ਅਚਾਨਕ ਅੱਗ ਲੱਗਣ ਨਾਲ ਗੁਟਕਾ ਸਾਹਿਬ ਤੇ ਹੋਰ ਧਾਰਮਿਕ ਪੁਸਤਕਾਂ ਹੋਈਆਂ ਅਗਨ ਭੇਟ

Monday, Apr 15, 2019 - 09:18 AM (IST)

ਅਚਾਨਕ ਅੱਗ ਲੱਗਣ ਨਾਲ ਗੁਟਕਾ ਸਾਹਿਬ ਤੇ ਹੋਰ ਧਾਰਮਿਕ ਪੁਸਤਕਾਂ ਹੋਈਆਂ ਅਗਨ ਭੇਟ

ਅੰਮ੍ਰਿਤਸਰ (ਅਰੁਣ) : ਕੋਟ ਖਾਲਸਾ ਸਥਿਤ ਗੁਰੂ ਨਾਨਕਪੁਰਾ ਦੇ ਇਕ ਘਰ 'ਚ ਲੱਗੀ ਅਚਾਨਕ ਅੱਗ ਨਾਲ ਗੁਟਕਾ ਸਾਹਿਬ ਤੇ ਕੁਝ ਹੋਰ ਧਾਰਮਿਕ ਪੁਸਤਕਾਂ ਅਗਨ ਭੇਟ ਹੋ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਡੀ. ਸੀ. ਪੀ. ਸਿਟੀ-1 ਜਗਜੀਤ ਸਿੰਘ ਵਾਲੀਆ, ਥਾਣਾ ਕੋਟ ਖਾਲਸਾ ਦੀ ਪੁਲਸ ਤੇ ਸਤਿਕਾਰ ਕਮੇਟੀ ਦੇ ਮੈਂਬਰ ਮੌਕੇ 'ਤੇ ਪੁੱਜ ਗਏ।

ਜਾਣਕਾਰੀ ਅਨੁਸਾਰ ਗੁਰੂ ਨਾਨਕਪੁਰਾ ਗਲੀ ਨੰਬਰ 8 ਵਾਸੀ ਸੁਮਿਤ ਕੌਰ ਦੀ ਲੜਕੀ ਦਾ ਕੁਝ ਦਿਨ ਬਾਅਦ ਵਿਆਹ ਰੱਖਿਆ ਹੋਇਆ ਸੀ, ਘਰ 'ਚ ਸਾਫ-ਸਫਾਈ ਦਾ ਕੰਮ ਚੱਲ ਰਿਹਾ ਸੀ ਤੇ ਛੋਟੀ ਅਲਮਾਰੀ 'ਚ ਬਣਾਏ ਗਏ ਮੰਦਰ ਦਾ ਸਾਰਾ ਸਾਮਾਨ ਵੀ ਘਰ ਦੀ ਛੱਤ 'ਤੇ ਰੱਖਿਆ ਹੋਇਆ ਸੀ। ਸੁਮਿਤ ਕੌਰ ਦਾ ਲੜਕਾ ਬਲਜੀਤ ਸਿੰਘ ਘਰ ਦੀ ਛੱਤ 'ਤੇ ਗਿਆ ਤੇ ਉਸ ਨੇ ਮੰਦਰ 'ਚ ਰੱਖੇ ਰੂੰ ਨੂੰ ਅੱਗ ਲਾ ਦਿੱਤੀ। ਉਸ ਵੇਲੇ ਅੱਗ ਬੁਝੀ ਸਮਝ ਕੇ ਉਹ ਹੇਠਾਂ ਉੱਤਰ ਗਿਆ ਪਰ ਚਿੰਗਾਰੀ ਨਾਲ ਲੱਕੜ ਦੇ ਫੱਟੇ ਨੂੰ ਅੱਗ ਲੱਗ ਗਈ, ਜਿਸ ਨਾਲ ਗੁਟਕਾ ਸਾਹਿਬ ਤੇ ਹੋਰ ਧਾਰਮਿਕ ਪੁਸਤਕਾਂ ਵੀ ਅਗਨ ਭੇਟ ਹੋ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਏ. ਡੀ. ਸੀ. ਪੀ. ਸਿਟੀ-1 ਜਗਜੀਤ ਸਿੰਘ ਵਾਲੀਆ, ਸਤਿਕਾਰ ਕਮੇਟੀ ਦੇ ਮੈਂਬਰ ਤੇ ਹੋਰ ਧਾਰਮਿਕ ਜਥੇਬੰਦੀਆਂ ਮੌਕੇ 'ਤੇ ਪੁੱਜ ਗਈਆਂ।

ਕੀ ਕਹਿਣਾ ਹੈ ਘਰ ਦੀ ਮਾਲਕਣ ਦਾ
ਘਰ ਦੀ ਮਾਲਕਣ ਸੁਮਿਤ ਕੌਰ ਨੇ ਦੱਸਿਆ ਕਿ ਮੁਹੱਲੇ ਦੇ ਕਿਸੇ ਲੜਕੇ ਨੇ ਸ਼ਰਾਰਤ ਕਰ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਜਦਕਿ ਦੂਸਰੇ ਪਾਸੇ ਪੁਲਸ ਵੱਲੋਂ ਸੁਮਿਤ ਕੌਰ ਦੇ ਲੜਕੇ ਬਲਜੀਤ ਸਿੰਘ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਨੇ ਰੂੰ ਨੂੰ ਲਾਈ ਅੱਗ ਦਾ ਪੁਲਸ ਦੇ ਸਾਹਮਣੇ ਖੁਲਾਸਾ ਕੀਤਾ ਹੈ।

ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ
ਮੌਕੇ 'ਤੇ ਪੁੱਜੇ ਏ. ਡੀ. ਸੀ. ਪੀ. ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਸੁਮਿਤ ਕੌਰ ਦੇ ਲੜਕੇ ਬਲਜੀਤ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਪੁਲਸ ਪੁੱਛਗਿੱਛ ਕਰ ਰਹੀ ਹੈ। ਅਗਨੀ ਭੇਟ ਹੋਈਆਂ ਧਾਰਮਿਕ ਪੁਸਤਕਾਂ ਦੀ ਇਸ ਘਟਨਾ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਮੁਕੰਮਲ ਜਾਂਚ ਮਗਰੋਂ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


author

Baljeet Kaur

Content Editor

Related News