ਰਿਟਾਇਰਡ ਏ. ਐੱਸ. ਆਈ. ਦੀ ਵੀਡੀਓ ਵਾਇਰਲ ਕਰ ਕੇ ਲਿਖਿਆ ''ਮੈਂਟਲ''

09/06/2019 3:17:18 PM

ਅੰਮ੍ਰਿਤਸਰ (ਸਫਰ) : ਏ. ਸੀ. ਪੀ. ਸਾਹਿਬ! ਮੇਰਾ ਨਾਂ ਪਰਮਜੀਤ ਕੌਰ ਹੈ, ਮੇਰੇ ਪਤੀ ਏ. ਐੱਸ. ਆਈ. ਰਿਟਾਇਰਡ ਹਨ, ਪੁੱਤਰ ਜਸਕਰਨ ਸਿੰਘ ਫਿਰੋਜ਼ਪੁਰ 'ਚ ਬਤੌਰ ਜ਼ਿਲਾ ਕਮਾਂਡਰ ਪੰਜਾਬ ਹੋਮਗਾਰਡਸ ਤਾਇਨਾਤ ਹੈ। ਮੇਰੇ ਪਤੀ ਅਮਰੀਕ ਸਿੰਘ ਦੀ ਅਨਿਲ ਕੁਮਾਰ ਨਾਲ ਪੁਰਾਣੀ ਲੜਾਈ ਚੱਲ ਰਹੀ ਹੈ। ਪੁਲਸ ਕਮਿਸ਼ਨਰ ਦੇ ਆਦੇਸ਼ਾਂ ਤੋਂ ਬਾਅਦ ਇਸ ਦੀ ਜਾਂਚ ਵੀ ਤੁਹਾਡੇ ਕੋਲ ਚੱਲ ਰਹੀ ਹੈ। ਉਕਤ ਮੁਲਜ਼ਮ ਨੇ ਪਿਛਲੇ 4 ਦਿਨਾਂ ਤੋਂ ਸਾਡੇ ਪਰਿਵਾਰ ਦਾ ਘਰੋਂ ਨਿਕਲਣਾ ਮੁਸ਼ਕਿਲ ਕਰ ਦਿੱਤਾ ਹੈ। ਸੀ. ਸੀ. ਟੀ. ਵੀ. ਫੁਟੇਜ ਕੱਢ ਕੇ ਮੇਰੇ ਪਤੀ ਦੀ ਵੀਡੀਓ ਵਾਇਰਲ ਕਰ ਕੇ ਉਨ੍ਹਾਂ ਨੂੰ 'ਮੈਂਟਲ' ਲਿਖਿਆ ਗਿਆ ਹੈ। ਵੀਡੀਓ ਬਣਾਉਂਦੇ ਸਮੇਂ ਮੁਲਜ਼ਮਾਂ ਨੇ ਗਾਲ੍ਹਾਂ ਕੱਢੀਆਂ ਤੇ ਧਮਕੀਆਂ ਵੀ ਦਿੱਤੀਆਂ ਹਨ।

ਪਰਮਜੀਤ ਕੌਰ ਅਨੁਸਾਰ ਉਸ ਦੇ ਪਤੀ ਘਰ ਪਰਤ ਰਹੇ ਸਨ ਕਿ ਰਸਤੇ 'ਚ ਖੱਡੇ ਕਾਰਣ ਡਿੱਗ ਪਏ, ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ਕੱਢ ਕੇ ਮੁਲਜ਼ਮਾਂ ਨੇ ਉਨ੍ਹਾਂ 'ਤੇ ਸ਼ਰਾਬ ਪੀ ਕੇ ਡਿੱਗਣ ਅਤੇ ਮੈਂਟਲ ਵਰਗੇ ਸ਼ਬਦਾਂ ਦੀ ਵਰਤੋਂ ਕਰਦਿਆਂ ਵੀਡੀਓ ਵਾਇਰਲ ਕਰ ਦਿੱਤੀ, ਜਿਸ ਨੇ ਸਾਡੇ ਪਰਿਵਾਰ ਦੀ ਇੱਜ਼ਤ ਨੂੰ ਦਾਅ 'ਤੇ ਲਾ ਦਿੱਤਾ ਹੈ। ਅਪਸ਼ਬਦਾਂ ਨਾਲ ਧਮਕੀਆਂ ਦੇ ਕੇ ਡਰਾਇਆ ਜਾ ਰਿਹਾ ਹੈ। ਮੈਨੂੰ ਇਨਸਾਫ ਚਾਹੀਦਾ ਹੈ। ਇਹ ਉਹ ਵਿਸ਼ਾ ਹੈ, ਜੋ ਇਕ ਕਮਾਂਡਰ ਦੀ ਮਾਂ ਅਤੇ ਸਾਬਕਾ ਏ. ਐੱਸ. ਆਈ. ਦੀ ਪਤਨੀ ਨੇ ਪੁਲਸ ਨੂੰ ਲਿਖੀ ਸ਼ਿਕਾਇਤ ਵਿਚ ਲਿਖਿਆ ਹੈ। ਸ਼ਿਕਾਇਤ 'ਚ ਪਰਮਜੀਤ ਕੌਰ ਨੇ ਦੋਸ਼ ਲਾਇਆ ਕਿ ਇਸ ਵੀਡੀਓ ਨੂੰ ਜਸਕਰਨਦੀਪ ਸਿੰਘ ਨੇ ਬਣਾਇਆ ਹੈ, ਜਿਸ ਨੂੰ ਵਾਇਰਲ ਕਰਵਾਉਣ 'ਚ ਇਲਾਕੇ ਦੇ ਕੁਝ ਸਿਆਸੀ ਲੋਕਾਂ ਦਾ ਹੱਥ ਹੈ ਕਿਉਂਕਿ ਮੇਰੇ ਪਤੀ ਨੇ ਆਜ਼ਾਦ ਚੋਣ ਲੜੀ ਸੀ, ਉਦੋਂ ਤੋਂ ਕੁਝ ਮੁਹੱਲਾਛਾਪ ਨੇਤਾ ਉਨ੍ਹਾਂ ਦੀ ਜਾਨ ਦੇ ਦੁਸ਼ਮਣ ਬਣ ਗਏ ਹਨ।

