ਗੈਸਟ ਹਾਊਸ ''ਚ ਪੁਲਸ ਅਧਿਕਾਰੀ ਅਤੇ ਮਹਿਲਾ ਆਗੂ ਦੀ ਵਾਇਰਲ ਵੀਡੀਓ ''ਤੇ ਪੁਲਸ ਦੇ ਹੱਥ ਖੜ੍ਹੇ!
Friday, Oct 30, 2020 - 03:07 PM (IST)
ਅੰਮ੍ਰਿਤਸਰ (ਇੰਦਰਜੀਤ): ਪਿਛਲੇ ਦਿਨੀਂ ਇਕ ਪੁਲਸ ਅਧਿਕਾਰੀ ਦੇ ਨਾਲ ਇਕ ਮਹਿਲਾ ਕਾਂਗਰਸੀ ਆਗੂ ਦੀ ਗੈਸਟ ਹਾਊਸ 'ਚ ਵਾਇਰਲ ਹੋਈ ਵੀਡੀਓ ਤੋਂ ਬਾਅਦ ਪੈਦਾ ਹੋਏ ਹੰਗਾਮੇ 'ਚ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਇਸਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਸੀ ਅਤੇ ਨਾਲ ਹੀ ਦਿਹਾਤੀ ਪੁਲਸ ਦੀ ਐੱਸ. ਪੀ. ਅਮਨਦੀਪ ਕੌਰ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਸਨ। ਇਸ ਲਈ ਉੱਚਿਤ ਕਾਰਵਾਈ ਕਰਨ ਦੀ ਗੱਲ ਵੀ ਕਹੀ ਸੀ ਪਰ 1 ਹਫ਼ਤੇ ਤੋਂ ਵੱਧ ਸਮਾਂ ਲੰਘ ਜਾਣ ਤੋਂ ਬਾਅਦ ਵੀ ਇਸ ਮਾਮਲੇ 'ਚ ਨਾ ਤਾਂ ਕੋਈ ਆਵਾਜ਼ ਉੱਠੀ, ਨਾ ਹੀ ਕੋਈ ਕਾਰਵਾਈ ਦਾ ਹੁਕਮ ਮਿਲਿਆ। ਕੁਝ ਦੇਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦਾ ਮਾਮਲਾ ਹੁਣ ਠੰਡੇ ਬਸਤੇ 'ਚ ਜਾਂਦਾ ਵਿਖਾਈ ਦੇ ਰਿਹਾ ਹੈ। ਇਸ ਮਾਮਲੇ 'ਚ ਹਾਲਾਂਕਿ ਕਾਨੂੰਨੀ ਮਾਹਿਰਾਂ ਦਾ ਮੰਨਣਾ ਸੀ ਕਿ ਇਹ ਮਾਮਲਾ ਪੁਲਸ ਨਹੀਂ ਸੁਲਝਾ ਸਕੇਗੀ ਅਤੇ ਉਹੀ ਹੁੰਦਾ ਵਿਖਾਈ ਦੇ ਰਿਹਾ ਹੈ
ਇਹ ਸੀ ਮਾਮਲਾ
ਗੈਸਟ ਹਾਊਸ 'ਚ 2 ਲੋਕ ਸਨ, ਜਿਨ੍ਹਾਂ 'ਚ ਇਕ ਨੌਜਵਾਨ ਅਤੇ ਇਕ ਜਨਾਨੀ ਸੀ। ਨੌਜਵਾਨ ਵਿਅਕਤੀ ਅੱਧ ਨੰਗੀ ਹਾਲਤ 'ਚ ਗੈਸਟ ਹਾਊਸ ਦੀਆਂ ਪੌੜੀਆਂ ਉਤਰਦਾ ਵਿਖਾਈ ਦੇ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਇਕ ਜਨਾਨੀ, ਜੋ ਕਿ ਉੱਚ ਪੱਧਰ ਦੀ ਕਾਂਗਰਸੀ ਆਗੂ ਦੱਸੀ ਜਾਂਦੀ ਹੈ, ਵੀ ਅੱਧ ਨੰਗੀ ਹਾਲਤ 'ਚ ਚੱਲਦੀ ਵਿਖਾਈ ਦੇ ਰਹੀ ਸੀ ਅਤੇ ਗੈਸਟ ਹਾਊਸ ਦੇ ਕਮਰੇ ਦੇ ਬਾਹਰ ਨਿਕਲ ਕੇ ਕਾਰੀਡੋਰ 'ਚ ਫ਼ੋਨ ਕਰ ਰਹੀ ਸੀ। ਇਸ ਤੋਂ ਬਾਅਦ ਉਹ ਕੱਪੜੇ ਫੜ ਕੇ ਇਕਦਮ ਤੇਜ਼ੀ ਨਾਲ ਪੌੜੀਆਂ ਉੱਤਰ ਗਈ। ਮਾਮਲਾ ਬਿਲਕੁਲ ਸਾਫ਼ ਸੀ।
ਇਹ ਵੀ ਪੜ੍ਹੋ : ਮੁਫ਼ਤ 'ਚ ਬੁਲੇਟ ਮੋਟਰਸਾਈਕਲ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਸ ਨੌਜਵਾਨ ਦੀਆਂ ਸ਼ਰਤਾਂ ਕਰੋ ਪੂਰੀਆਂ
ਕਾਰਵਾਈ ਕਰਨ 'ਚ ਪੁਲਸ ਦੀ ਕਾਨੂੰਨੀ ਮਜਬੂਰੀ
ਹਾਲਾਂਕਿ ਇਹ ਮਾਮਲਾ ਸਿੱਧੇ ਤੌਰ 'ਤੇ ਅਸ਼ਲੀਲਤਾ ਨਾਲ ਸਬੰਧਤ ਸੀ ਪਰ ਪੁਲਸ ਕੋਲ ਇਸ ਲਈ ਕਾਰਵਾਈ ਸਬੰਧੀ ਕਾਫ਼ੀ ਕਮੀਆਂ ਹਨ, ਜਿਨ੍ਹਾਂ ਨੇ ਪੁਲਸ ਨੂੰ ਕਾਰਵਾਈ ਤੋਂ ਰੋਕਿਆ ਹੋਇਆ ਹੈ। ਇਹੀ ਕਾਰਣ ਹੈ ਕਿ ਪੁਲਸ ਚਾਹ ਕੇ ਵੀ ਕੁਝ ਨਹੀਂ ਕਰ ਪਾ ਰਹੀ। ਪੁਲਸ ਦੀ ਮੁੱਖ ਕਮਜ਼ੋਰੀ ਇਹ ਹੈ ਕਿ ਦੋਵੇਂ ਬਾਲਗ ਹਨ, ਇਸ ਲਈ ਇਸ 'ਤੇ ਕੋਈ ਘੱਟ ਉਮਰ ਹੋਣ ਦਾ ਵੀ ਕੋਈ ਇਲਜ਼ਾਮ ਨਹੀਂ ਲੱਗਦਾ ਅਤੇ ਨਾ ਹੀ ਅਜਿਹਾ ਹੈ ਕਿ ਇਸ 'ਚ ਕਿਸੇ ਨੂੰ ਡਰਾ-ਧਮਕਾ ਕੇ ਅਤੇ ਬਲੈਕਮੇਲ ਕਰ ਕੇ ਲਿਆਂਦਾ ਗਿਆ ਹੋਵੇ। ਇਸਦਾ ਤੀਜਾ ਪਹਿਲੂ ਇਹ ਹੈ ਕਿ ਇਸ ਵਿਚ ਕੋਈ ਕਿਸੇ ਤਰ੍ਹਾਂ ਦਾ ਦੇਹ ਵਪਾਰ ਸਬੰਧੀ ਇਲਜ਼ਾਮ ਵੀ ਸਾਬਤ ਨਹੀਂ ਹੁੰਦਾ। ਇਕ ਪੁਲਸ ਅਧਿਕਾਰੀ ਅਤੇ ਦੂਜੀ ਜਨਾਨੀ ਵੀ ਉੱਚ ਪੱਧਰ ਦੀ ਨੇਤਾ ਅਤੇ ਚੇਅਰਪਰਸਨ ਹੈ ਅਤੇ ਇਹ ਅਹੁਦਾ ਹੀ ਕੁਲੀਨ ਵਿਅਕਤੀ ਨੂੰ ਮਿਲਦਾ ਹੈ। ਪੁਲਸ ਅਧਿਕਾਰੀਆਂ ਦਾ ਵੀ ਅਨੁਮਾਨ ਇਹੀ ਹੈ ਕਿ ਦੋਵਾਂ ਵਿਚ ਦੋਸਤੀ ਹੋਣ ਕਾਰਣ ਉਨ੍ਹਾਂ ਨੇ ਇਸ ਇਕਾਂਤ ਥਾਂ ਨੂੰ ਚੁਣਿਆ ਸੀ, ਜਿੱਥੇ ਉਹ ਆਪਣਾ ਸਮਾਂ ਬਿਤਾ ਸਕਣ। ਇਸ ਲਈ ਇਸ 'ਤੇ ਕੋਈ ਕਾਰਵਾਈ ਇਸ ਲਈ ਵੀ ਨਹੀਂ ਬਣਦੀ। ਜੇਕਰ ਇਹ ਮੰਨ ਲਿਆ ਜਾਵੇ ਤਾਂ ਕਿ ਉਹ ਆਪਸ ਵਿਚ ਸਬੰਧਤ ਸਨ ਤਾਂ ਵੀ ਨਵੇਂ ਕਾਨੂੰਨਾਂ ਮੁਤਾਬਕ ਆਪਣੀ ਮਰਜ਼ੀ ਦੇ ਨਾਲ ਕਿਸੇ ਨਾਲ ਸਬੰਧ ਬਣਾਉਣ ਵਿਚ ਵੀ ਪੁਲਸ ਕੋਈ ਕਾਰਵਾਈ ਨਹੀਂ ਕਰ ਸਕਦੀ। ਇਸ ਸਬੰਧੀ ਧਾਰਾ 497-ਸੀ ਸੁਪਰੀਮ ਕੋਰਟ ਵੱਲੋਂ ਖ਼ਤਮ ਕਰ ਦਿੱਤੀ ਗਈ ਹੈ, ਇਸ ਲਈ ਪੁਲਸ ਦੇ ਹੱਥ ਖੜ੍ਹੇ ਵਿਖਾਈ ਦਿੰਦੇ ਹਨ।
ਇਹ ਵੀ ਪੜ੍ਹੋ : 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਬਿਮਾਰ ਪਿਤਾ ਨੂੰ ਮਿਲਣ ਹਸਪਤਾਲ ਜਾ ਰਹੇ ਇਕਲੌਤੇ ਪੁੱਤ ਨਾਲ ਵਾਪਰਿਆ ਭਾਣਾ
ਪਰਿਵਾਰ ਚਾਹੇ ਤਾਂ ਹੋ ਸਕਦੀ ਹੈ ਕਾਰਵਾਈ
ਇਸ ਸਬੰਧੀ ਪੰਜਾਬ ਪੁਲਸ ਦੇ ਕੁਝ ਆਈ. ਪੀ. ਐੱਸ. ਅਧਿਕਾਰੀਆਂ ਨਾਲ ਗੱਲਬਾਤ ਕਰਨ 'ਤੇ ਪਤਾ ਚੱਲਿਆ ਕਿ ਜੇਕਰ ਪੁਲਸ ਅਧਿਕਾਰੀ ਦਾ ਪਰਿਵਾਰ, ਖਾਸ ਤੌਰ 'ਤੇ ਉਸਦੀ ਪਤਨੀ ਪੁਲਸ ਨੂੰ ਸ਼ਿਕਾਇਤ ਕਰੇ ਕਿ ਉਸਦੇ ਪਤੀ ਨੇ ਉਸ ਨਾਲ ਧੋਖਾ ਕੀਤਾ ਹੈ ਤਾਂ ਪੁਲਸ ਐਕਸ਼ਨ ਲੈ ਸਕਦੀ ਹੈ । ਦੂਜੇ ਪਾਸੇ ਔਰਤ ਦਾ ਪਤੀ ਜੇਕਰ ਪੁਲਸ ਨੂੰ ਲਿਖਤੀ ਸ਼ਿਕਾਇਤ ਦੇਵੇ, ਤਾਂ ਵੀ ਪੁਲਸ ਕਾਰਵਾਈ ਕਰਨ ਲਈ ਜ਼ਿੰਮੇਵਾਰ ਹੋ ਜਾਂਦੀ ਹੈ ਪਰ ਮਾਮਲਾ ਹਾਈਪ੍ਰੋਫਾਈਲ ਹੈ ਅਤੇ ਅਜਿਹੇ ਲੱਛਣ ਵਿਖਾਈ ਨਹੀਂ ਦਿੰਦੇ।
ਇਹ ਵੀ ਪੜ੍ਹੋ : ਸਿਵਲ ਹਸਪਤਾਲ ਦਾ ਕਾਰਨਾਮਾ, ਡਿਲਿਵਰੀ ਕਰਵਾਉਣ ਆਈ ਜਨਾਨੀ ਦੀ ਬਿਨਾਂ ਦੱਸਿਆ ਕਰ ਦਿੱਤੀ ਨਸਬੰਦੀ
ਵੀਡੀਓ ਵਾਇਰਲ ਕਰਨ ਵਾਲੇ 'ਤੇ ਹੋਵੇ ਕਾਰਵਾਈ : ਸਰਸਵਤੀ
