ਮਾਮਲਾ 197 ਕਿਲੋ ਹੈਰੋਇਨ ਦਾ : ED ਨੇ ਹੈਰੋਇਨ ਰਿਫਾਈਨਰੀ ਲੈਬਾਰਟਰੀ ਦਾ ਮਾਮਲਾ ਕੀਤਾ ਟੇਕਅਪ
Tuesday, Feb 11, 2020 - 11:30 AM (IST)
ਅੰਮ੍ਰਿਤਸਰ (ਸੰਜੀਵ) - ਕੇਂਦਰ ਦੀ ਏਜੰਸੀ ਇਨਫੋਰਸਮੈਂਟ ਡਾਇਰੈਕਟਰੇਟ ਨੇ ਸੁਲਤਾਨਵਿੰਡ ਖੇਤਰ ’ਚ ਅਕਾਲੀ ਨੇਤਾ ਦੀ ਕੋਠੀ ’ਚ ਚੱਲ ਰਹੀ ਹੈਰੋਇਨ ਰਿਫਾਈਨਰੀ ਦੀ ਲੈਬਾਰਟਰੀ ਦੇ ਮਾਮਲੇ ਨੂੰ ਟੇਕਅਪ ਕੀਤਾ ਹੈ। ਇਸ ’ਚ ਈ. ਡੀ. ਦੇ ਅਧਿਕਾਰੀਆਂ ਨੇ ਐੱਸ. ਟੀ. ਐੱਫ. ਦੇ ਮਾਮਲੇ ’ਚ ਦਰਜ ਐੱਫ. ਆਈ. ਆਰ. ਦੀ ਕਾਪੀ ਅਤੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦਾ ਪੂਰਾ ਵੇਰਵਾ ਮੰਗਿਆ ਹੈ। ਈ. ਡੀ. ਇਸ ਮਾਮਲੇ ’ਚ ਹਵਾਲੇ ਦੇ ਰਸਤੇ ਪੈਸੇ ਦੀ ਟਰਾਂਜੈਕਸ਼ਨ ਅਤੇ ਮਨੀ ਲਾਂਡਰਿੰਗ ਦੇ ਬਾਰੇ ਬਾਰੀਕੀ ਨਾਲ ਜਾਂਚ ਕਰੇਗੀ। ਜਾਣਕਾਰੀ ਮੁਤਾਬਕ ਹੈਰੋਇਨ ਰਿਫਾਈਨਰੀ ਨੂੰ ਲੈ ਕੇ ਬਹੁਤ ਸਾਰਾ ਪੈਸੇ ਇਧਰ-ਉੱਧਰ ਕੀਤਾ ਗਿਆ ਸੀ। ਕੁਝ ਪੈਸੇ ਵਿਦੇਸ਼ਾਂ ਤੋਂ ਵੀ ਇਸ ਮਾਮਲੇ ’ਚ ਇਨਵੈਸਟ ਕਰਨ ਅਤੇ ਲੋਕਲ ਸਮੱਗਲਰਾਂ ਦੇ ਵੀ ਹਿੱਸੇ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ। ਪੂਰੇ ਮਾਮਲੇ ਦੀ ਪੁਸ਼ਟੀ ਐੱਸ. ਟੀ. ਐੱਫ. ਦੇ ਅਧਿਕਾਰੀ ਵਲੋਂ ਕੀਤੀ ਗਈ ਹੈ।
ਉੱਧਰ ਸਪੈਸ਼ਲ ਟਾਸਕ ਫੋਰਸ ਨੇ ਉਸ ਟਰੱਕ ਨੂੰ ਕਾਬੂ ਕਰ ਲਿਆ ਹੈ, ਜਿਸ ’ਚੋਂ ਬਰਾਮਦ ਹੈਰੋਇਨ 2018 ਤੋਂ ਬਾਅਦ ਅੰਮ੍ਰਿਤਸਰ ਲਿਆਂਦੀ ਗਈ ਸੀ। ਲੁਧਿਆਣਾ ਤੋਂ ਕਾਬੂ ਕੀਤੇ ਇਸ ਟਰੱਕ ਦਾ ਨੰਬਰ ਜੀ. ਜੇ. 