ਜਲਿਆਂਵਾਲੇ ਖੂਨੀ ਸਾਕੇ ਸਮੇਂ ਦਾ ਅੰਮ੍ਰਿਤਸਰ
Saturday, Apr 13, 2019 - 12:06 PM (IST)

ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰ ਗੁਰੂਆਂ ਦੀ ਚਰਨ ਸ਼ੋਅ ਪ੍ਰਾਪਤ ਧਰਤੀ ਜੀਹਨੂੰ ਸ਼੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ।ਇਸ ਸ਼ਹਿਰ ਦੀਆਂ ਗਲੀਆਂ ਹਰ ਦੌਰ 'ਚ ਖੂਨੀ ਇਤਿਹਾਸ ਦੀਆਂ ਗਵਾਹ ਰਹੀਆਂ ਹਨ।1919 ਦਾ ਅੰਮ੍ਰਿਤਸਰ ਆਪਣੀ 160000 ਦੀ ਅਬਾਦੀ ਵਾਲਾ ਸ਼ਹਿਰ ਸੀ। ਇਹ ਵੱਡਾ ਸ਼ਹਿਰ ਸੀ ਅਤੇ ਵਪਾਰ ਦਾ ਵੱਡਾ ਕੇਂਦਰ ਸੀ। ਸਿੱਖ,ਮੁਸਲਮਾਨ,ਹਿੰਦੂਆਂ ਦੀ ਅਬਾਦੀ ਸੀ। ਵਪਾਰ ਦਾ ਵੱਡਾ ਕੇਂਦਰ ਹੋਣ ਕਰਕੇ ਵਪਾਰੀਆਂ ਦਾ ਜਮਘਟ ਰਹਿੰਦਾ ਸੀ। ਗੰਗਾ-ਜਮੁਨਾ ਦੀ ਧਰਤੀ ਤੋਂ ਹਿੰਦੂ ਵਪਾਰੀਆਂ ਲਈ ਵੀ ਇਹ ਮੁੱਖ ਕੇਂਦਰ ਸੀ ਅਤੇ ਕਸ਼ਮੀਰੀ ਵਪਾਰੀਆਂ ਦਾ ਇੱਥੇ ਪੂਰੇ ਦਾ ਪੂਰਾ ਵੱਡਾ ਬਜ਼ਾਰ ਸੀ।ਇਸ ਤੋਂ ਇਲਾਵਾ ਰੇਲਵੇ ਜੰਕਸ਼ਨ ਸੀ। ਪਵਿੱਤਰ ਸ਼ਹਿਰ ਅਤੇ ਸਿਜਦੇ ਹੁੰਦੇ ਮਨਾਂ ਦੀ ਸ਼ੁਕਰਾਨੇ ਦੀ ਅਰਦਾਸ ਇੱਥੇ ਹੁੰਦੀ ਸੀ। ਇਹ ਪੰਜਾਬ ਸੀ ਅਤੇ ਪੰਜਾਬ ਦਾ ਸ਼ਹਿਰ ਅੰਮ੍ਰਿਤਸਰ ਸੀ। ਵਿਸਾਖੀ ਆਉਣ ਵਾਲੀ ਸੀ ਅਤੇ ਫਸਲਾਂ ਦੇ ਸ਼ੁਕਰਾਨੇ ਦੇ ਇਸ ਤਿਉਹਾਰ ਲਈ ਲੋਕਾਂ ਦੀ ਚੌਖੀ ਭੀੜ ਇਕੱਠੀ ਹੋਣ ਲੱਗੀ ਸੀ ਪਰ ਕੀ ਪਤਾ ਸੀ ਕਿ ਘਰੋਂ ਨਿਕਲੇ ਸੱਜਣ ਕਦੀ ਹੁਣ ਘਰਾਂ ਨੂੰ ਨਹੀਂ ਪਰਤਣਗੇ। ਕੌਣ ਜਾਣਦਾ ਸੀ ਕਿ ਕੁਝ ਇੰਝ ਹੋ ਜਾਵੇਗਾ? 