ਜੌੜਾ ਫਾਟਕ ਨੇੜੇ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਹੋਈ ਪਛਾਣ

Friday, Jul 05, 2019 - 12:46 PM (IST)

ਜੌੜਾ ਫਾਟਕ ਨੇੜੇ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਹੋਈ ਪਛਾਣ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ-ਨਵੀਂ ਦਿੱਲੀ ਰੇਲਵੇ ਲਾਈਨ 'ਤੇ ਇਕ ਵਿਅਕਤੀ ਨੇ ਰੇਲ ਗੱਡੀ ਹੇਠਾਂ ਆ ਕੇ ਆਪਣੀ ਜਾਨ ਦੇ ਦਿੱਤੀ। ਮੌਕੇ ਤੋਂ ਮਿਲੇ ਸੁਸਾਈਡ ਨੋਟ 'ਚ ਮ੍ਰਿਤਕ ਨੇ ਇਹ ਕਦਮ ਚੁੱਕਣ ਲਈ ਆਪਣੇ ਸਹੁਰਾ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ। ਜੀ. ਆਰ. ਪੀ. ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਮਕਬੂਲ ਰੋਡ ਸਥਿਤ ਆਨੰਦ ਐਵੀਨਿਊ ਵਾਸੀ 55 ਸਾਲਾ ਪ੍ਰਵੀਨ ਕੁਮਾਰ ਵਜੋਂ ਹੋਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੇ ਥਾਣਾ ਜੀ. ਆਰ. ਪੀ. ਅੰਮ੍ਰਿਤਸਰ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਸਾਈਡ ਨੋਟ 'ਚ ਮ੍ਰਿਤਕ ਨੇ ਲਿਖਿਆ ਹੈ ਕਿ ਉਸ ਦੇ ਬੇਟੇ ਦੀ ਪਤਨੀ ਨਿਤਿਆ ਗੁਪਤਾ ਦੀ ਇਕ ਸਾਲ ਪਹਿਲਾਂ ਅਚਾਨਕ ਮੌਤ ਹੋ ਗਈ ਸੀ ਅਤੇ ਲੜਕੀ ਦੇ ਪੇਕੇ ਪਰਿਵਾਰ ਵੱਲੋਂ ਉਨ੍ਹਾਂ ਦੇ ਪਰਿਵਾਰ 'ਤੇ ਮਾਮਲਾ ਦਰਜ ਕਰਵਾ ਦਿੱਤਾ ਗਿਆ ਸੀ। ਮ੍ਰਿਤਕ ਉਸ ਮਾਮਲੇ 'ਚ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਇਆ ਸੀ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਜੌੜਾ ਫਾਟਕ ਨੇੜੇ ਜਲੰਧਰ ਤੋਂ ਆ ਰਹੀ ਸ਼ਾਨ-ਏ-ਪੰਜਾਬ ਰੇਲ ਗੱਡੀ ਹੇਠਾਂ ਆ ਕੇ ਆਤਮਹੱਤਿਆ ਕਰ ਲਈ। ਇੰਸਪੈਕਟਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Baljeet Kaur

Content Editor

Related News