12 ਬੀ. ਡਬਲਿਊ 2323 ਹੈ। ਪੁਲਸ ਨੇ ਟਰੱਕ ਚਾਲਕ ਤੋਂ ਪੁੱਛਗਿਛ ਕਰਨ ਮਗਰੋਂ ਉਸ ਨੂੰ ਛੱਡ ਦਿੱਤਾ ਹੈ, ਜਦਕਿ ਐੱਸ. ਟੀ. ਐੱਫ. ਦੀ ਇਕ ਸਪੈਸ਼ਲ ਟੀਮ ਗੁਜਰਾਤ ਸਥਿਤ ਗਾਂਧੀ ਧਾਮ ਦੇ ਰਹਿਣ ਵਾਲੇ ਟਰੱਕ ਮਾਲਿਕ ਇੰਦਰੇਸ਼ ਕੁਮਾਰ ਦੀ ਗ੍ਰਿਫਤਾਰੀ ਲਈ ਗੁਜਰਾਤ ਰਵਾਨਾ ਹੋ ਚੁੱਕੀ ਹੈ। ਪਤਾ ਲੱਗਾ ਹੈ ਕਿ ਐੱਸ. ਟੀ. ਐੱਫ. ਵੱਲੋਂ ਬਰਾਮਦ ਹੈਰੋਇਨ 2018 ਵਿਚ ਸਿਮਰਨਜੀਤ ਸਿੰਘ ਸੰਧੂ ਵੱਲੋਂ ਭੇਜੀ ਗਈ ਸੀ, ਜਿਸ ਨੂੰ ਟਰਾਂਸਪੋਰਟ ਦਾ ਮਾਲਿਕ ਆਪ ਇੰਦਰੇਸ਼ ਕੁਮਾਰ ਇਸ ਨੂੰ ਅੰਮ੍ਰਿਤਸਰ ਛੱਡਣ ਆਇਆ ਸੀ। ਇਕ ਦੇ ਬਾਅਦ ਇਕ ਹੋ ਰਹੀਆਂ ਗ੍ਰਿਫਤਾਰੀਆਂ ਹੈਰੋਇਨ ਦੀ ਕੜੀ ਦਰ ਕੜੀ ਨੂੰ ਜੋੜ ਰਹੀਆਂ ਹਨ।
ਵਰਣਨਯੋਗ ਹੈ ਕਿ 1 ਫਰਵਰੀ ਨੂੰ ਐੱਸ. ਟੀ. ਐੱਫ. ਵਲੋਂ ਸੁਲਤਾਨਵਿੰਡ ਰੋਡ ਸਥਿਤ ਹੈਰੋਇਨ ਰਿਫਾਈਨ ਕਰਨ ਦੀ ਲੈਬਾਰਟਰੀ ਤੋਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੋਂ ਪਹਿਲਾਂ ਨਸ਼ੇ ਦੇ ਇਸ ਪੂਰੇ ਰੈਕੇਟ ਨੂੰ ਚਲਾਉਣ ਵਾਲੇ ਅੰਕੁਸ਼ ਕਪੂਰ ਨੂੰ ਉਸ ਦੇ ਸਾਥੀ ਸਮੇਤ ਗ੍ਰਿਫਤਾਰ ਕੀਤਾ ਸੀ। ਜਾਂਚ ਉਪਰੰਤ ਐੱਸ. ਟੀ. ਐੱਫ. ਨੇ ਦੋ ਦਿਨ ਪਹਿਲਾਂ ਪੰਜਾਬੀ ਫਿਲਮ ਐਕਟਰ ਮਨਤੇਜ ਨੂੰ ਗ੍ਰਿਫਤਾਰ ਕੀਤਾ ਸੀ। ਲੈਬਾਰਟਰੀ ’ਚੋਂ ਗ੍ਰਿਫਤਾਰ ਅਫਗਾਨੀ ਨਾਗਰਿਕ ਅਰਮਾਨ ਇੱਥੇ ਹੈਰੋਇਨ ਨੂੰ ਰਿਫਾਈਨ ਕਰਨ ਲਈ ਬੁਲਾਇਆ ਗਿਆ ਸੀ। ਸੂਤਰਾਂ ਅਨੁਸਾਰ ਅਰਮਾਨ ਤੋਂ ਪਹਿਲਾਂ ਵੀ 2 ਅਫਗਾਨੀ ਲੈਬਾਰਟਰੀ ਵਿਚ ਪਈ ਕਰੀਬ 200 ਕਿਲੋ ਹੈਰੋਇਨ ਨੂੰ ਰਿਫਾਈਨ ਕਰਨ ਲਈ ਆ ਚੁੱਕੇ ਹਨ। ਜਦੋਂ ਇਹ ਕੰਮ ਉਨ੍ਹਾਂ ਤੋਂ ਨਹੀਂ ਹੋ ਪਾਇਆ ਤਾਂ ਅਰਮਾਨ ਨੂੰ ਲਿਆਂਦਾ ਗਿਆ।