ਗੁਰਦੁਆਰਾ ਡਾਂਗਮਾਰ ਸਾਹਿਬ ਦਾ ਵਿਵਾਦ ਸੁਲਝਾਉਣ ਲਈ ਸ੍ਰੀ ਅਕਾਲ ਤਖਤ ਵਲੋਂ ਜਾਂਚ ਕਮੇਟੀ ਗਠਿਤ

12/21/2019 10:56:04 AM

ਅੰਮ੍ਰਿਤਸਰ (ਮਮਤਾ) : ਸ੍ਰੀ ਅਕਾਲ ਤਖਤ ਵਲੋਂ ਓਡਿਸ਼ਾ ਸਥਿਤ ਗੁਰਦੁਆਰਾ ਮੰਗੂ ਮੱਠ ਅਤੇ ਸਿੱਕਮ 'ਚ ਗੁਰਦੁਆਰਾ ਡਾਂਗਮਾਰ ਸਾਹਿਬ ਦਾ ਵਿਵਾਦ ਸੁਲਝਾਉਣ ਲਈ ਇਕ ਜਾਂਚ ਕਮੇਟੀ ਬਣਾਈ ਗਈ ਹੈ, ਜਿਸ ਦੀ ਰਿਪੋਰਟ ਉਪਰੰਤ ਹੀ ਸਿੰਘ ਸਾਹਿਬਾਨ ਵੱਲੋਂ ਕੋਈ ਫ਼ੈਸਲਾ ਲਿਆ ਜਾਵੇਗਾ। ਇਸ ਸਬੰਧੀ ਦੋਵਾਂ ਗੁਰਦੁਆਰਿਆ ਦੀਆਂ ਕਮੇਟੀਆਂ ਅਤੇ ਸਬੰਧਤ ਸੰਗਠਨਾਂ ਦੇ ਨੇਤਾਵਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਮੀਟਿੰਗ ਕੀਤੀ ਗਈ। ਦੱਸਣਯੋਗ ਹੈ ਕਿ ਓਡਿਸ਼ਾ ਸਥਿਤ ਗੁਰਦੁਆਰਾ ਮੰਗੂ ਮੱਠ ਦੀ ਉਸਾਰੀ ਸਬੰਧੀ ਜ਼ਮੀਨੀ ਵਿਵਾਦ ਉਥੋਂ ਦੀ ਪ੍ਰਬੰਧਕ ਕਮੇਟੀ ਅਤੇ ਹੋਰ ਸੰਗਠਨਾਂ 'ਚ ਚੱਲ ਰਿਹਾ ਹੈ, ਜਦੋਂ ਕਿ ਦੂਜੇ ਪਾਸੇ ਸਿੱਕਮ ਸਥਿਤ ਗੁਰਦੁਆਰਾ ਡਾਂਗਮਾਰ ਦਾ ਮਾਮਲਾ ਹਾਈ ਕੋਰਟ 'ਚ ਚੱਲ ਰਿਹਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ 'ਤੇ ਇਨ੍ਹਾਂ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਰਿਕਾਰਡ ਸਮੇਤ ਉਥੇ ਪਹੁੰਚੀ ਅਤੇ ਉਨ੍ਹਾਂ ਆਪਣੇ ਪੱਖ ਰੱਖੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਕਿਹਾ ਕਿ ਦੋਵਾਂ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨੂੰ ਉਨ੍ਹਾਂ ਦੀ ਸੰਭਾਲ ਅਤੇ ਉਸਾਰੀ ਲਈ ਕਿਹਾ ਗਿਆ ਹੈ। ਇਸ ਸਬੰਧੀ ਗਠਿਤ ਜਾਂਚ ਕਮੇਟੀ ਆਪਣੀ ਰਿਪੋਰਟ ਵੀ ਛੇਤੀ ਹੀ ਦੇਵੇਗੀ। ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਮਲੇ ਵਿਚ ਗਠਿਤ 5 ਮੈਂਬਰੀ ਕਮੇਟੀ ਬਾਰੇ ਪੁੱਛੇ ਜਾਣ 'ਤੇ ਕਿਹਾ ਗਿਆ ਕਿ ਉਨ੍ਹਾਂ ਦੀ ਰਿਪੋਰਟ 'ਤੇ ਹੀ ਉਹ ਫੈਸਲਾ ਲੈਣਗੇ। ਸ੍ਰ੍ਰੀ ਅਕਾਲ ਤਖ਼ਤ ਸਾਹਿਬ ਤੋਂ ਭੁੱਲਰ ਨੂੰ ਫ਼ਾਂਸੀ ਦੇਣ ਸਬੰਧੀ ਕੀਤੇ ਜਾ ਰਹੇ ਵਿਰੋਧ ਬਾਰੇ ਪੁੱਛਣ 'ਤੇ ਜਥੇਦਾਰ ਨੇ ਕਿਹਾ ਕਿ ਇਸ ਮਾਮਲੇ ਵਿਚ ਦਿੱਲੀ ਕਮੇਟੀ ਨੂੰ ਕਾਨੂੰਨੀ ਵਿਚਾਰ-ਵਟਾਂਦਰੇ ਲਈ ਕਿਹਾ ਗਿਆ ਹੈ, ਉਸ ਦੇ ਆਧਾਰ 'ਤੇ ਹੀ ਉਹ ਕੋਈ ਫੈਸਲਾ ਲੈਣਗੇ।


Baljeet Kaur

Content Editor

Related News