''ਜੈ ਮਾਤਾ ਦੀ'' ਲਿਖੀਆਂ ਕ੍ਰਿਪਾਨਾਂ ਨੂੰ ਤੁਰੰਤ ਜ਼ਬਤ ਕੀਤਾ ਜਾਵੇ : ਹਰਨਾਮ ਸਿੰਘ ਖਾਲਸਾ

04/03/2019 11:14:53 AM

ਅੰਮ੍ਰਿਤਸਰ (ਛੀਨਾ) : ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਮਿਆਨਾਂ 'ਤੇ 'ਜੈ ਮਾਤਾ ਦੀ' ਲਿਖੀਆਂ ਕ੍ਰਿਪਾਨਾਂ (ਸਿਰੀ ਸਾਹਿਬ) ਦੀ ਬਾਜ਼ਾਰਾਂ 'ਚ ਹੋ ਰਹੀ ਵਿਕਰੀ 'ਤੇ ਸਖਤ ਇਤਰਾਜ਼ ਜਤਾਉਂਦਿਆਂ ਇਸ ਨੂੰ ਸਿੱਖ ਧਰਮ 'ਤੇ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਾ ਉਕਤ ਮਾਮਲਾ ਸਾਹਮਣੇ ਆਉਣ ਨਾਲ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਕਤ ਸੰਵੇਦਨਸ਼ੀਲ ਮਾਮਲੇ ਪ੍ਰਤੀ ਸਖਤ ਨੋਟਿਸ ਲੈਣ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਵਾਉਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨੇੜੇ ਤੇ ਹੋਰ ਗੁਰਧਾਮਾਂ, ਧਾਰਮਿਕ ਅਸਥਾਨਾਂ 'ਤੇ ਅਜਿਹੀਆਂ ਕ੍ਰਿਪਾਨਾਂ ਦੀ ਵਿਕਰੀ ਹੋਣੀ ਗਹਿਰੀ ਸਾਜ਼ਿਸ਼ ਤੇ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਪੰਜਾਬ ਦੇ ਮਾਹੌਲ ਨੂੰ ਸ਼ਾਂਤਮਈ ਬਣਾਏ ਰੱਖਣ ਲਈ 'ਜੈ ਮਾਤਾ ਦੀ' ਲਿਖੀਆਂ ਕ੍ਰਿਪਾਨਾਂ ਨੂੰ ਤੁਰੰਤ ਜ਼ਬਤ ਕਰਨ ਤੇ ਅੰਮ੍ਰਿਤਧਾਰੀ ਸਿੱਖਾਂ ਦੇ ਗਲ਼ਾਂ 'ਚ 'ਜੈ ਮਾਤਾ ਦੀ' ਲਿਖੀਆਂ ਕ੍ਰਿਪਾਨਾਂ ਪੁਆਉਣ ਦੀ ਸਾਜ਼ਿਸ਼ ਪਿੱਛੇ ਕੰਮ ਕਰ ਰਹੀਆਂ ਪੰਥ ਦੋਖੀ ਤਾਕਤਾਂ ਦਾ ਪਰਦਾਫਾਸ਼ ਕਰਨ ਦੀ ਵੀ ਸਰਕਾਰ ਤੋਂ ਮੰਗ ਕੀਤੀ। ਉਨ੍ਹਾਂ ਸਖਤ ਲਹਿਜ਼ੇ 'ਚ ਕਿਹਾ ਕਿ ਸਿੱਖੀ ਕੱਕਾਰਾਂ 'ਤੇ ਭਗਵਾਕਰਨ ਲਿਆਉਣ ਨੂੰ ਪੰਥ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ।

ਉਨ੍ਹਾਂ ਕਿਹਾ ਕਿ ਸਿੱਖ ਵੱਖਰੀ ਕੌਮ ਹੈ ਅਤੇ ਖਾਲਸਾ ਇਕ ਅਕਾਲ ਪੁਰਖ ਦਾ ਉਪਾਸ਼ਕ ਹੈ, ਜਿਸ ਦਾ ਕਿਸੇ ਦੇਵੀ-ਦੇਵਤੇ ਨਾਲ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਿੱਖ ਵਿਰੋਧੀ ਸ਼ਰਾਰਤੀ ਲਾਬੀ ਅਜਿਹੀਆਂ ਹਰਕਤਾਂ ਨਾਲ ਸਿੱਖ ਕੌਮ ਨੂੰ ਵੰਗਾਰਨਾ ਬੰਦ ਕਰੇ। ਉਨ੍ਹਾਂ ਕਿਹਾ ਕਿ ਸਮੂਹ ਸਿੱਖ ਸੰਗਤਾਂ ਨੂੰ ਉਕਤ ਸਾਜ਼ਿਸ਼ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।


cherry

Content Editor

Related News