ ਨੂੰ ਲਾਇਆ ਗਿਆ ਹੈ, ਜਦਕਿ ਸਿਹਤ ਸੇਵਾਵਾਂ ਉਨ੍ਹਾਂ ਦੇ ਹਸਪਤਾਲ ਵੱਲੋਂ ਦਿੱਤੀਆਂ ਜਾਣੀਆਂ ਹਨ। ਇਸ ਸੈਂਟਰ ਵਿਚ ਉਕਤ ਘਟਨਾਵਾਂ 'ਚ ਪੀੜਤ ਮਹਿਲਾਵਾਂ ਨੂੰ ਤੁਰੰਤ ਮਾਨਸਿਕ ਤਣਾਅ ਤੋਂ ਮੁਕਤ ਕਰਨ ਦੇ ਲਈ ਕਾਊਂਸਲਿੰਗ ਕੀਤੀ ਜਾਵੇਗੀ ਅਤੇ ਨਾਲ ਹੀ ਟਰੇਡ ਡਾਕਟਰ ਅਤੇ ਹੋਰ ਸਟਾਫ ਉਨ੍ਹਾਂ ਦਾ ਇਲਾਜ ਕਰੇਗਾ। ਜੇਕਰ ਪੀੜਤ ਪਰਿਵਾਰਾਂ ਨੂੰ 12 ਤੋਂ 24 ਘੰਟੇ ਸੈਂਟਰ ਵਿਚ ਰੁਕਣ ਦੀ ਨੌਬਤ ਆਈ ਤਾਂ ਉਸ ਦੇ ਲਈ ਵਿਸ਼ੇਸ਼ ਵਾਰਡ ਵੀ ਤਿਆਰ ਕੀਤਾ ਜਾਵੇਗਾ। ਇਸ ਮੌਕੇ ਪੰਡਿਤ ਰਾਕੇਸ਼ ਸ਼ਰਮਾ, ਡਾ. ਚੰਦਰ ਮੋਹਨ ਵੀ ਮੌਜੂਦ ਸਨ।


author

Baljeet Kaur

Content Editor

Related News