ਅੰਮ੍ਰਿਤਸਰ ਨੂੰ ਪਵਿੱਤਰ ਦਰਜਾ ਦਿਵਾਉਣ ਲਈ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ''ਤੇ ਦਿੱਤਾ ਮੰਗ-ਪੱਤਰ

Wednesday, Feb 19, 2020 - 02:44 PM (IST)

ਅੰਮ੍ਰਿਤਸਰ ਨੂੰ ਪਵਿੱਤਰ ਦਰਜਾ ਦਿਵਾਉਣ ਲਈ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ''ਤੇ ਦਿੱਤਾ ਮੰਗ-ਪੱਤਰ

ਅੰਮ੍ਰਿਤਸਰ (ਅਣਜਾਣ) : ਸਮਾਜ ਸੁਧਾਰ ਸੰਸਥਾ ਪੰਜਾਬ ਅਤੇ ਸਮੂਹ ਸਭਾ-ਸੋਸਾਇਟੀਆਂ, ਸੰਤਾਂ-ਮਹਾਪੁਰਸ਼ਾਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਗਤਾਂ ਨੇ ਰਣਜੀਤ ਸਿੰਘ ਭੋਮਾ ਦੀ ਅਗਵਾਈ 'ਚ ਮਹਾ ਸਿੰਘ ਗੇਟ ਤੋਂ ਅਰਦਾਸ ਕਰ ਕੇ ਮੇਅਰ ਦਫ਼ਤਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸ੍ਰੀ ਅੰਮ੍ਰਿਤਸਰ ਨੂੰ ਪਵਿੱਤਰ ਦਰਜਾ ਦਿਵਾਉਣ ਸਬੰਧੀ ਮੰਗ-ਪੱਤਰ ਸੌਂਪਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭੋਮਾ ਨੇ ਕਿਹਾ ਕਿ ਕਾਸ਼ੀ, ਹਰਿਦੁਆਰ ਦੀ ਤਰ੍ਹਾਂ ਸ੍ਰੀ ਅੰਮ੍ਰਿਤਸਰ ਸ਼ਹਿਰ ਨੂੰ ਵੀ ਪਵਿੱਤਰ ਦਰਜਾ ਦਿਵਾਉਂਦਿਆਂ ਬੱਸ ਸਟੈਂਡ, ਰੇਲਵੇ ਸਟੇਸ਼ਨ, ਹਾਲ ਗੇਟ, ਚੌਕ ਮਹਾ ਸਿੰਘ ਗੇਟ, ਬੀ-ਡਵੀਜ਼ਨ, ਬਾਬਾ ਦੀਪ ਸਿੰਘ ਗੇਟ ਅਤੇ ਧਰਮ ਸਿੰਘ ਮਾਰਕੀਟ ਨੇੜੇ ਪਾਨ-ਬੀੜੀ, ਮੀਟ, ਆਂਡੇ ਅਤੇ ਮੱਛੀ ਦੀਆਂ ਖੁੱਲ੍ਹੀਆਂ ਦੁਕਾਨਾਂ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਸ਼ਰਧਾ ਨੂੰ ਠੇਸ ਪਹੁੰਚਾ ਰਹੀਆਂ ਹਨ। ਇਨ੍ਹਾਂ ਨੂੰ ਪੱਕੇ ਤੌਰ 'ਤੇ ਬੰਦ ਕਰਵਾ ਕੇ ਮੇਨ ਗੇਟਾਂ 'ਤੇ ਛਬੀਲਾਂ ਲਵਾ ਕੇ ਸੰਗਤਾਂ ਨੂੰ ਜਲ ਛਕਾਇਆ ਜਾਵੇ।

