ਜਬਰ-ਜ਼ਨਾਹ ਦੇ ਮਾਮਲੇ ''ਚ ਸਮਝੌਤੇ ਦਾ ਦਬਾਅ ਬਣਾਉਣ ਵਾਲੀ ਮਹਿਲਾ ਇੰਸਪੈਕਟਰ ਸਸਪੈਂਡ

08/21/2019 10:45:15 AM

ਅੰਮ੍ਰਿਤਸਰ (ਸੰਜੀਵ) : ਜਬਰ-ਜ਼ਨਾਹ ਦੇ ਮਾਮਲੇ 'ਚ ਪੀੜਤਾ ਦਾ ਮੈਡੀਕਲ ਨਾ ਕਰਵਾਉਣ ਅਤੇ ਮੁਲਜ਼ਮ ਨਾਲ ਸਮਝੌਤੇ ਦਾ ਦਬਾਅ ਬਣਾਉਣ ਵਾਲੀ ਮਹਿਲਾ ਇੰਸਪੈਕਟਰ ਬਲਵਿੰਦਰ ਕੌਰ ਨੂੰ ਐੱਸ. ਐੱਸ. ਪੀ. ਦਿਹਾਤੀ ਵਿਕਰਮਜੀਤ ਦੁੱਗਲ ਨੇ ਸਸਪੈਂਡ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਲੜਕੀ ਦਾ ਦੋਸ਼ ਹੈ ਕਿ ਇੰਸਪੈਕਟਰ ਬਲਵਿੰਦਰ ਕੌਰ ਨੇ ਉਸ ਨੂੰ ਮੈਡੀਕਲ ਜਾਂਚ ਲਈ ਅਜਨਾਲਾ ਸਥਿਤ ਹਸਪਤਾਲ ਬੁਲਾਇਆ ਸੀ, ਜਦੋਂ ਉਹ ਆਪਣੇ ਰਿਸ਼ਤੇਦਾਰਾਂ ਨਾਲ ਉਥੇ ਪਹੁੰਚੀ ਤਾਂ ਇੰਸਪੈਕਟਰ ਬਲਵਿੰਦਰ ਕੌਰ ਨੇ ਉਨ੍ਹਾਂ ਨੂੰ ਕਿਹਾ ਕਿ ਮੈਡੀਕਲ ਜਾਂਚ ਰਮਦਾਸ ਦੇ ਹਸਪਤਾਲ 'ਚ ਹੋਣੀ ਹੈ। ਉਨ੍ਹਾਂ 'ਤੇ ਇਹ ਵੀ ਦਬਾਅ ਪਾਇਆ ਜਾਣ ਲੱਗਾ ਕਿ ਪੈਸੇ ਲੈ ਕੇ ਮੁਲਜ਼ਮ ਨਾਲ ਸਮਝੌਤਾ ਕਰ ਲਵੋ। ਮਹਿਲਾ ਇੰਸਪੈਕਟਰ ਨੇ ਜਾਣਬੁੱਝ ਕੇ ਪੀੜਤਾ ਦੀ ਮੈਡੀਕਲ ਜਾਂਚ ਨਹੀਂ ਕਰਵਾਈ। ਜਦੋਂ ਇਸ ਗੱਲ ਦਾ ਪਤਾ ਐੱਸ. ਐੱਸ. ਪੀ. ਦਿਹਾਤੀ ਨੂੰ ਲੱਗਾ ਤਾਂ ਉਨ੍ਹਾਂ ਤੁਰੰਤ ਇਸ ਦੀ ਜਾਂਚ ਡੀ. ਐੱਸ. ਪੀ. ਅਜਨਾਲਾ ਹਰਪ੍ਰੀਤ ਸਿੰਘ ਨੂੰ ਸੌਂਪ ਦਿੱਤੀ। ਜਾਂਚ 'ਚ ਮਹਿਲਾ ਇੰਸਪੈਕਟਰ ਦੀ ਲਾਪ੍ਰਵਾਹੀ ਸਾਹਮਣੇ ਆਈ, ਜਿਸ ਨੂੰ ਗੰਭੀਰਤਾ ਨਾਲ ਲੈ ਕੇ ਐੱਸ. ਐੱਸ . ਪੀ. ਦਿਹਾਤੀ ਵੱਲੋਂ ਇੰਸਪੈਕਟਰ ਬਲਵਿੰਦਰ ਕੌਰ ਨੂੰ ਡਿਊਟੀ ਤੋਂ ਤੁਰੰਤ ਸਸਪੈਂਡ ਕਰ ਦਿੱਤਾ ਗਿਆ।

