ਪੰਜਾਬ ਰੋਡਵੇਜ਼ ਦੇ ਡਰਾਈਵਰ ਦੀ ਦਸਤਾਰ ਉਤਾਰਨ ਵਾਲਾ ਹੈੱਡ ਕਾਂਸਟੇਬਲ ਗ੍ਰਿਫਤਾਰ
Monday, Aug 12, 2019 - 11:45 AM (IST)

ਅੰਮ੍ਰਿਤਸਰ (ਸੰਜੀਵ, ਸੁਮਿਤ ਖੰਨਾ) : ਪੰਜਾਬ ਰੋਡਵੇਜ਼ ਦੇ ਡਰਾਈਵਰ ਨੂੰ ਥੱਪੜ ਮਾਰ ਕੇ ਉਸ ਦੀ ਦਸਤਾਰ ਉਤਾਰਨ ਵਾਲੇ ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਸ਼ਮਸ਼ੇਰ ਸਿੰਘ ਵਾਸੀ ਬੁਟਾਰੀ ਨੂੰ ਥਾਣਾ ਖਿਲਚੀਆਂ ਦੀ ਪੁਲਸ ਨੇ ਗ੍ਰਿਫਤਾਰ ਕਰ ਕੇ ਉਸ ਵਿਰੁੱਧ ਕੇਸ ਦਰਜ ਕੀਤਾ ਹੈ। ਦਸਤਾਰ ਉਤਾਰਨ ਤੋਂ ਬਾਅਦ ਬੱਸ ਡਰਾਈਵਰ ਸੁਖਵਿੰਦਰ ਸਿੰਘ ਵਾਸੀ ਕਲਿਆਣਪੁਰ ਨੇ ਸੜਕ ਵਿਚਕਾਰ ਬੱਸ ਰੋਕ ਦਿੱਤੀ ਅਤੇ ਕਾਂਸਟੇਬਲ 'ਤੇ ਪਰਚਾ ਦਰਜ ਕਰਨ ਦੀ ਮੰਗ ਰੱਖੀ, ਜਿਥੇ ਜਾਮ ਲੱਗ ਗਿਆ ਅਤੇ ਮੌਕੇ 'ਤੇ ਪੁੱਜੇ ਪੁਲਸ ਅਧਿਕਾਰੀਆਂ ਨੇ ਹੈੱਡ ਕਾਂਸਟੇਬਲ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਪਰਚਾ ਦਰਜ ਕਰਨ ਦਾ ਭਰੋਸਾ ਦਿੱਤਾ। ਇਹ ਪੂਰਾ ਘਟਨਾਚੱਕਰ ਵੀਡੀਓ 'ਚ ਕੈਦ ਹੋਇਆ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਤੋਂ ਤੁਰੰਤ ਬਾਅਦ ਪੁਲਸ ਨੇ ਪਰਚਾ ਦਰਜ ਕਰ ਲਿਆ।
ਇਹ ਹੈ ਮਾਮਲਾ
ਬੱਸ ਡਰਾਈਵਰ ਸੁਖਵਿੰਦਰ ਸਿੰਘ ਵਾਸੀ ਕਲਿਆਣਪੁਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਪੰਜਾਬ ਰੋਡਵੇਜ਼ 'ਚ ਬਤੌਰ ਡਰਾਈਵਰ ਕੰਮ ਕਰ ਰਿਹਾ ਹੈ, ਪਿਛਲੀ ਸਵੇਰ ਉਹ ਚੰਡੀਗੜ੍ਹ ਦੇ 43 ਸੈਕਟਰ ਤੋਂ ਆਪਣੀ ਬੱਸ ਨੰ. ਪੀ ਬੀ 02 ਬੀ ਯੂ 9748 ਲੈ ਕੇ ਅੰਮ੍ਰਿਤਸਰ ਨੂੰ ਜਾ ਰਿਹਾ ਸੀ ਕਿ 8 ਵਜੇ ਦੇ ਕਰੀਬ ਜਦੋਂ ਉਹ ਅੱਡਾ ਖਿਲਚੀਆਂ ਪੁੱਜਾ ਤਾਂ ਪੰਜਾਬ ਪੁਲਸ ਦੀ ਵਰਦੀ 'ਚ ਉਕਤ ਮੁਲਜ਼ਮ ਨੇ ਉਸ ਨੂੰ ਬੱਸ ਰੋਕਣ ਦਾ ਇਸ਼ਾਰਾ ਕੀਤਾ। ਬੱਸ 'ਚ ਯਾਤਰੀ ਜ਼ਿਆਦਾ ਹੋਣ ਕਾਰਣ ਉਸ ਨੇ ਬੱਸ ਨਹੀਂ ਰੋਕੀ, ਜਿਸ ਤੋਂ ਬਾਅਦ ਪੰਜਾਬ ਪੁਲਸ ਦਾ ਇਹ ਹੈੱਡ ਕਾਂਸਟੇਬਲ ਬੱਸ ਅੱਗੇ ਖੜ੍ਹਾ ਹੋ ਗਿਆ ਅਤੇ ਉਸ ਨੂੰ ਮਜਬੂਰਨ ਬੱਸ ਹੌਲੀ ਕਰਨੀ ਪਈ। ਇੰਨੇ 'ਚ ਮੁਲਜ਼ਮ ਬੱਸ ਦਾ ਦਰਵਾਜ਼ਾ ਖੋਲ੍ਹ ਕੇ ਉਪਰ ਚੜ੍ਹ ਗਿਆ ਅਤੇ ਆਉਂਦੇ ਹੀ ਉਸ ਨੂੰ ਇਹ ਕਹਿ ਕੇ ਥੱਪੜ ਮਾਰ ਦਿੱਤਾ ਕਿ ਉਸ ਨੇ ਬੱਸ ਕਿਉਂ ਨਹੀਂ ਰੋਕੀ, ਜਿਸ ਤੋਂ ਬਾਅਦ ਮੁਲਜ਼ਮ ਨੇ ਉਸ ਦੀ ਦਸਤਾਰ ਉਤਾਰ ਦਿੱਤੀ, ਸੜਕ ਵਿਚਕਾਰ ਬੱਸ ਰੋਕਣ ਤੋਂ ਬਾਅਦ ਸਵਾਰੀਆਂ ਨੇ ਵੀ ਹੈੱਡ ਕਾਂਸਟੇਬਲ ਦੇ ਵਿਰੋਧ 'ਚ ਬਣ ਰਹੀ ਵੀਡੀਓ 'ਚ ਗਵਾਹੀ ਦਿੱਤੀ।
ਇਹ ਕਹਿਣਾ ਹੈ ਪੁਲਸ ਦਾ
ਥਾਣਾ ਖਿਲਚੀਆਂ ਦੇ ਇੰਚਾਰਜ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤਾ ਗਿਆ ਹੈੱਡ ਕਾਂਸਟੇਬਲ ਪੀ. ਏ. ਪੀ. 'ਚ ਤਾਇਨਾਤ ਹੈ, ਜੋ ਇਕ ਡੀ. ਐੱਸ. ਪੀ. ਦਾ ਡਰਾਈਵਰ ਹੈ। ਮੁਲਜ਼ਮ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।