ਜ਼ਿਲਾ ਕਮਾਂਡਰ ਨੇ ਡੀ. ਜੀ. ਪੀ. ਨੂੰ ਲਿਖੀ ਚਿੱਠੀ
ਉਧਰ, ਜ਼ਿਲਾ ਕਮਾਂਡਰ ਜਸਕਰਨ ਸਿੰਘ ਨੇ ਇਸ ਬਾਰੇ ਡੀ. ਜੀ. ਪੀ. ਪੰਜਾਬ ਤੋਂ ਇਨਸਾਫ ਮੰਗਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਮਾਂ-ਬਾਪ ਅਤੇ ਪਰਿਵਾਰ ਦੀ ਜਾਨ-ਮਾਲ ਦੀ ਸੁਰੱਖਿਆ ਪੁਲਸ ਕਰੇ ਅਤੇ ਕਿਸੇ ਵੀ ਹਾਦਸੇ ਦਾ ਜ਼ਿੰਮੇਵਾਰ ਅਨਿਲ ਕੁਮਾਰ, ਜਸਕਰਨਦੀਪ ਸਿੰਘ ਅਤੇ ਉਨ੍ਹਾਂ ਦੇ ਉਹ ਸਾਥੀ ਹਨ, ਜੋ ਉਨ੍ਹਾਂ ਦਾ ਸਿਆਸਤੀ ਤੌਰ 'ਤੇ ਸਾਥ ਦੇ ਰਹੇ ਹਨ। ਮੈਨੂੰ ਝੂਠੇ ਕੇਸ 'ਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜੇਕਰ ਮੇਰੇ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਮੈਨੂੰ ਕੋਈ ਹੋਰ ਕਦਮ ਚੁੱਕਣ 'ਤੇ ਮਜਬੂਰ ਹੋਣਾ ਪਵੇਗਾ।

'ਆਜ਼ਾਦ ਮੁਲਕ' 'ਚ ਆਜ਼ਾਦ ਚੋਣ ਲੜਨ ਦਾ ਮਿਲਿਆ ਨਤੀਜਾ : ਅਮਰੀਕ ਸਿੰਘ
ਸਾਬਕਾ ਏ. ਐੱਸ. ਆਈ. ਅਮਰੀਕ ਸਿੰਘ ਨੇ ਕਿਹਾ ਕਿ ਆਜ਼ਾਦ ਮੁਲਕ 'ਚ ਆਜ਼ਾਦ ਚੋਣ ਲੜਨ ਦਾ ਇਹ ਨਤੀਜਾ ਹੈ, ਇਹੀ ਵਜ੍ਹਾ ਹੈ ਕਿ ਮੇਰਾ ਪਰਿਵਾਰ ਸਿਆਸਤ ਦਾ ਨਿਸ਼ਾਨਾ ਬਣਿਆ ਹੈ। ਮੇਰੇ ਬੇਟੇ ਨੂੰ ਜਾਣਬੁੱਝ ਕੇ ਫਸਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਹੀ ਕਾਰਣ ਹੈ ਕਿ ਉਹ ਆਪਣੀ ਡਿਊਟੀ ਫਿਰੋਜ਼ਪੁਰ ਤੋਂ ਘੱਟ ਹੀ ਇਥੇ ਆਉਂਦਾ ਹੈ। ਡੀ. ਜੀ. ਪੀ. ਨੂੰ ਝੂਠੀਆਂ ਸ਼ਿਕਾਇਤਾਂ ਕਰ ਰਹੇ ਹਨ। ਇਹ ਸਭ ਸਾਜ਼ਿਸ਼ ਹੈ। ਮੁਹੱਲੇ ਦੇ ਕੁਝ ਚਿਹਰੇ ਹਨ, ਜੋ ਨਹੀਂ ਚਾਹੁੰਦੇ ਕਿ ਇਲਾਕੇ ਵਿਚ ਉਨ੍ਹਾਂ ਦੇ ਗਲਤ ਕੰਮਾਂ ਖਿਲਾਫ ਕੋਈ ਬੋਲੇ। ਮੇਰੀ ਵੀਡੀਓ ਵਾਇਰਲ ਕਰ ਕੇ ਮੈਨੂੰ 'ਪਾਗਲ' ਲਿਖਿਆ ਹੈ, ਜਿਸ ਦਾ ਸਬੂਤ ਮੁਲਜ਼ਮਾਂ ਨੂੰ ਦੇਣਾ ਹੀ ਹੋਵੇਗਾ। ਮੈਂ ਇਹ ਕੇਸ ਅੰਮ੍ਰਿਤਸਰ ਤੋਂ ਦਿੱਲੀ ਤੱਕ ਲੜਾਂਗਾ।