ਨਸ਼ੇ ਵਾਲੀ ਦਵਾਈ ਪਿਆ ਕੇ ਫ਼ਾਰਮ ਹਾਊਸ 'ਚ ਕੀਤਾ ਸੀ ਜਬਰ-ਜ਼ਨਾਹ
ਦੁਬਈ ਤੋਂ ਪਰਤੀ ਲੜਕੀ ਦੀ ਫੇਸਬੁੱਕ 'ਤੇ ਮੁਲਜ਼ਮ ਨਵਕਰਨ ਗਿੱਲ ਨਾਲ ਦੋਸਤੀ ਹੋ ਗਈ। ਅਗਲੇ ਹੀ ਦਿਨ ਦੋਵਾਂ ਨੇ ਆਪਸ 'ਚ ਮਿਲਣ ਲਈ ਜਗ੍ਹਾ ਅਤੇ ਸਮਾਂ ਤੈਅ ਕਰ ਲਿਆ, ਜਿਵੇਂ ਹੀ ਲੜਕੀ ਮੁਲਜ਼ਮ ਨੂੰ ਮਿਲਣ ਗਈ ਤਾਂ ਉਹ ਉਸ ਨੂੰ ਇਕ ਫ਼ਾਰਮ ਹਾਊਸ 'ਚ ਲੈ ਗਿਆ, ਜਿਥੇ ਉਸ ਨੇ ਕੋਲਡਡ੍ਰਿੰਕ 'ਚ ਨਸ਼ੇ ਵਾਲਾ ਪਦਾਰਥ ਪਿਆ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਮੁਲਜ਼ਮ ਦੇ ਚੁੰਗਲ 'ਚੋਂ ਨਿਕਲ ਕੇ ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ 'ਤੇ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਕੇ ਲੜਕੀ ਦੀ ਮੈਡੀਕਲ ਜਾਂਚ ਕਰਵਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਪੀੜਤਾ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰ ਆਰਥਿਕ ਤੌਰ 'ਤੇ ਕਮਜ਼ੋਰ ਹੋ ਗਿਆ ਸੀ, ਜਿਸ ਕਾਰਨ ਉਹ ਦੁਬਈ ਚਲੀ ਗਈ ਸੀ। ਕੁਝ ਮਹੀਨਿਆਂ ਬਾਅਦ ਉਹ ਵਾਪਸ ਪਰਤੀ ਅਤੇ 15 ਅਗਸਤ ਨੂੰ ਫੇਸਬੁੱਕ 'ਤੇ ਉਸ ਦੀ ਨਵਕਰਨ ਗਿੱਲ ਨਾਲ ਦੋਸਤੀ ਹੋਈ ਅਤੇ 16 ਅਗਸਤ ਦੀ ਦੁਪਹਿਰ ਮੁਲਜ਼ਮ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ।

ਇਸ ਸਬੰਧੀ ਐੱਸ. ਐੱਸ. ਪੀ. ਦਿਹਾਤੀ ਵਿਕਰਮਜੀਤ ਦੁੱਗਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਹਰ ਪੁਲਸ ਅਧਿਕਾਰੀ ਨੂੰ ਆਪਣੀ ਡਿਊਟੀ ਪ੍ਰਤੀ ਪੂਰੀ ਈਮਾਨਦਾਰੀ ਨਾਲ ਕੰਮ ਕਰਨਾ ਹੋਵੇਗਾ, ਅਜਿਹਾ ਨਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਬਰ-ਜ਼ਨਾਹ ਦੇ ਸੰਵੇਦਨਸ਼ੀਲ ਮਾਮਲੇ 'ਚ ਮਹਿਲਾ ਇੰਸਪੈਕਟਰ ਦੀ ਲਾਪ੍ਰਵਾਹੀ ਸਾਹਮਣੇ ਆਉਣ 'ਤੇ ਉਸ ਵਿਰੁੱਧ ਕਾਰਵਾਈ ਕੀਤੀ ਗਈ ਹੈ।


Baljeet Kaur

Content Editor

Related News