ਉਨ੍ਹਾਂ ਕਿਹਾ ਕਿ ਇਨ੍ਹਾਂ ਗੇਟਾਂ ਕੋਲ 31 ਮਾਰਚ ਨੂੰ ਹੋਣ ਵਾਲੀ ਸ਼ਰਾਬ ਦੇ ਠੇਕਿਆਂ ਦੀ ਬੋਲੀ ਪ੍ਰਸ਼ਾਸਨ ਵੱਲੋਂ ਬੰਦ ਕਰਵਾਈ ਜਾਵੇ। ਵਿਰਾਸਤੀ ਮਾਰਗ 'ਤੇ ਸਾਮਾਨ ਵੇਚਣ ਵਾਲੇ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਬਹੁਤ ਪ੍ਰੇਸ਼ਾਨ ਕਰ ਕੇ ਭਾਰੀ ਲੁੱਟ ਕਰ ਰਹੇ ਹਨ। ਇਨ੍ਹਾਂ ਨੂੰ ਹਟਾਉਣ ਤੋਂ ਇਲਾਵਾ ਰਸਤਿਆਂ ਅਤੇ ਹਰ ਚੌਕ 'ਚ ਆਵਾਰਾ ਕੁੱਤਿਆਂ ਦੀ ਭਰਮਾਰ 'ਤੇ ਕੰਟਰੋਲ ਕੀਤਾ ਜਾਵੇ ਤਾਂ ਜੋ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਇਹ ਆਵਾਰਾ ਕੁੱਤੇ ਨਾ ਕੱਟਣ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੀਆਂ ਸੜਕਾਂ ਨਵੇਂ ਸਿਰੇ ਤੋਂ ਬਣਵਾਈਆਂ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਉਸਾਰੇ ਗਏ ਕਈ ਹੋਟਲਾਂ 'ਚ ਹੁੰਦੇ ਨਾਜਾਇਜ਼ ਕੰਮਾਂ 'ਤੇ ਪ੍ਰਸ਼ਾਸਨ ਸਖ਼ਤੀ ਨਾਲ ਪੇਸ਼ ਆਏ। ਇਸ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਰਸਤਿਆਂ 'ਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦਾ ਮਾਲ ਸੜਕਾਂ ਦੇ ਕਾਫ਼ੀ ਹਿੱਸੇ 'ਤੇ ਲਾਇਆ ਹੁੰਦਾ ਹੈ, ਜਿਸ ਕਰ ਕੇ ਭੀੜ ਕਾਰਣ ਸੰਗਤਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਇਨ੍ਹਾਂ 'ਤੇ ਵੀ ਸ਼ਿਕੰਜਾ ਕੱਸਿਆ ਜਾਵੇ ਅਤੇ ਈ-ਰਿਕਸ਼ਿਆਂ, ਟੈਂਪੂਆਂ 'ਤੇ ਵੀ ਟ੍ਰੈਫਿਕ ਪੁਲਸ ਸਖ਼ਤ ਕਾਰਵਾਈ ਕਰੇ। ਭੋਮਾ ਨੇ ਮੰਗ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਕਰ ਕੇ ਜਲਦ ਹੀ ਕੋਈ ਮਤਾ ਪਾ ਕੇ ਸਰਕਾਰ ਪਾਸੋਂ ਅੰਮ੍ਰਿਤਸਰ ਨੂੰ ਪਵਿੱਤਰ ਦਰਜਾ ਦਿਵਾਉਣ ਲਈ ਉਪਰਾਲੇ ਆਰੰਭਣ। ਇਸ ਸਬੰਧੀ ਸਿੰਘ ਸਾਹਿਬ ਦੇ ਨਿੱਜੀ ਸਹਾਇਕ ਰਣਜੀਤ ਸਿੰਘ ਕੱਲ੍ਹਾ ਨੇ ਕਿਹਾ ਕਿ ਸਾਰਾ ਮਾਮਲਾ ਸਿੰਘ ਸਾਹਿਬ ਦੇ ਧਿਆਨ 'ਚ ਲਿਆ ਦਿੱਤਾ ਜਾਵੇਗਾ।


author

Baljeet Kaur

Content Editor

Related News