13 ਅਪ੍ਰੈਲ, ਕਾਲੀ ਵਿਸਾਖੀ, ਕਾਲਾ ਐਤਵਾਰ ਅਤੇ ਲਹੂ ਨਾਲ ਸਿੰਜਿਆ ਇਤਿਹਾਸ ਜੋ ਅੱਜ ਵੀ ਸਾਨੂੰ ਧੁਰ ਅੰਦਰ ਤੱਕ ਹਿਲਾਉਂਦਾ ਹੈ। ਇਹ ਇਤਿਹਾਸ ਦੇ ਸਫਿਆਂ ਦਾ ਸਭ ਤੋਂ ਵੱਡਾ ਅਣਮਨੁੱਖੀ ਕਾਰਾ ਅਤੇ ਹੈਵਾਨੀਅਤ ਭਰਿਆ ਸਾਕਾ ਸੀ। 100 ਸਾਲ ਬਾਅਦ ਇਹ ਸਮਝਣਾ ਬਣਦਾ ਹੈ ਕਿ ਉਨ੍ਹਾਂ ਦਿਨਾਂ ਦੀ ਦਾਸਤਾਨ ਕੀ ਸੀ ਅਤੇ ਸਾਡੇ ਮਨਾਂ 'ਚ ਜਲਿਆਂਵਾਲਾ ਬਾਗ ਦੇ ਸਾਕੇ ਨੂੰ ਲੈ ਕੇ ਕੀ ਹੈ ਜੋ ਅਸੀਂ ਮਹਿਸੂਸ ਕਰਦੇ ਹਾਂ? ਅਪ੍ਰੈਲ ਮਹੀਨੇ ਦੇ ਉਹ ਦਿਨ ਬਹੁਤ ਸਾਰੇ ਹਲਾਤ ਅਤੇ ਮਿਲੇ ਜੁਲੇ ਮਾਹੌਲ ਦਾ ਨਤੀਜਾ ਸਨ। ਉਨ੍ਹਾਂ ਦਿਨਾਂ 'ਚ ਅੰਮ੍ਰਿਤਸਰ ਵਿਸਾਖੀ ਨੂੰ ਇੱਕਠੀਆਂ ਹੋ ਰਹੀਆਂ ਸੰਗਤਾਂ ਵੀ ਸਨ ਅਤੇ ਅਜ਼ਾਦੀ ਦੀ ਭਖ ਰਹੀ ਲੜਾਈ 'ਚ ਜੁਝਦੇ ਲੋਕ ਵੀ ਸਨ। ਉਨ੍ਹਾਂ ਦਿਨਾਂ 'ਚ ਪੰਜਾਬ ਦੇ ਹਲਾਤ ਪਹਿਲੀ ਸੰਸਾਰ ਜੰਗ ਨਾਲ ਪ੍ਰਭਾਵਿਤ ਸਨ। ਆਰਥਿਕਤਾ ਅਤੇ ਖੇਤੀਬਾੜੀ, ਲੋਕਾਂ ਦਾ ਸਮਾਜੀ ਜੀਵਨ ਅਤੇ ਕੁਦਰਤੀ ਕਰੋਪੀ ਦਾ ਵੀ ਅਸਰ ਸੀ। ਜਲਿਆਂਵਾਲੇ ਬਾਗ ਦੇ ਸਾਕੇ ਸਮੇਂ ਅਤੇ ਉਹ ਤੋਂ ਪਹਿਲਾਂ ਪੰਜਾਬ 'ਚ ਉਹ ਜ਼ਮੀਨ ਕਿਵੇਂ ਤਿਆਰ ਹੋ ਰਹੀ ਸੀ, ਇਸ ਦੇ ਵਿਸਥਾਰ 'ਚ ਜਾਏ ਬਿਨਾਂ ਅਸੀਂ 100 ਸਾਲ ਬਾਅਦ ਜਲਿਆਂਵਾਲੇ ਬਾਗ ਦੇ ਸਾਕੇ ਨੂੰ ਸਮਝ ਨਹੀਂ ਸਕਾਂਗੇ। ਇਸ ਦੌਰਾਨ ਇਹ ਜ਼ਰੂਰ ਧਿਆਨ 'ਚ ਰਹੇ ਕਿ ਅੰਮ੍ਰਿਤਸਰ ਕਦੀ ਵੀ ਫੌਜੀ ਮੱਹਤਤਾ ਵਾਲਾ ਸ਼ਹਿਰ ਨਹੀਂ ਸੀ। ਅੰਗਰੇਜ਼ਾਂ ਦੀ ਵੱਡੀ ਛਾਉਣੀ ਜਲੰਧਰ ਡਿਵੀਜ਼ਨ 'ਚ ਸੀ ਜਾਂ ਲਾਹੌਰ ਸੀ।ਅੰਮ੍ਰਿਤਸਰ ਸ਼ਹਿਰ ਦੋ ਹਿੱਸਿਆਂ 'ਚ ਵੰਡਿਆ ਨਗਰ ਸੀ। ਇਹਦੀ ਪੁਰਾਣੀ ਕੰਧ ਦੀ ਘੇਰੇਬੰਦੀ 'ਚ ਪੁਰਾਤਣ ਸ਼ਹਿਰ ਸੀ।ਜਿਹਦੀਆਂ ਤੰਗ ਗਲੀਆਂ ਅਤੇ ਭੀੜੇ ਬਜ਼ਾਰ ਸਨ। ਦੂਜਾ ਸ਼ਹਿਰ ਕੰਧ ਤੋਂ ਬਾਹਰ ਦਾ ਬ੍ਰਿਟਿਸ਼ ਛਾਉਣੀ ਸੀ। ਇੱਥੇ ਸਿਰਫ ਨਿੱਕੀ ਕੋਤਵਾਲੀ ਅਤੇ ਨਿੱਕੀ ਬਟਾਲੀਅਨ ਸੀ ਜਿਹਨੂੰ ਗੈਰਸੀਨ ਬਟਾਲੀਅਨ ਕਿਹਾ ਜਾਂਦਾ ਸੀ। ਇਸ 'ਚ 184 ਪੈਦਲ ਫੌਜ ਅਤੇ 55 ਘੋੜਸਵਾਰ ਅਤੇ ਰੋਇਲ ਫੀਲਡ ਆਰਟੀਲਰੀ ਸੀ। ਗੈਰਸਿਨ ਬਟਾਲੀਅਨ ਦੀ ਕਮਾਨ ਕੈਪਟਨ ਮੈਸੀ ਹੱਥ ਸੀ ਅਤੇ ਇਹ ਟੁਕੜੀ ਜਲੰਧਰ 45 ਬ੍ਰਿਗੇਡ ਨੂੰ ਜਵਾਬਦੇਹ ਸੀ। ਖੈਰ 100 ਸਾਲ ਬਾਅਦ ਜਲਿਆਂਵਾਲੇ ਬਾਗ ਦਾ ਸਾਕਾ ਇਸ ਦੌਰ ਦੀ ਅਸਹਿਣਸ਼ੀਲਤਾ ਵਿਚਕਾਰ ਦੇਸ਼ ਲਈ ਸ਼ਹਾਦਤ ਪਾਉਣ ਵਾਲੀ ਮਿੱਟੀ ਦੀ ਤਾਸੀਰ ਸਮਝਣ ਦਾ ਵੀ ਸਬੱਬ ਹੈ। ਕਿਉਂਕਿ ਜਿਨ੍ਹਾਂ ਸਾਡੇ ਲਈ ਸ਼ਹੀਦੀਆਂ ਪਾਈਆਂ ਇਹ ਮਹਿਸੂਸ ਕਰਨ ਦੀ ਵੀ ਲੋੜ ਹੈ ਕਿ ਸਾਕੇ ਤੋਂ 100 ਸਾਲ ਬਾਅਦ ਉਹਨਾਂ ਸ਼ਹੀਦਾਂ ਦਾ ਭਾਰਤ ਕਿਹੋ ਜਿਹਾ ਹੈ?