ਮੈਂ ਵੀਡੀਓ ਵਾਇਰਲ ਨਹੀਂ ਕੀਤੀ : ਅਨਿਲ ਕੁਮਾਰ
'ਜਗ ਬਾਣੀ' ਨੇ ਵਾਇਰਲ ਵੀਡੀਓ ਦਾ ਸੱਚ ਜਾਣਨ ਲਈ ਜਦੋਂ ਵੀਡੀਓ ਅਪਲੋਡ ਕਰਨ ਵਾਲੇ ਨੰਬਰ 'ਤੇ ਫੋਨ ਕੀਤਾ ਤਾਂ ਫੋਨ ਚੁੱਕਣ ਵਾਲੇ ਨੇ ਆਪਣਾ ਨਾਂ ਅਨਿਲ ਕੁਮਾਰ ਦੱਸਦਿਆਂ ਕਿਹਾ ਕਿ ਅੱਜ ਹੀ ਥਾਣੇ ਤੋਂ ਫੋਨ ਆਇਆ ਸੀ, ਬੁਲਾਇਆ ਹੈ। ਮੈਨੂੰ ਇਸ ਬਾਰੇ ਜਾਣਕਾਰੀ ਹੀ ਨਹੀਂ ਹੈ। ਰਹੀ ਗੱਲ ਵੀਡੀਓ ਵਾਇਰਲ ਕਰਨ ਦੀ ਤਾਂ ਮੈਂ ਇਸ ਬਾਰੇ ਜਾਣਦਾ ਨਹੀ ਹਾਂ, ਜੋ ਦੋਸ਼ ਲਾਏ ਜਾ ਰਹੇ ਹਨ, ਉਹ ਬੇਬੁਨਿਆਦ ਹਨ।

ਸਾਈਬਰ ਕ੍ਰਾਈਮ ਤੋਂ ਲਵਾਂਗੇ ਰਿਪੋਰਟ : ਏ. ਸੀ. ਪੀ.
ਮਾਮਲੇ ਸਬੰਧੀ ਏ. ਸੀ. ਪੀ. (ਸਾਊਥ) ਕਮਲਦੀਪ ਸਿੰਘ ਨੇ ਕਿਹਾ ਕਿ ਕਮਾਂਡਰ ਜਸਕਰਨ ਸਿੰਘ ਦੀ ਮਾਂ ਅਤੇ ਸਾਬਕਾ ਏ. ਐੱਸ. ਆਈ. ਅਮਰੀਕ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਜੋ ਸ਼ਿਕਾਇਤ ਦਿੱਤੀ ਹੈ, ਉਸ ਦੇ ਆਧਾਰ 'ਤੇ ਐੱਸ. ਐੱਚ. ਓ. ਜਾਂਚ ਕਰ ਰਹੇ ਹਨ, ਬਿਆਨ ਦਰਜ ਕਰਨ ਤੋਂ ਬਾਅਦ ਮਾਮਲਾ ਸਾਈਬਰ ਕ੍ਰਾਈਮ ਨੂੰ ਭੇਜਿਆ ਜਾ ਰਿਹਾ ਹੈ। ਡੀ. ਏ. ਲੀਗਲ ਰਾਇ ਲੈਣ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਬਣੇਗੀ, ਹੋਵੇਗੀ। ਕਾਨੂੰਨ ਸਾਰਿਆਂ ਲਈ ਬਰਾਬਰ ਹੈ।


Baljeet Kaur

Content Editor

Related News