ਜਲਿਆਂਵਾਲਾ ਬਾਗ ''ਤੇ ਲਗਾਈ ਜਾ ਰਹੀ ਐਂਟਰੀ ਫੀਸ ਦਾ ਕਾਂਗਰਸ ਨੇ ਕੀਤਾ ਵਿਰੋਧ

Tuesday, Jan 14, 2020 - 03:12 PM (IST)

ਜਲਿਆਂਵਾਲਾ ਬਾਗ ''ਤੇ ਲਗਾਈ ਜਾ ਰਹੀ ਐਂਟਰੀ ਫੀਸ ਦਾ ਕਾਂਗਰਸ ਨੇ ਕੀਤਾ ਵਿਰੋਧ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਸੁੰਦਰੀਕਰਨ ਦੇ ਨਾਮ 'ਤੇ ਜਲਿਆਂਵਾਲਾ ਬਾਗ ਵਿਚ ਸ਼ਹੀਦ ਉਧਮ ਸਿੰਘ ਦੀ ਮੂਰਤੀ ਅੱਗੇ ਬਣਾਏ ਜਾ ਰਹੇ ਟਿਕਟ ਘਰ ਅਤੇ ਐਂਟਰੀ ਫੀਸ ਵਸੂਲਣ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਕੇਂਦਰੀ ਸੱਭਿਆਚਾਰਕ ਮੰਚ ਦੇ ਇਸ ਫੈਸਲੇ ਦੇ ਵਿਰੋਧ ਵਿਚ ਕੰਬੋਜ ਭਾਈਚਾਰੇ ਦੇ ਲੋਕਾਂ ਦੇ ਨਾਲ-ਨਾਲ ਹੋਰ ਲੋਕਾਂ ਨੇ ਇਕੱਠੇ ਹੋ ਕੇ ਇਸ ਟਿਕਟ ਘਰ ਦੀ ਉਸਾਰੀ ਨੂੰ ਰੁਕਵਾਉਣ ਦੀ ਮੰਗ ਕੀਤੀ ਹੈ। ਉਥੇ ਹੀ ਅੱਜ ਕਾਂਗਰਸ ਪਾਰਟੀ ਦੇ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਵੀ ਇਸ ਦਾ ਵਿਰੋਧ ਕਰਦੇ ਹੋਏ ਸ਼ਹੀਦਾਂ ਦੇ ਪਰਿਵਾਰਾਂ ਨੂੰ ਲੈ ਕੇ ਜਲ੍ਹਿਆਂਵਾਲਾ ਬਾਗ ਪੁੱਜੇ।

ਇਸ ਮੌਕੇ 'ਤੇ ਡਾ. ਰਾਜਕੁਮਾਰ ਵੇਰਕਾ ਨੇ ਟਿਕਟ ਘਰ ਬਣਾਉਣ ਅਤੇ ਐਂਟਰੀ ਫੀਸ ਵਸੂਲਣ 'ਤੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਲਿਆਂਵਾਲਾ ਬਾਗ 'ਤੇ ਜਜੀਆ ਟੈਕਸ ਲਗਾ ਕੇ ਸੈਲਾਨੀਆਂ 'ਤੇ ਬੋਝ ਪਾ ਰਹੀ ਰਹੀ ਹੈ। ਵੇਰਕਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੁੰਦਰੀਕਰਨ ਦੇ ਨਾਮ 'ਤੇ ਜਦੋਂ ਖੂਹ ਤੋੜਿਆ ਗਿਆ ਸੀ ਤਾਂ ਉਦੋਂ ਅੰਮ੍ਰਿਤਸਰ ਦੇ ਪੁਲਸ ਥਾਣੇ ਵਿਚ ਮਾਮਲਾ ਦਰਜ ਕਰਵਾਇਆ ਗਿਆ ਸੀ ਪਰ ਉਸ 'ਤੇ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਵੇਰਕਾ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ 15 ਦਿਨ ਦੇ ਅੰਦਰ ਇਸ ਕੰਮ ਨੂੰ ਬੰਦ ਨਾ ਕੀਤਾ ਗਿਆ ਤਾਂ ਉਹ ਸ਼ਹੀਦਾ ਦੇ ਪਰਿਵਾਰਾਂ ਨਾਲ ਮਿਲ ਕੇ ਜਲਿਆਂਵਾਲਾ ਬਾਗ ਦੇ ਇਸ ਟਿਕਟ ਘਰ ਨੂੰ ਤੋੜਨਗੇ ਅਤੇ ਕੇਂਦਰ ਸਰਕਾਰ ਖਿਲਾਫ ਜਲਿਆਂਵਾਲਾ ਬਾਗ ਦੇ ਬਾਹਰ ਅੰਦੋਲਨ ਕਰਨਗੇ।


author

cherry

Content Editor

Related News