ਇਸ ਸਬੰਧੀ ਸੰਤ ਮਹੇਸ਼ਾਨੰਦ ਸਰਸਵਤੀ ਪ੍ਰਮੁੱਖ ਸੰਚਾਲਕ ਡਾਂਡੀ ਸਵਾਮੀ ਆਸ਼ਰਮ ਡੇਰਾ ਨੂਰਪੁਰ ਨੇ ਕਿਹਾ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਔਰਤ ਅਤੇ ਮਰਦ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਪਰ ਉਸ ਤੋਂ ਵੀ ਮਾੜਾ ਕੰਮ ਇਹ ਹੈ ਕਿ ਜਿਸ ਵਿਅਕਤੀ ਨੇ ਇਹ ਵੀਡੀਓ ਵਾਇਰਲ ਕੀਤੀ ਹੈ, ਉਸ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਵੀਡੀਓ ਵਾਇਰਲ ਹੋਣ ਕਾਰਣ ਦੋਵਾਂ ਬੇਕਸੂਰ ਪਰਿਵਾਰਾਂ ਨੂੰ ਨਾਮੋਸ਼ੀ ਹੋਈ, ਉੱਥੇ ਹੀ ਦੂਜੇ ਪਾਸੇ ਇਨ੍ਹਾਂ ਪਰਿਵਾਰਾਂ ਨਾਲ ਸਬੰਧਤ ਲੋਕ ਅਤੇ ਉਨ੍ਹਾਂ ਦੇ ਬੱਚੇ ਜਦੋਂ ਸਕੂਲ ਅਤੇ ਕਾਲਜ ਵਿਚ ਜਾਣਗੇ ਅਤੇ ਸਮਾਜਿਕ ਜੀਵਨ ਵਿਚ ਅੱਗੇ ਵਧਣਗੇ ਤਾਂ ਇਨ੍ਹਾਂ ਨੂੰ ਆਪਣੇ ਪਰਿਵਾਰ ਦੇ ਲੋਕਾਂ ਦੇ ਕਰਮ ਕਾਰਣ ਕਈ ਜਗ੍ਹਾ ਸ਼ਰਮਿੰਦਾ ਹੋਣਾ ਪਵੇਗਾ। ਇਸ ਸਬੰਧੀ ਮਾਮਲੇ ਦੀ ਜਾਂਚ ਅਧਿਕਾਰੀ ਅੰਮ੍ਰਿਤਸਰ ਦਿਹਾਤੀ ਦੀ ਐੱਸ. ਪੀ. ਅਮਨਦੀਪ ਕੌਰ ਨੇ ਦੱਸਿਆ ਕਿ ਇਹ ਵਿਭਾਗੀ ਜਾਂਚ ਹੈ। ਅਜੇ ਕੁਝ ਕਾਰਨਾਂ ਕਰ ਕੇ ਦੋਵਾਂ ਪੱਖਾਂ ਨੂੰ ਮਿਲਿਆ ਨਹੀਂ ਜਾ ਸਕਿਆ। ਮਾਮਲੇ ਦੀ ਜਾਂਚ ਉਪਰੰਤ ਪੂਰੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਜਾਵੇਗੀ। ਇਹ ਪੁੱਛੇ ਜਾਣ 'ਤੇ ਕਿ ਇਸ 'ਤੇ ਕੋਈ ਕਾਗਨਾਈਜੇਬਲ ਆਫੈਂਸ ਬਣਦੀ ਹੈ ਤਾਂ ਉਨ੍ਹਾਂ ਕਿਹਾ ਕਿ ਇਸਦੇ ਸਾਰੇ ਪਹਿਲੂਆਂ 'ਤੇ ਵਿਚਾਰ ਕਰਨ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਪੂਰੀ ਜਾਂਚ ਤੋਂ ਬਾਅਦ ਅਸਲੀਅਤ ਪਤਾ ਚੱਲੇਗੀ ਕਿ ਇਸ ਵਿਚ ਕੌਣ ਹੈ ਕੌਣ ਨਹੀਂ?