ਪਾਕਿ ਗੁਰਦੁਆਰਾ ਕਮੇਟੀ ਵਲੋਂ ਜਾਰੀ ਮੂਲ ਨਾਨਕਸ਼ਾਹੀ ਕੈਲੰਡਰ ''ਤੇ ਜਥੇਦਾਰ ਵੱਡਾ ਬਿਆਨ
Thursday, Mar 19, 2020 - 11:02 AM (IST)
ਅੰਮ੍ਰਿਤਸਰ (ਕੱਕੜ) : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਸਾਲ 2020-21 'ਚ ਆਉਣ ਵਾਲੇ ਗੁਰਪੁਰਬ, ਤਿਉਹਾਰ, ਸ਼ਹੀਦੀ ਦਿਹਾੜੇ ਅਤੇ ਸਿੱਖ ਧਾਰਮਿਕ ਸਮਾਰੋਹ ਮਨਾਉਣ ਦਾ ਐਲਾਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਸੋਂ ਉਕਤ ਕੈਲੰਡਰ ਨੂੰ ਮਾਨਤਾ ਦਿੱਤੇ ਜਾਣ ਦੀ ਕੀਤੀ ਅਪੀਲ ਦਾ ਮਨਜ਼ੂਰ ਹੋਣਾ ਸੰਭਵ ਨਹੀਂ ਹੈ।
ਪੀ. ਐੱਸ. ਜੀ. ਪੀ. ਸੀ. ਦੇ ਪ੍ਰਧਾਨ ਸਤਵੰਤ ਸਿੰਘ ਨੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਵਕਾਲਤ ਕਰਦਿਆਂ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਕਤ ਕੈਲੰਡਰ ਨੂੰ ਮਾਨਤਾ ਦਿੱਤੇ ਜਾਣ ਨਾਲ ਸਿੱਖ ਭਾਈਚਾਰੇ ਨੂੰ ਧਾਰਮਿਕ ਦਿਹਾੜੇ 2-2 ਵਾਰ ਮਨਾਉਣ ਦੀ ਨੌਬਤ ਨਹੀਂ ਆਵੇਗੀ। ਜਦਕਿ ਪਿਸ਼ਾਵਰ ਦੀ ਸਿੱਖ ਸੰਗਤ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਪਾਕਿ ਸਿੱਖਾਂ ਦੀ ਜ਼ਿਆਦਾਤਰ ਆਬਾਦੀ ਮੌਜੂਦਾ ਸਮੇਂ 'ਚ ਸੂਬਾ ਖ਼ੈਬਰ ਪਖਤੂਨਖਵਾ 'ਚ ਹੈ ਅਤੇ ਉਹ ਸਭ ਧਾਰਮਿਕ ਸਮਾਰੋਹ ਤੇ ਗੁਰਪੁਰਬ ਸ਼ੁਰੂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਾਂ ਤਹਿਤ ਨਾਨਕਸ਼ਾਹੀ ਸੰਮਤ ਕੈਲੰਡਰ ਅਨੁਸਾਰ ਮਨਾਉਂਦੇ ਆ ਰਹੇ ਹਨ ਅਤੇ ਅਗਾਂਹ ਵੀ ਇਸੇ ਪ੍ਰਕਾਰ ਮਨਾਉਂਦੇ ਰਹਿਣਗੇ।
ਉਧਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਸਕੱਤਰੇਤ ਵਿਖੇ ਨਾਨਕਸ਼ਾਹੀ ਸੰਮਤ 552 (ਸੰਨ 2020-21) ਕੈਲੰਡਰ ਸੰਗਤ ਅਰਪਣ ਕਰਨ ਮੌਕੇ ਪੀ. ਐੱਸ. ਜੀ. ਪੀ. ਸੀ. ਦੀ ਉਕਤ ਅਪੀਲ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਸਪੱਸ਼ਟ ਤੌਰ 'ਤੇ ਐਲਾਨ ਕਰ ਚੁੱਕੇ ਹਨ ਕਿ ਸਿੱਖ ਕੌਮ ਵੱਲੋਂ ਆਉਣ ਵਾਲੀਆਂ ਸ਼ਤਾਬਦੀਆਂ ਉਕਤ ਕੈਲੰਡਰ ਮੁਤਾਬਿਕ ਹੀ ਜਾਹੋ-ਜਲਾਲ ਨਾਲ ਮਨਾਈਆਂ ਜਾਣਗੀਆਂ। ਉਨ੍ਹਾਂ ਸੰਗਤ ਨੂੰ ਸੁਨੇਹਾ ਦਿੰਦਿਆਂ ਇਹ ਵੀ ਕਿਹਾ ਕਿ ਸਮੁੱਚੇ ਸਿੱਖ ਭਾਈਚਾਰੇ ਵੱਲੋਂ ਸਾਰੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਇਸ ਨਾਨਕਸ਼ਾਹੀ ਸੰਮਤ ਕੈਲੰਡਰ ਅਨੁਸਾਰ ਹੀ ਮਨਾਏ ਜਾਣ। ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਸਕੱਤਰੇਤ ਨੇ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਉਨ੍ਹਾਂ ਅਫ਼ਵਾਹਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ, ਜਿਨ੍ਹਾਂ 'ਚ ਜਥੇਦਾਰ ਹਰਪ੍ਰੀਤ ਸਿੰਘ ਨੂੰ ਦਲ ਖ਼ਾਲਸਾ ਵੱਲੋਂ ਤਿਆਰ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕਰਦੇ ਦੱਸਿਆ ਗਿਆ ਹੈ।