ਜਲਿਆਂਵਾਲਾ ਬਾਗ ''ਚ ਟਿਕਟ ਲਗਾਉਣ ਦੇ ਸੁਝਾਅ ਦਾ ਸਖਤ ਵਿਰੋਧ

07/01/2019 2:23:53 PM

ਅੰਮ੍ਰਿਤਸਰ : ਜਲਿਆਂਵਾਲਾ ਬਾਗ 'ਚ ਸ਼ਹੀਦੀ ਯਾਦਗਾਰ ਨੂੰ ਦੇਖਣ ਲਈ ਆਉਣ ਵਾਲੇ ਸੈਲਾਨੀਆਂ ਵਾਸਤੇ ਇਥੇ ਟਿਕਟ ਲਾਏ ਜਾਣ ਦੇ ਸੁਝਾਅ ਦਾ ਭਾਜਪਾ ਆਗੂ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਵਲੋਂ ਸਖਤ ਵਿਰੋਧ ਕੀਤਾ ਗਿਆ ਹੈ। 
ਉਨ੍ਹਾਂ ਨੇ ਸ਼ਹੀਦੀ ਯਾਦਗਾਰ ਨਾਲ ਛੇੜਛਾੜ 'ਤੇ ਵੀ ਸਖਤ ਇਤਰਾਜ਼ ਪ੍ਰਗਟਾਇਆ ਹੈ। 

ਦੱਸ ਦੇਈਏ ਕਿ ਬੀਤੇ ਦਿਨ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ, ਜੋ ਕਿ ਜਲਿਆਂਵਾਲਾ ਬਾਗ ਯਾਦਗਾਰੀ ਟਰਸੱਟ ਦੇ ਮੈਂਬਰ ਵੀ ਹਨ, ਵਲੋਂ ਇਥੇ ਦੌਰੇ ਦੌਰਾਨ ਸੈਲਾਨੀਆਂ 'ਤੇ ਟਿਕਟ ਲਾਉਣ ਦਾ ਸਮਰਥਨ ਕੀਤਾ ਗਿਆ ਸੀ। ਟਿਕਟ ਤੋਂ ਆਉਣ ਵਾਲੀ ਰਕਮ ਨਾਲ ਸ਼ਹੀਦੀ ਯਾਦਗਾਰ ਦੀ ਸਾਂਭ ਸੰਭਾਲ ਕੀਤੇ ਜਾਣ ਦਾ ਸੁਝਾਅ ਰੱਖਿਆ ਸੀ। ਇਸ ਸੁਝਾਅ ਦਾ ਭਾਜਪਾ ਦੀ ਸਾਬਕਾ ਵਿਧਾਇਕਾ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਵੀ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ ਵਿਖੇ ਲੋਕ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਸ਼ਹੀਦੀ ਸਮਾਰਕ ਦੇਖਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਕੀ ਹੁਣ ਲੋਕਾਂ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਸ਼ਹੀਦੀ ਸਮਾਰਕ ਦੇਖਣ ਲਈ ਟਿਕਟ ਲੈਣੀ ਪਵੇਗੀ।

ਉਨ੍ਹਾਂ ਇਸ ਨੂੰ ਦੁਖਦਾਈ ਦੱਸਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਇਥੇ ਹਜ਼ਾਰਾਂ ਲੋਕਾਂ ਨੇ ਸ਼ਹੀਦੀ ਦਿੱਤੀ ਸੀ, ਜਿਨ੍ਹਾਂ ਦੀ ਯਾਦ ਵਿਚ ਇਥੇ ਸ਼ਹੀਦੀ ਸਮਾਰਕ ਬਣਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਇਸੇ ਸ਼ਹੀਦੀ ਸਮਾਰਕ ਦੀ ਦਿੱਖ ਵਿਗਾੜਨ ਲਈ ਹੁਣ ਜਲਿਆਂਵਾਲਾ ਬਾਗ ਯਾਦਗਾਰੀ ਕਮੇਟੀ ਵਲੋਂ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਵਿਕਾਸ ਦੇ ਨਾਂ 'ਤੇ ਇਥੇ ਸ਼ਹੀਦੀ ਖੂਹ ਦੀ ਦਿੱਖ ਬਦਲੀ ਜਾ ਰਹੀ ਹੈ। ਇਹ ਸ਼ਹੀਦਾਂ ਦੀ ਨਿਸ਼ਾਨੀ ਸੀ, ਜਿਸ ਦੀ ਦਿੱਖ ਬਦਲੇ ਜਾਣ ਕਾਰਨ ਸਥਾਨਕ ਲੋਕ ਨਿਰਾਸ਼ ਹਨ। ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਜੱਲ੍ਹਿਆਂਵਾਲਾ ਬਾਗ ਦੇ ਵਿਕਾਸ ਦਾ ਕੰਮ ਕਰ ਰਹੀ ਕਮੇਟੀ 'ਤੇ ਰੋਕ ਲਾਈ ਜਾਵੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ , ਪੰਜਾਬ ਅਤੇ ਦੇਸ਼ ਦੇ ਲੋਕ ਇਸ ਦੀ ਦਿੱਖ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਮਾਫ ਨਹੀਂ ਕਰਨਗੇ।


Baljeet Kaur

Content Editor

Related News